ਪੰਜਾਬ

ਵਿਜੀਲੈਂਸ ਬਿਊਰੋ ਵੱਲੋਂ ਪਰਲਜ਼ ਗਰੁੱਪ ਘੁਟਾਲੇ ਵਿੱਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਗ੍ਰਿਫਤਾਰ

ਚੰਡੀਗੜ੍ਹ, 14 ਸਤੰਬਰ : ਵਿਜੀਲੈਂਸ ਬਿਊਰੋ ਪੰਜਾਬ ਨੇ ਵੀਰਵਾਰ ਨੂੰ ਪਰਲਜ਼ ਗੋਲਡਨ ਫੋਰੈਸਟ (ਪੀ.ਜੀ.ਐਫ.) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜੋ ਕਿ ਤਫ਼ਤੀਸ਼ ਵਿੱਚ ਸ਼ਾਮਲ ਨਾ ਹੋ ਕੇ ਗ੍ਰਿਫ਼ਤਾਰੀ ਤੋਂ ਬਚਦੀ ਆ ਰਹੀ ਸੀ। ਉਸ ਨੂੰ ਪੀ.ਏ.ਸੀ.ਐਲ. ਲਿਮਟਿਡ ਨਾਲ ਸਬੰਧਤ ਜਾਇਦਾਦਾਂ ਨੂੰ ਹੜੱਪਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਨੇ ਪੰਜਾਬ ਵਿੱਚ ਪੀ.ਏ.ਸੀ.ਐਲ. ਤੇ ਪੀ.ਜੀ.ਐਫ ਦੀਆਂ ਸਹਾਇਕ/ਸਮੂਹ ਕੰਪਨੀਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਨਜ਼ਦੀਕੀਆਂ ਨੂੰ ਅਧਿਕਾਰਤ ਕੀਤਾ ਹੋਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਮੁਲਜ਼ਮ ਪ੍ਰੇਮ ਕੌਰ ਵਾਸੀ ਐਚ. 2138, ਫੇਜ਼-VII, ਐਸ.ਏ.ਐਸ ਨਗਰ ਨੂੰ ਪੁਲਿਸ ਥਾਣਾ (ਸਿਟੀ) ਜ਼ੀਰਾ, ਫਿਰੋਜ਼ਪੁਰ ਵਿਖੇ ਆਈ.ਪੀ.ਸੀ. ਦੀ ਧਾਰਾ 406, 420, 467, 468, 471, 120-ਬੀ ਤਹਿਤ ਦਰਜ ਮੁਕੱਦਮਾ ਨੰਬਰ 79, ਮਿਤੀ 16-07-2020 ਵਿੱਚ ਗ੍ਰਿਫਤਾਰ ਕੀਤਾ ਹੈ। ਉਹ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਨਹੀਂ ਹੋਈ ਅਤੇ ਫਰਾਰ ਸੀ।
ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰੇਮ ਕੌਰ ਪੀ.ਏ.ਸੀ.ਐਲ ਦੀਆਂ ਕਈ ਸਮੂਹ/ਸਬਸਿਡਰੀ ਕੰਪਨੀਆਂ ਵਿੱਚ ਡਾਇਰੈਕਟਰ ਵੀ ਰਹਿ ਚੁੱਕੀ ਹੈ, ਜਿਨ੍ਹਾਂ ਵਿੱਚ ਗਿਆਨ ਸਾਗਰ ਹੈਲਥਕੇਅਰ ਲਿਮਟਿਡ, ਅੱਪਹਿਲ ਟਾਵਰਜ਼ ਪ੍ਰਾਈਵੇਟ ਲਿਮਟਿਡ, ਮਕਤੂਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਹਾਸਪਿਟੈਲਿਟੀ ਹੋਟਲਜ਼ ਐਂਡ ਰਿਜ਼ੋਰਟਜ਼ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜ਼ੂਮਦਾਰ ਰਿਅਲੇਟਰਜ਼ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜ਼ੂਮਦਾਰ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਹਰਵਿੰਦਰਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਸਪੋਰਟਸ ਵੈਂਚਰਜ਼ ਇੰਡੀਆ ਲਿਮਟਿਡ ਅਤੇ ਪਰਲਜ਼ ਬ੍ਰਾਂਡਜ਼ ਲਿਮਟਿਡ ਸ਼ਾਮਲ ਹਨ।
ਉਸਦੇ ਪਤੀ ਨਿਰਮਲ ਸਿੰਘ ਭੰਗੂ, ਮੈਨੇਜਿੰਗ ਡਾਇਰੈਕਟਰ, ਪੀਜੀਐਫ ਲਿਮਟਿਡ ਨੂੰ ਪਹਿਲਾਂ ਹੀ ਸੀਬੀਆਈ ਦੁਆਰਾ ਪੀਜੀਐਫ/ਪੀਏਸੀਐਲ ਲਿਮਟਿਡ ਵੱਲੋਂ ਚਲਾਏ ਚਿੱਟ ਫੰਡ (ਪੋਂਜ਼ੀ) ਘੁਟਾਲੇ ਵਿੱਚ ਗ੍ਰਿਫਤਾਰ ਕਰਕੇ ਚਾਰਜਸ਼ੀਟ ਕੀਤਾ ਹੋਇਆ ਹੈ। ਇਸ ਸਕੀਮ ਵਿੱਚ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ ਲਗਭਗ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਵੱਲੋਂ 50,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਕੀਤਾ ਗਿਆ ਸੀ ਤਾਂ ਜੋ ਪੀਏਸੀਐਲ ਲਿਮਟਿਡ ਦੀਆਂ ਜਾਇਦਾਦਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੀ ਵਿੱਕਰੀ ਤੋਂ ਇਕੱਠੀ ਹੋਣ ਵਾਲੀ ਰਕਮ ਇਸ ਚਿੱਟ ਫੰਡ ਕੰਪਨੀ ਵਿੱਚ ਆਪਣੀ ਮਿਹਨਤ ਦੀ ਕਮਾਈ ਦਾ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕੀਤੀ ਜਾ ਸਕੇ।
ਉਸਨੇ ਅੱਗੇ ਕਿਹਾ ਕਿ ਪ੍ਰੇਮ ਕੌਰ ਨੇ ਪੰਜਾਬ ਵਿੱਚ ਪੀਏਸੀਐਲ ਲਿਮਟਿਡ ਅਤੇ ਇਸ ਦੀਆਂ ਸਹਾਇਕ ਕੰਪਨੀਆਂ/ਸਮੂਹ ਕੰਪਨੀਆਂ ਨਾਲ ਸਬੰਧਤ ਜਾਇਦਾਦਾਂ ਨੂੰ ਅੱਗੇ ਵੇਚਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ 25 ਜੁਲਾਈ 2016 ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕਰਕੇ ਪੀਏਸੀਐਲ ਲਿਮਟਿਡ ਨਾਲ ਸਬੰਧਤ ਜਾਇਦਾਦਾਂ ਨੂੰ ਵੇਚਣ ਲਈ ਆਪਣੇ ਇੱਕ ਨਜ਼ਦੀਕੀ ਨੂੰ ਅਧਿਕਾਰਤ ਕੀਤਾ ਸੀ ਜਦਕਿ ਸਰਵ ਉੱਚ ਅਦਾਲਤ ਵੱਲੋਂ ਇਸ ਕੰਪਨੀ ਦੀ ਭਾਰਤ ਦੇ ਅੰਦਰ ਜਾਂ ਬਾਹਰ ਸਥਿਤ ਕਿਸੇ ਵੀ ਸੰਪਤੀ ਦੀ ਕਿਸੇ ਵੀ ਤਰੀਕੇ ਨਾਲ ਵਿੱਕਰੀ/ਤਬਾਦਲਾ ਆਦਿ ਕਰਨ ‘ਤੇ ਰੋਕ ਲਗਾਈ ਹੋਈ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!