ਪੰਜਾਬ ਵਿੱਚ 72 .92 ਲੱਖ ਘਰੇਲੂ ਕੁਨੈਕਸ਼ਨ , 1 ਕਿਲੋਵਾਟ ਦੇ 40 .63 ਲੱਖ ਕੁਨੈਕਸ਼ਨ : ਬਿਜਲੀ ਮੰਤਰੀ
200 ਯੂਨਿਟ ਮੁਫ਼ਤ ਬਿਜਲੀ ਸਹੂਲਤ ਲੈਣ ਲਈ ਸਵੈ ਘੋਸ਼ਣਾ ਪੱਤਰ ਲਿਆ ਜਾਂਦਾ ਕਿ ਇਕ ਸਾਲ ਤੋਂ ਆਮਦਨ ਕਰ ਨਹੀਂ ਭਰਿਆ
ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤਾ ਇਕ ਹੋਰ ਚੋਣ ਵਾਅਦਾ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਜ ਦੇ ਬਿਜਲੀ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਮੁਹੱਈਆ ਕਰਨ ਦਾ ਐਲਾਨ ਕੀਤਾ। ਇੱਥੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 300 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਨ ਦੀ ਗਰੰਟੀ ਦੀ ਸ਼ੁਰੂਆਤ ਅੱਜ 1 ਜੁਲਾਈ 2022 ਤੋਂ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਦਾ ਮਤਲਬ ਲੋਕਾਂ ਨੂੰ ਹੁਣ ਤੋਂ ਬਿਜਲੀ ਮੁਫ਼ਤ ਮਿਲੇਗੀ ਕਿਉਕਿ ਉਨਾਂ ਦੇ ਬਿਜਲੀ ਦੇ ਬਿੱਲ ਹੁਣ ਜ਼ੀਰੋ ਆਉਣਗੇ । ਦੂਜੇ ਪਾਸੇ ਸਰਕਾਰ ਵਲੋਂ ਸਪਸ਼ਟ ਨਹੀਂ ਕੀਤਾ ਗਿਆ ਹੈ ਕਿ ਮੁਫ਼ਤ ਬਿਜਲੀ ਦੀ ਸਹੂਲਤ ਲਈ ਕੀ ਸ਼ਰਤਾਂ ਹੋਣਗੀਆਂ ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਸਵਾਲ ਵਿੱਚ ਦੱਸਿਆ ਗਿਆ ਕਿ ਰਾਜ ਅੰਦਰ ਘਰੇਲੂ ਬਿਜਲੀ ਦੇ ਕੁਨੈਕਸ਼ਨਾਂ ਦੀ ਕੁਲ ਗਿਣਤੀ 72 ,94 ,245 ਹੈ ਅਤੇ ਇਹਨਾਂ ਵਿੱਚ ਇਕ ਕਿਲੋਵਾਟ ਦੀ ਸ੍ਰੇਣੀ ਵਿੱਚ ਆਉਂਦੇ ਘੇਰਲੂ ਖਪਤਕਾਰਾਂ ਦੀ ਗਿਣਤੀ ਜਿਨ੍ਹਾਂ ਦਾ ਲੋਡ 1 ਕਿਲੋਵਾਟ ਤੱਕ ਹੈ ਦੀ ਗਿਣਤੀ 40,63,500 ਹੈ ।
ਮੰਤਰੀ ਨੇ ਸਵਾਲ ਦੇ ਜਵਾਬ ਵਿੱਚ ਦੱਸਿਆ ਹੈ ਕਿ ਪੀ ਐਸ ਪੀ ਸੀ ਐਲ ਦੇ ਰਿਕਾਰਡ ਅਨੁਸਾਰ ਵਰਣਿਤ 1 ਕਿਲੋਵਾਟ ਬਿਜਲੀ ਜੋ ਕਿ ਅਨੁਸੂਚਿਤ ਜਾਤੀਆਂ , ਪੱਛੜੀਆਂ ਸ੍ਰੇਣੀਆਂ , ਸੁਤੰਤਰਤਾ ਸੈਨਾਨੀ ਅਤੇ ਬੀ ਪੀ ਐਲ ਸ੍ਰੇਣੀ ਦੇ ਖਪਤਕਾਰਾਂ ਨਾਲ ਸਬੰਧਿਤ ਹਨ ਦੀ ਗਿਣਤੀ ਇਸ ਤਰ੍ਹਾਂ ਹੈ ।
ਮੰਤਰੀ ਵਲੋਂ ਦੱਸਿਆ ਗਿਆ ਹੈ ਕਿ ਪੀ ਐਸ ਪੀ ਸੀ ਐਲ ਵਲੋਂ ਅਨੁਸੂਚਿਤ ਜਾਤੀਆਂ ,, ਪੱਛੜੀਆਂ ਸ੍ਰੇਣੀਆਂ , ਸੁਤੰਤਰਤਾ ਸੈਨਾਨੀ ਅਤੇ ਬੀ ਪੀ ਐਲ ਸ੍ਰੇਣੀ ਨਾਲ ਸਬੰਧਿਤ ਇਕ ਕਿਲੋਵਾਟ ਲੋਡ ਤੱਕ ਦੇ ਬਿਜਲੀ ਕੁਨੈਕਸ਼ਨ ਵਾਲੇ ਬਿਨੈਕਾਰਾਂ , ਜੋ ਕਿ 200 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸਹੂਲਤ ਲੈਣਾ ਚਾਹੁੰਦੇ ਹਨ , ਤੋਂ ਇਕ ਸਵੈ ਘੋਸ਼ਣਾ ਪੱਤਰ ਲਿਆ ਜਾਂਦਾ ਹੈ । ਇਸ ਬਾਰੇ ਪੀ ਐਸ ਪੀ ਸੀ ਐਲ ਵਲੋਂ ਵਣਜ ਸਰਕੂਲਰ ਨੰਬਰ 07 /2020 ਮਿਤੀ 20 .02 .2020 ਰਾਹੀ ਹਦਾਇਤਾਂ ਜਾਰੀ ਕੀਤੀਆਂ ਸਨ ।
ਇਸ ਸਵੈ ਘੋਸ਼ਣਾ ਪੱਤਰ ਵਿੱਚ ਬਿਨੈਕਾਰ ਪਾਸੋ ਪਿਛਲੇ ਇਕ ਸਾਲ ਦੌਰਾਨ ਇਨਕਮ ਟੈਕਸ ਅਦਾ ਨਾ ਕਰਨ, ਕੇਂਦਰ ਜਾਂ ਰਾਜ ਸਰਕਾਰ ਜਾਂ ਉਸਦੇ ਕਿਸੇ ਅਦਾਰੇ ਵਿੱਚ ਰੈਗੂਲਰ ਮੁਲਾਜਮ ਨਾ ਹੋਣ ( ਜਿਸ ਵਿੱਚ ਦਰਜ਼ਾ 4 / ਦਰਜ਼ਾ ਡੀ ਅਤੇ Multi Tasking ਸਟਾਫ ਸ਼ਾਮਿਲ ਨਹੀਂ ਹਨ ) , ਅਤੇ ਉਸਦੀ ਮਹੀਨਾਵਾਰ ਪੈਨਸ਼ਨ 10,000 ਰੁਪਏ ਜਾਂ ਉਸ ਤੋਂ ਵੱਧ ਨਾ ਹੋਣ ( ਜਿਸ ਵਿੱਚ ਦਰਜ਼ਾ 4 / ਦਰਜ਼ਾ ਡੀ ਅਤੇ Multi Tasking ਸਟਾਫ ਸ਼ਾਮਿਲ ਨਹੀਂ ਹਨ ) , ਬਾਰੇ ਘੋਸ਼ਣਾ ਪ੍ਰਾਪਤ ਕੀਤੀ ਜਾਂਦੀ ਹੈ ।
ਮੰਤਰੀ ਹਰਭਜਨ ਸਿੰਘ ਵਲੋਂ ਦੱਸਿਆ ਗਿਆ ਹੈ ਉਪਰੋਕਤ ਸ੍ਰੇਣੀਆਂ ਦੇ ਖਪਤਕਾਰ ਵਿੱਚ ਕਿੰਨੇ ਸਰਕਾਰੀ ਕਰਮਚਾਰੀ ਹਨ ਜਾਂ 10, 000 ਰੁਪਏ ਜਾਂ ਵੱਧ ਪੈਨਸ਼ਨ ਲੈ ਰਹੇ ਹਨ ਜਾਂ ਜਿਨ੍ਹਾਂ ਡੀ ਪਰਿਵਾਰਕ ਆਮਦਨ 10000 ਰੁਪਏ ਤੋਂ ਵੱਧ ਹੈ , ਸਬੰਧੀ ਪੀ ਐਸ ਪੀ ਸੀ ਐਲ ਕੋਲ ਮੰਗੇ ਗਏ ਅੰਕੜੇ ਉਪਲਭਧ ਨਹੀਂ ਹੈ ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨ ਮੁਫ਼ਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਪੀ ਐਸ ਪੀ ਸੀ ਐਲ ਵਲੋਂ ਅਜੇ ਤੱਕ ਇਹ ਸਾਫ ਨਹੀਂ ਕੀਤਾ ਗਿਆ ਹੈ ਕਿ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਕੀ ਸ਼ਰਤਾਂ ਹੋਣਗੀਆਂ ਅਤੇ ਪੀ ਐਸ ਪੀ ਸੀ ਐਲ ਵਲੋਂ ਵਣਜ ਸਰਕੂਲਰ ਨੰਬਰ 07 /20 .02 .2020 ਰਾਹੀ ਹਦਾਇਤਾਂ ਜਾਰੀ ਕੀਤੀਆਂ ਸਨ । ਉਹ ਵਾਪਸ ਲਈਆਂ ਗਈਆਂ ਹਨ ਜਾਂ ਨਹੀਂ ਅਜੇ ਤੱਕ ਕੁਝ ਸਾਫ ਨਹੀਂ ਹੈ ਅਤੇ ਸਾਰੇ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਸਬੰਧੀ ਨਵੇਂ ਨੋਟੀਫਿਕੇਸ਼ਨ ਦਾ ਇੰਤਜਾਰ ਹੈ ।