ਪੰਜਾਬ
*21 ਅਕਤੂਬਰ ਦੀ ਕੈਬਨਿਟ ਮੀਟਿੰਗ ਵਿੱਚ ਮੁਲਾਜ਼ਮਾਂ ਲਈ ਵੱਡੇ ਐਲਾਨ ਹੋਣ ਦੀ ਸੰਭਾਵਨਾ*
*ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਵਿੱਤ ਮੰਤਰੀ ਨਾਲ ਮੀਟਿੰਗ*
ਚੰਡੀਗਡ਼੍ਹ, 20 ਅਕਤੂਬਰ
ਪੰਜਾਬ ਸਰਕਾਰ ਦੀਵਾਲੀ ਦੇ ਇਸ ਤਿਉਹਾਰ ਮੌਕੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਸਮੇਤ ਹੋਰ ਕਈ ਤੋਹਫ਼ੇ ਦੇਣ ਦੀ ਤਿਆਰੀ ਵਿੱਚ ਹੈ ਜਿਨ੍ਹਾਂ ਦਾ ਐਲਾਨ 21 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੀਤਾ ਜਾ ਸਕਦਾ ਹੈ। ਇਹ ਸੰਕੇਤ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵੱਲੋਂ ਵਿੱਤ ਤੇ ਯੋਜਨਾ ਭਵਨ ਚੰਡੀਗਡ਼੍ਹ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਵਫ਼ਦ ਨਾਲ ਕੀਤੀ ਗਈ ਮੀਟਿੰਗ ਵਿੱਚ ਦਿੱਤਾ ਗਿਆ।
ਫਰੰਟ ਦੇ ਕੋਆਰਡੀਨੇਟਰ ਕਰਮ ਸਿੰਘ ਧਨੋਆ, ਐਨ.ਕੇ. ਕਲਸੀ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਗੁਣਾਂਕ ਘੱਟ ਦੇ ਕੇ ਵੱਡਾ ਵਿਤਕਰਾ ਕੀਤਾ। ਮੁਲਾਜ਼ਮਾਂ ਨੂੰ 2.59 ਗੁਣਾਂਕ ਦਿੱਤਾ ਗਿਆ ਜਦੋਂ ਕਿ ਪੈਨਸ਼ਨਰਾਂ ਨੂੰ ਦਿੱਤੇ ਗਏ 15 ਪ੍ਰਤੀਸ਼ਤ ਵਾਧੇ ਨਾਲ ਪੈਨਸ਼ਨਰਾਂ ਵਾਸਤੇ ਇਹ ਗੁਣਾਂਕ 2.44 ’ਤੇ ਹੀ ਅਟਕ ਗਿਆ। ਇਸ ਤੋਂ ਪਹਿਲਾਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉਤੇ ਇੱਕ ਬਰਾਬਰ ਲਾਗੂ ਹੋਇਆ ਕਰਦੀਆਂ ਸਨ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਦੀ ਤਰਜ਼ ਉਤੇ 2.59 ਗੁਣਾਂਕ ਦਿੱਤਾ ਜਾਵੇ। ਕੇਂਦਰ ਸਰਕਾਰ ਦੀ ਤਰਜ਼ ਉਤੇ ਡੀ.ਏ. 38 ਪ੍ਰਤੀਸ਼ਤ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਪੈਨਸ਼ਨਰਾਂ ਲਈ 2.59 ਦੇ ਗੁਣਾਂਕ ਨੂੰ ਪੰਜਾਬ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।
ਇਸ ਮੌਕੇ ਹਾਜ਼ਰ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਅਤੇ ਮੁਲਾਜ਼ਮ ਆਗੂ ਦਰਸ਼ਨ ਸਿੰਘ ਪਤਲੀ ਨੇ ਵਿੱਤ ਮੰਤਰੀ ਕੋਲ 6 ਪ੍ਰਤੀਸ਼ਤ ਡੀ.ਏ. ਦੀ ਕਿਸ਼ਤ ਅਤੇ ਬਕਾਏ ਦਿੱਤੇ ਜਾਣ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਏ ਖੁਰਦ ਬੁਰਦ ਨਾ ਕੀਤੇ ਜਾਣ।