ਪੰਜਾਬ
ਵੱਖ-ਵੱਖ ਪਾਰਟੀਆਂ ਛੱਡਕੇ ਯੂਥ ਵਰਕਰ ਕਾਂਗਰਸ ‘ਚ ਹੋਏ ਸ਼ਾਮਿਲ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 12 ਅਗਸਤ 2021: ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਸ਼ਹਿਰ ਵਿਚ ਹੋਏ ਇਕ ਸਮਾਗਮ ਦੌਰਾਨ ਵੱਖ-ਵੱਖ ਪਾਰਟੀਆਂ ਛੱਡ ਕੇ ਆਏ ਯੂਥ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਵਿਜੈਇੰਦਰ ਸਿੰਗਲਾ ਨੇ ਕਿਹਾ ਜੋ ਲੋਕ ਪਟਿਆਲਾ ਵਿਖੇ ਧਰਨਾ ਦੇ ਰਹੇ ਹਨ ਉਹਨਾਂ ਅਧਿਆਪਕਾਂ ਵਲੋਂ ਹੀ ਅਦਾਲਤ ਵਲੋਂ ਭਰਤੀ ਨਾ ਕਰਨ ਦੀ ਸਟੇਅ ਲਈ ਹੋਈ ਹੈ ਜਿਸਦਾ ਕੇਸ ਪੰਜਾਬ ਸਰਕਾਰ ਲੜ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਤਾਂ ਭਰਤੀ ਕਰ ਚੁੱਕੀ ਹੈ ਅਤੇ ਜਦੋਂ ਅਸੀਂ ਭਰਤੀ ਕੀਤੀ ਹੈ ਤਾਂ ਸਰਕਾਰ ਨੂੰ ਨਿਯੁਕਤੀ ਪੱਤਰ ਦੇਣ ਵਿਚ ਕੋਈ ਹਰਜ ਨਹੀਂ। ਸਿੰਗਲਾ ਨੇ ਕਿਹਾ ਕਿ ਸਾਨੂੰ ਤਾਂ ਅਧਿਆਪਕਾਂ ਦੀ ਲੋੜ ਹੈ।
ਪੰਜਾਬ ਸਰਕਾਰ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਿਆ ਵਿਭਾਗ ਵਿਚ ਸਭ ਤੋਂ ਵੱਧ ਭਰਤੀ ਕੀਤੀ ਜਾਵੇ। ਉਹਨਾਂ ਕਿਹਾ ਕਿ ਬੇਰੁਜਗਾਰ ਈ ਟੀ ਟੀ ਅਧਿਆਪਕਾਂ ਦੀ 6000 ਦੀ ਭਰਤੀ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਸਿੱਖਿਆ ਪ੍ਰੋਵਾਈਡਰਾਂ ਲਈ 8393 ਪ੍ਰੀ ਪ੍ਰਾਇਮਰੀ ਟੀਚਰ ਬਣਾਉਣ ਵਾਸਤੇ ਇਸ਼ਤਿਹਾਰ ਦਿੱਤਾ ਸੀ ਪਰੰਤੂ ਉਹਨਾਂ ਵਿਚੋਂ ਕੁਝ ਟੀਚਰਾਂ ਨੇ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ। ਸਕੂਲਾਂ ਨੂੰ ਬੰਦ ਕਰਨ ਸਬੰਧੀ ਉਹਨਾਂ ਸਾਫ਼ ਇਨਕਾਰ ਕਰ ਦਿੱਤਾ।
ਬੇਰੁਜਗਾਰ ਬੀ ਐਡ ਟੈੱਟ ਪਾਸ ਅਧਿਕਆਪਕਾਂ ਦਾ ਇਕ ਜਥਾ ਸਿੰਗਲਾ ਨੂੰ ਪ੍ਰੋਗਰਾਮ ਵਿਚ ਮਿਲਣ ਲਈ ਆਇਆ ਸੀ ਜਿਸਨੂੰ ਪੁਲੀਸ ਵਲੋਂ ਸਮਾਗਮ ਵਾਲੀ ਜਗ੍ਹਾ ਤੋਂ ਧੱਕੇ ਨਾਲ ਬਾਹਰ ਲਿਜਾ ਕੇ ਮਾਰਕੀਟ ਕਮੇਟੀ ਵਿਚ ਮੁਲਾਕਾਤ ਕਰਵਾਈ। ਬੇਰੁਜਗਾਰ ਆਗੂ ਗਗਨਦੀਪ ਕੌਰ ਗਰੇਵਾਲ ਨੇ ਕਿਹਾ ਕਿ ਸਿੱਖਿਆ ਮੰਤਰੀ ਦਾ ਵਤੀਰਾ ਵਧੀਆ ਨਹੀਂ ਰਿਹਾ ਅਤੇ ਟਾਲ ਮਟੋਲ ਦੀ ਨੀਤੀ ਬਣਾ ਕੇ ਖਿਸਕ ਗਏ। ਗਗਨਦੀਪ ਕੌਰ ਨੇ ਦੋਸ਼ ਲਗਾਇਆ ਕਿ ਸਿੱਖਿਆ ਮੰਤਰੀ ਨੇ ਆਪਣੇ ਪੀਏ ਨੂੰ ਨੌਕਰੀ ਦਿਵਾ ਦਿੱਤੀ ਜਦਕਿ ਬੇਰੁਜਗਾਰ ਬੀ ਐਡ, ਈ ਟੀ ਟੀ ਅਧਿਆਪਕ ਥਾਂ ਥਾਂ ਧਰਨੇ ਲਗਾ ਰਹੇ ਹਨ।
ਇਸ ਮੌਕੇ ਚੇਅਰਮੈਨ ਵਰਿੰਦਰ ਪੰਨਵਾਂ, ਰਣਜੀਤ ਸਿੰਘ ਤੂਰ, ਬਲਵਿੰਦਰ ਸਿੰਘ ਘਾਬਦੀਆ, ਜਗਤਾਰ ਨਮਾਦਾ, ਨੰਬਰਦਾਰ ਹਰਮਨ ਸਿੰਘ ਕੌਂਸਲਰ, ਬਿੱਟੂ ਖਾਨ, ਜੀਤ ਸਿੰਘ, ਿਸ਼ਨ ਕੁਮਾਰ ਚੀਨੂੰ, ਸੈਂਟੀ, ਸਤਨਾਮ ਸਿੰਘ, ਅਮਨੋਲ ਸਿੰਘ, ਗੋਪੀ ਅਤੇ ਅਜੇ ਸਮੇਤ ਹੋਰ ਵੀ ਯੂਥ ਵਰਕਰ ਹਾਜਰ ਸਨ।