ਪੰਜਾਬ

ਵਿਜੀਲੈਂਸ ਬਿਊਰੋ ਵੱਲੋਂ ਫੂਡ ਸਪਲਾਈ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਜ਼ਬਤ

ਰਾਕੇਸ਼ ਕੁਮਾਰ ਸਿੰਗਲਾ ਨੇ ਆਪਣੀ ਆਮਦਨ ਦੇ ਜ਼ਾਹਰਾ ਸਰੋਤਾਂ ਨਾਲੋਂ 70.92 ਫ਼ੀਸਦ ਵੱਧ ਕੀਤਾ ਖਰਚ

ਵਿਜੀਲੈਂਸ ਨੇ ਹੁਣ ਤੱਕ ਕੁੱਲ 11 ਜਾਇਦਾਦਾਂ ਦਾ ਲਗਾਇਆ ਪਤਾ*
ਚੰਡੀਗੜ੍ਹ, 13 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੀਆਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ (ਅਟੈਚ) ਕੀਤੀਆਂ ਗਈਆਂ ਹਨ। ਇਹ ਕਾਰਵਾਈ ਡਾ. ਅਜੀਤ ਅੱਤਰੀ ਸਪੈਸ਼ਲ ਜੱਜ, ਲੁਧਿਆਣਾ ਦੀ ਅਦਾਲਤ ਵੱਲੋਂ 8 ਅਗਸਤ, 2023 ਨੂੰ ਜਾਰੀ ਐਡ ਅੰਤਰਿਮ ਅਟੈਚਮੈਂਟ ਆਰਡਰ ਤਹਿਤ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਉਸ ਦੇ ਨਜ਼ਦੀਕੀ ਰਾਕੇਸ਼ ਕੁਮਾਰ ਸਿੰਗਲਾ ਅਤੇ ਹੋਰਾਂ ਵਿਰੁੱਧ ਸਾਲ 2020-21 ਲਈ ਵੱਖ-ਵੱਖ ਠੇਕੇਦਾਰਾਂ ਨੂੰ ਲੇਬਰ, ਢੋਆ-ਢੋਆਈ ਦੇ ਟੈਂਡਰਾਂ ਦੀ ਗ਼ੈਰ-ਕਾਨੂੰਨੀ ਅਲਾਟਮੈਂਟ ਦੇ ਸਬੰਧ ਵਿੱਚ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਐਫ.ਆਈ.ਆਰ. ਨੰ. 11 ਮਿਤੀ 16-08-2022 ਨੂੰ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ ਨੂੰ 03.12.2022 ਨੂੰ ਪੀ.ਓ. (ਭਗੌੜਾ) ਐਲਾਨ ਦਿੱਤਾ ਗਿਆ ਸੀ ਅਤੇ ਉਸਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਵਿਭਾਗ ਵਿੱਚ ਆਪਣੀ ਤਾਇਨਾਤੀ ਦੌਰਾਨ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕੇਂਦਰੀ ਵਿਜੀਲੈਂਸ ਕਮੇਟੀ (ਸੀ.ਵੀ.ਸੀ.) ਦੇ ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੌਰਾਨ ਕਈ ਜਾਇਦਾਦਾਂ ਖਰੀਦੀਆਂ ਸਨ।
ਵਿਜੀਲੈਂਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਅਬਾਦੀ ਗੁਰੂ ਅਮਰਦਾਸ ਨਗਰ ਲੁਧਿਆਣਾ ਵਿਖੇ ਇੱਕ ਪਲਾਟ (298/66 ਵਰਗ ਗਜ਼), ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ 150-150 ਵਰਗ ਗਜ਼ ਦੇ ਦੋ ਪਲਾਟ, ਰਾਜਗੁਰੂ ਨਗਰ ਲੁਧਿਆਣਾ ਵਿਖੇ ਇਕ ਮਕਾਨ ਨੰ. 164-ਏ (ਖੇਤਰ 300 ਵਰਗ ਗਜ਼) ਅਤੇ ਇੱਕ ਫਲੈਟ (ਖੇਤਰ 193.60 ਵਰਗ ਗਜ਼) ਨੰ. 304, ਸ਼੍ਰੇਣੀ-ਏ, ਦੂਜੀ ਮੰਜ਼ਿਲ, ਆਰ.ਸੀ.ਐਸ. ਪੰਜਾਬ ਸਹਿਕਾਰੀ ਸਭਾ, ਗਜ਼ਟਿਡ ਅਫ਼ਸਰ, ਸੈਕਟਰ 48-ਏ, ਚੰਡੀਗੜ੍ਹ ਪੰਜ ਜਾਇਦਾਦਾਂ ਖਰੀਦੀਆਂ ਸਨ। ਇਹ ਸਾਰੀਆਂ ਪੰਜ ਜਾਇਦਾਦਾਂ ਉਸ ਨੇ 01-04-2011 ਤੋਂ 31-07-2022 ਦੇ ਸਮੇਂ ਦੌਰਾਨ ਆਪਣੀ ਪਤਨੀ ਰਚਨਾ ਸਿੰਗਲਾ ਦੇ ਨਾਂ ‘ਤੇ ਖਰੀਦੀਆਂ ਸਨ। ਇਨ੍ਹਾਂ ਵਿੱਚੋਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੋਵਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13(2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ ਨੰ. 8 ਮਿਤੀ 19.04.2023 ਨੂੰ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਵੱਖਰਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਇਸ ਮਾਮਲੇ ਵਿੱਚ ਭਗੌੜੇ ਹਨ।
ਉਨ੍ਹਾਂ ਦੱਸਿਆ ਕਿ 01-04-2011 ਤੋਂ 31-07-2022 ਤੱਕ ਦੇ ਜਾਂਚ ਸਮੇਂ ਦੌਰਾਨ ਰਾਕੇਸ਼ ਕੁਮਾਰ ਸਿੰਗਲਾ ਅਤੇ ਉਸ ਦੀ ਪਤਨੀ ਰਚਨਾ ਸਿੰਗਲਾ ਦੀ ਆਮਦਨ 2,59,68,952 ਰੁਪਏ ਸੀ ਜਦੋਂਕਿ ਉਹਨਾਂ ਵੱਲੋਂ 4,43,87,182 ਰੁਪਏ ਖਰਚੇ ਗਏ ਜੋ ਕਿ ਉਹਨਾਂ ਦੀ ਆਮਦਨ ਦੇ ਜ਼ਾਹਰਾ ਸਰੋਤਾਂ ਨਾਲੋਂ 70.92 ਫ਼ੀਸਦੀ (1,84,18,230 ਰੁਪਏ) ਵੱਧ ਹੈ।
ਡੱਬੀ
*ਵਿਜੀਲੈਂਸ ਬਿਊਰੋ ਨੇ ਛੇ ਹੋਰ ਜਾਇਦਾਦਾਂ ਦਾ ਲਗਾਇਆ ਪਤਾ*
ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੂੰ ਰਾਕੇਸ਼ ਸਿੰਗਲਾ ਵੱਲੋਂ ਆਪਣੀ ਪਤਨੀ ਰਚਨਾ ਸਿੰਗਲਾ ਅਤੇ ਪੁੱਤਰ ਸਵਰਾਜ ਸਿੰਗਲਾ ਦੇ ਨਾਂ ’ਤੇ ਖਰੀਦੀਆਂ ਛੇ ਹੋਰ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ। ਇਹਨਾਂ ਵਿੱਚੋਂ ਪੰਜ ਜਾਇਦਾਦਾਂ ਵਸੀਕਾ 1179/30.6.21 (ਖੇਤਰ 95.51 ਵਰਗ ਗਜ਼), ਵਸੀਕਾ 1180/30.6.21 (ਖੇਤਰ 98.47 ਵਰਗ ਗਜ਼), ਵਸੀਕਾ 1181/30.6.21 (ਖੇਤਰ 121.51 ਵਰਗ ਗਜ਼),  ਵਸੀਕਾ 1182/30.6.21 (ਖੇਤਰ 98.47 ਵਰਗ ਗਜ਼), ਵਸੀਕਾ 1183/30.6.21 (ਖੇਤਰ 98.51 ਵਰਗ ਗਜ਼) ਲੁਧਿਆਣਾ ਜ਼ਿਲ੍ਹੇ ਵਿੱਚ ਸੈਲੀਬ੍ਰੇਸ਼ਨ ਬਾਜ਼ਾਰ, ਜੀ.ਟੀ. ਰੋਡ ਖੰਨਾ ਵਿਖੇ ਸਥਿਤ ਹਨ। ਇਸ ਤੋਂ ਇਲਾਵਾ ਮਿਤੀ 02/05/2013 ਨੂੰ ਨਿਊ ਚੰਡੀਗੜ੍ਹ ਵਿਖੇ ਰਚਨਾ ਸਿੰਗਲਾ ਦੇ ਨਾਮ ‘ਤੇ 79.04 ਵਰਗ ਮੀਟਰ ਦਾ ਇੱਕ ਐਸ.ਸੀ.ਓ. ਖਰੀਦਿਆ ਗਿਆ। ਮੁਲਜ਼ਮ ਨੂੰ ਇਨ੍ਹਾਂ ਸਾਰੀਆਂ ਛੇ ਜਾਇਦਾਦਾਂ ਤੋਂ ਪ੍ਰਤੀ ਮਹੀਨਾ ਤਕਰੀਬਨ 2 ਲੱਖ ਰੁਪਏ ਕਿਰਾਇਆ ਆ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਕਾਨੂੰਨੀ ਕਾਰਵਾਈ ਉਪਰੰਤ ਬਾਕੀ ਸੱਤ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!