ਪੰਜਾਬ

ਸਰਨਾ ਤੇ ਬਾਦਲ ਦੋ ਪਰਿਵਾਰਾਂ ਦਾ ਆਪਸ ਵਿਚ ਮੇਲ ਹੋਇਆ, ਪੰਥਕ ਮੇਲ ਨਹੀਂ : ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

 

 

ਸਰਨਾ ਭਰਾਵਾਂ ਨੇ ਜਥੇਦਾਰ ਟੌਹੜਾ ਵੱਲੋਂ ਬਣਾਈ ਪਾਰਟੀ ਖਤਮ ਕਰ ਕੇ ਪੰਥ ਨਾਲ ਧਰੋਹ ਕਮਾਇਆ

 

ਜਿਹੜੇ ਵਿਅਕਤੀ ਨੇ ਆਪ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਚੋਣਾਂ ਲੜੀਆਂ, ਉਹ ਪਾਰਟੀ ਦਾ ਪ੍ਰਧਾਨ ਕਿਵੇਂ ਹੋ ਸਕਦੈ : ਕਾਲਕਾ, ਕਾਹਲੋਂ

 

ਚੰਡੀਗੜ੍ਹ , 10 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਕਿਹਾ ਕਿ ਲੰਘੇ ਕੱਲ੍ਹ ਸਰਨਾ ਅਤੇ ਬਾਦਲ ਦੋ ਪਰਿਵਾਰਾਂ ਦਾ ਮੇਲ ਹੋਇਆ ਹੈ ਜੋ ਕਿਸੇ ਵੀ ਤਰੀਕੇ ਪੰਥਕ ਮੇਲ ਨਹੀਂ ਹੋ ਸਕਦਾ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦੇ ਪੰਥਕ ਮੇਲੇ ਇਤਿਹਾਸਕ ਥਾਵਾਂ ’ਤੇ ਲੱਗਦੇ ਸਨ ਜਦੋਂ ਕਿ ਅੱਜ ਇਕ ਪ੍ਰਾਈਵੇਟ ਕੋਠੀ ਵਿਚ ਇਕੱਠ ਕਰ ਕੇ ਉਸਨੂੰ ਪੰਥਕ ਮੇਲ ਦਾ ਨਾਂ ਦੱਸਿਆ ਗਿਆ। ਉਹਨਾਂ ਕਿਹਾ ਕਿਜਿਹੜੇ ਪਰਿਵਾਰ ਇਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਕਰਦੇ ਸਨ, ਉਹ ਪਰਿਵਾਰ ਅੱਜ ਇਕੱਠੇ ਹੋ ਗਏ ਹਨ ਤਾਂ ਜੋ ਆਪਸ ਵਿਚ ਇਕ ਦੂਜੇ ਦੇ ਪਰਦੇ ਢੱਕੇ ਜਾ ਸਕਣ। ਉਹਨਾਂ ਕਿਹਾ ਇਹ ਸਮਝੌਤਾ ਹੋਇਆ ਹੈ ਕਿ ਨਾ ਤੁਸੀਂ ਸਾਡੇ ਬਾਰੇ ਗੱਲ ਕਰਨਾ ਤੇ ਨਾ ਅਸੀਂ ਸਾਡੇ ਬਾਰੇ ਗੱਲ ਕਰਾਂਗੇ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜੋ ਪਾਰਟੀ 24 ਸਾਲ ਪਹਿਲਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸ਼ੁਰੂ ਕੀਤੀ, ਉਹ ਖਤਮ ਕਰ ਕੇ ਸਰਨਾ ਭਰਾਵਾਂ ਨੇ ਵੱਡਾ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਉਹਨਾਂ ਬਾਦਲਾਂ ਵਾਸਤੇ ਪਾਰਟੀ ਖਤਮ ਕੀਤੀ ਹੈ ਜਿਹਨਾਂ ਨੂੰ ਹਮੇਸ਼ਾ ਉਹ ਪਾਰਟੀ, ਪੰਥ ਤੇ ਲੋਕਾਂ ਨੂੰ ਲੁੱਟਣ ਦੇ ਦੋਸ਼ੀ ਠਹਿਰਾਉਂਦੇ ਰਹੇਹਨ। ਉਹਨਾਂ ਕਿਹਾ ਕਿ ਭਾਵੇਂ ਦੋਵਾਂ ਪਰਿਵਾਰਾਂ ਦਾ ਕੱਲ੍ਹ ਰਲੇਵਾਂ ਹੋ ਰਿਹਾਸੀ ਪਰ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਇਹ ਜਨਤਕ ਤੌਰ ’ਤੇ ਮੰਨਿਆ ਕਿ ਸਰਨਾ ਭਰਾਵਾਂ ਨੇ ਸਾਡੇ ਖਿਲਾਫ ਸ਼੍ਰੋਮਣੀ ਕਮੇਟੀ ਚੋਣਾਂ ਲੜੀਆਂ ਤੇ ਹਾਰੀਆਂ ਤੇ ਆਪ ਸਰਨਾ ਭਰਾਵਾਂ ਨੇ ਵੀ ਬਾਦਲ ਪਰਿਵਾਰ ਵੱਲੋਂ ਕੀਤੀ ਲੁੱਟ ਦਾ ਵੀ ਜ਼ਿਕਰ ਕੀਤਾ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਖਿਲਾਫ ਸਰਨਾ ਭਰਾਵਾਂ ਨੇ ਦੋ ਦੋ ਸੰਗਰਾਦਾਂ ਤੇ ਗੁਰਪੁਰਬ ਮਨਾਏ। ਹੁਣ ਉਹ ਦੱਸਣ ਕਿ ਉਹ ਪਾਲ ਸਿੰਘ ਪੁਰੇਵਾਲ ਦੇ ਕੈਲੰਡਰ ਮੁਤਾਬਕ ਗੁਰਪੁਰਬ ਮਨਾਉਣਗੇ ਜਾਂ ਫਿਰ ਬਾਦਲਾਂ ਦੇ ਹੁਕਮ ਮੁਤਾਬਕ ਮਨਾਉਣਗੇ।

ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੱਸਣ ਕਿ ਜਿਹੜੇ ਸਰਨਾ ਭਰਾਵਾਂ ਨੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਉਣ ਵਾਸਤੇ ਕੰਮ ਕੀਤਾ, ਉਸ ਬਾਰੇ ਉਹਨਾਂ ਦਾ ਅੱਜ ਕੀ ਸਟੈਂਡ ਹੈ। ਇਕ ਦੂਜੇ ਨੂੰ ਪੰਥ ਦਾ ਦੋਖੀ ਕਹਿਣ ਵਾਲੇ ਅੱਜ ਇਕ ਦੂਜੇ ਨੂੰ ਨਿਰਦੋਸ਼ ਕਰਾਰ ਦੇ ਰਹੇ ਹਨ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਣ ਬਾਰੇ ਸਰਨਾ ਭਰਾਵਾਂ ਨੇ ਕਿਵੇਂ ਸਪਸ਼ਟੀਕਰਨ ਦਿੱਤਾ ਕਿ ਇਹ ਕਲੈਰਿਕਲ ਗਲਤੀ ਹੋਈ ਹੈ ਜਦੋਂ ਕਿ ਉਹਨਾਂ ਪਹਿਲਾਂ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਉਹਨਾਂ ਇਹ ਮਾਮਲਾ ਮੁੱਦੇ ਵਜੋਂ ਉਭਾਰਿਆ ਸੀ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਸੀ ਕਿ ਇਹ ਕਲੈਰੀਕਲ ਗਲਤੀ ਹੈ ਤਾਂ ਉਸ ਵੇਲੇ ਸਰਨਾ ਭਰਾ ਕਿਉਂ ਨਾ ਮੰਨੇ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੂੰ ਇਸ ਗੱਲ ਦੀ ਸੰਗਤ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਹਮੇਸ਼ਾ ਪੰਥ ਨੂੰ ਗੁੰਮਰਾਹ ਕੀਤਾ।

ਉਹਨਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਕੀਤੇ ਰਲੇਵੇਂ ਦੇ ਕਾਰਨ ਪਾਰਟੀ ਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰਾਂ ਵਿਚ ਬਹੁਤ ਰੋਸ ਹੈ ।

ਇਸ ਮੌਕੇ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਰਨਾ ਭਰਾਵਾਂ ਵੱਲੋਂ ਕੋਈ ਵੀ ਲਾਭ ਨਾ ਲੈਣ ਦੇ ਦਾਅਵੇ ਨੂੰ ਰੱਦ ਕਰਦਿਆਂ ਦੱਸਿਆ ਕਿ ਕਿਵੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮੇਂ ਤੋਂ ਲੈ ਕੇ ਬਾਦਲ ਸਰਕਾਰ ਤੱਕ ਤੇ ਫਿਰ ਕਾਂਗਰਸ ਸਰਕਾਰਾਂ ਵੇਲੇ ਸਰਨਾ ਭਰਾਵਾਂ ਨੇ ਨਿੱਜੀ ਠੇਕੇ ਤੇ ਲਾਭ ਲਏ ਜਿਸ ਬਦਲੇ ਕਾਂਗਰਸ ਦੇ 1984 ਦੇ ਕਾਤਲਾਂ ਨੂੰ ਨਿਰਦੋਸ਼ ਕਰਾਰ ਦਿੰਦੇ ਰਹੇ ਤੇ ਸਟੇਜਾਂ ਤੋਂ ਸਨਮਾਨਤ ਕਰਦੇ ਰਹੇ।

ਉਹਨਾਂ ਸਰਨਾ ਭਰਾਵਾਂ ਨੂੰ ਇਹ ਸਵਾਲ ਕੀਤਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰ ਹੋਗਏ ਤੇ ਪੰਜ ਸਾਲ ਤੋਂ ਵੱਧ ਸਮੇਂ ਤੋਂ ਵੱਖ ਹਨ ਤੇ ਇਹਨਾਂ ਪੰਜ ਸਾਲਾਂ ਵਿਚ ਸਰਨਾ ਭਰਾਵਾਂ ਨੇ ਇਹ ਗੱਲ ਕਿਉਂ ਨਾ ਕੀਤੀ ਕਿ ਸਰਦਾਰ ਢੀਂਡਸਾ ਉਸ ਪਾਰਟੀ ਵਿਚ ਨਹੀਂ ਤੇ ਹੁਣ ਮੈਂ ਕਿਉਂ ਨਾ ਪਾਰਟੀ ਵਿਚ ਵਾਪਸ ਜਾਵਾਂ।

ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਿਵੇਂ ਇਹਨਾਂ ਦੋ ਪਰਿਵਾਰਾਂ ਦੇ ਲੋਕ ਆਪਸ ਵਿਚ ਮਿਲ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਅਸੀਂ ਪਹਿਲਾਂਹੀ ਸਪਸ਼ਟ ਕਰ ਦਿੱਤਾਸੀ ਕਿ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਬਣਾਇਆ ਜਾਵੇਗਾ ਤੇ ਜਦੋਂ ਇਹ ਗੱਲ ਜਨਤਕ ਹੋਗਈ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਜਬੂਰਨ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਪ੍ਰਧਾਨ ਬਣਾਉਣਾ ਪਿਆ।

ਉਹਨਾਂ ਕਿਹਾ ਕਿ ਦੋਵੇਂ ਸਰਨਾ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇਅਸਥਾਨ ’ਤੇ ਆ ਕੇ ਆਪਣੇ ਗੁਨਾਹਾਂ ਦੀ ਪੰਥ ਕੋਲੋਂ ਮੁਆਫੀ ਮੰਗਣ ਤੇ ਭੁੱਲਾ ਬਖਸ਼ਾਉਣ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!