ਪੰਜਾਬ
ਤਰਨ ਤਾਰਨ ਦੀ ਚਰਚ ਵਿਖੇ ਬੇਅਦਬੀ ਅਤੇ ਅੱਗ ਲੱਗਣ ਦੀ ਘਟਨਾ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
ਆਈ.ਜੀ.ਪੀ. ਫਿਰੋਜ਼ਪੁਰ ਰੇਂਜ ਦੀ ਅਗਵਾਈ ਵਿੱਚ ਬਣਾਈ ਗਈ ਹੈ ਐਸ.ਆਈ.ਟੀ.; ਐਸ.ਐਸ.ਪੀ ਤਰਨ ਤਾਰਨ ਅਤੇ ਐਸ.ਪੀ. ਤਰਨਤਾਰਨ (ਇਨਵੈਸਟੀਗੇਸ਼ਨ) ਹਨ ਐਸ.ਆਈ.ਟੀ.ਦੇ ਮੈਂਬਰ
ਪੰਜਾਬ ਪੁਲਿਸ ਸੂਬੇ ਵਿੱਚ ਸ਼ਾਂਤਮਈ ਮਾਹੌਲ ਅਤੇ ਸਦਭਾਵਨਾ ਦਾ ਮਾਹੌਲ ਬਰਕਰਾਰ ਰੱਖਣ ਲਈ ਪੂਰੀ ਤਰਾਂ ਵਚਨਬੱਧ: ਡੀਜੀਪੀ ਪੰਜਾਬ ਗੌਰਵ ਯਾਦਵ
ਚੰਡੀਗੜ, 2 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਜਾਂਚ ਬਿਊਰੋ ਦੇ ਡਾਇਰੈਕਟਰ (ਬੀ.ਓ.ਆਈ.) ਬੀ. ਚੰਦਰ ਸ਼ੇਖਰ ਨੇ ਤਰਨਤਾਰਨ ਜ਼ਿਲੇ ਦੇ ਪਿੰਡ ਠੱਕਰਪੁਰਾ ਵਿਖੇ ਇੱਕ ਗਿਰਜਾਘਰ (ਚਰਚ) ਵਿੱਚ ਬੇਅਦਬੀ ਅਤੇ ਅੱਗ ਲੱਗਣ ਦੀ ਘਟਨਾ ਦੀ ਪ੍ਰਭਾਵੀ ਅਤੇ ਤੇਜੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ।
ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਫਿਰੋਜਪੁਰ ਰੇਂਜ ਦੀ ਅਗਵਾਈ ਵਾਲੀ ਐਸ.ਆਈ.ਟੀ. ਵਿੱਚ ਐਸ.ਐਸ.ਪੀ. ਤਰਨਤਾਰਨ ਅਤੇ ਐਸ.ਪੀ ਇਨਵੈਸਟੀਗੇਸ਼ਨ ਤਰਨਤਾਰਨ ਵੀ ਦੋ ਮੈਂਬਰਾਂ ਵਜੋਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਸੂਬੇ ਦੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਵਿਰੋਧੀ ਤਾਕਤਾਂ ਵੱਲੋਂ ਅੰਜਾਮ ਦਿੱਤੀ ਇਸ ਘਟਨਾ ਦੀ ਬਾਰੀਕਬੀਨੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਐਸਆਈਟੀ ਇਸ ਮਾਮਲੇ ਦੀ ਰੋਜਾਨਾ ਅਧਾਰ ’ਤੇ ਜਾਂਚ ਕਰੇਗੀ ਅਤੇ ਜਲਦ ਤੋਂ ਜਲਦ ਮਾਣਯੋਗ ਅਦਾਲਤ ਵਿੱਚ ਅੰਤਿਮ ਰਿਪੋਰਟ ਪੇਸ਼ ਕਰਨ ਨੂੰ ਯਕੀਨੀ ਬਣਾਏਗੀ। ਉਨਾਂ ਕਿਹਾ ਕਿ ਐਸਆਈਟੀ ਕੇਸ ਦੀ ਜਾਂਚ ਵਿੱਚ ਸਹਾਇਤਾ ਲੈਣ ਲਈ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦਾ ਸਹਿਯੋਗ ਵੀ ਲੈ ਸਕਦੀ ਹੈ।
ਡੀਜੀਪੀ ਨੇ ਦੁਹਰਾਇਆ ਕਿ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੇ ਨਾਲ-ਨਾਲ ਪੰਜਾਬ ਪੁਲਿਸ ਪੰਜਾਬ ਵਿੱਚ ਸਾਂਤਮਈ ਮਾਹੌਲ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੁਲਿਸ ਟੀਮਾਂ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਜਲਦ ਹੀ ਸਾਰੇ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ ਅਤੇ ਉਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ ।
ਇਸ ਮਾਮਲੇ ਵਿੱਚ ਆਈ.ਪੀ.ਸੀ. ਦੀ ਧਾਰਾ 295-ਏ, 452, 427, ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ ਨੰ. 148 ਮਿਤੀ 31-8-2022 ਨੂੰ ਤਰਨਤਾਰਨ ਦੇ ਥਾਣਾ ਸਦਰ ਪੱਟੀ ਵਿਖੇ ਦਰਜ ਕੀਤੀ ਗਈ ਹੈ।