ਪੰਜਾਬ

ਉਪ ਮੁੱਖ ਮੰਤਰੀ ਰੰਧਾਵਾ ਨੇ ਥਾਣਿਆਂ ‘ਚ ਪਿਆ ਲੋਕਾਂ ਦਾ ਸਮਾਨ ਲੋਕਾਂ ਦੇ ਸਪੁਰਦ ਕਰਨ ਲਈ ਰਾਜ ਪੱਧਰੀ ਮੁਹਿੰਮ ਦੀ ਪਟਿਆਲਾ ਤੋਂ ਸ਼ੁਰੂਆਤ ਕਰਵਾਈ

ਉਪ ਮੁੱਖ ਮੰਤਰੀ ਰੰਧਾਵਾ ਨੇ ਥਾਣਿਆਂ ‘ਚ ਪਿਆ ਲੋਕਾਂ ਦਾ ਸਮਾਨ ਲੋਕਾਂ ਦੇ ਸਪੁਰਦ ਕਰਨ ਲਈ ਰਾਜ ਪੱਧਰੀ ਮੁਹਿੰਮ ਦੀ ਪਟਿਆਲਾ ਤੋਂ ਸ਼ੁਰੂਆਤ ਕਰਵਾਈ

-ਪੰਜਾਬ ਪੁਲਿਸ ਪੰਜਾਬ ਦੀ ਸੁਰੱਖਿਆ ਕਰਨ ਤੇ ਅਮਨ-ਅਮਾਨ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ-ਰੰਧਾਵਾ

-ਪੰਜਾਬ ਪੁਲਿਸ ਦਾ ਸੁਰੱਖਿਆ ਵਿੰਗ ਵੱਖਰਾ ਸਥਾਪਤ ਕੀਤਾ ਜਾਵੇਗਾ-ਉੱਪ ਮੁੱਖ ਮੰਤਰੀ

-ਲੋਕਾਂ ਨੂੰ ਸਮਾਂਬੱਧ ਇਨਸਾਫ਼ ਦੁਆਉਣ ਲਈ ਦਰਖ਼ਾਸਤਾਂ ਦਾ ਨਿਪਟਾਰਾ 5 ਦਿਨਾਂ ਦੇ ਅੰਦਰ-ਅੰਦਰ ਕਰਨਾ ਯਕੀਨੀ ਬਣਾਇਆ-ਰੰਧਾਵਾ

-ਲੋਕਾਂ ਨੂੰ ਨਿਆਂ ਦਿਵਾਉਣ ਲਈ ਨਿਰੰਤਰ ਯਤਨਸ਼ੀਲ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ-ਡੀ.ਜੀ.ਪੀ. ਸਹੋਤਾ

-ਪਟਿਆਲਾ ਜ਼ਿਲ੍ਹੇ ‘ਚ 248 ਮੁਕੱਦਮਿਆਂ ਨਾਲ ਸਬੰਧਤ 32.5 ਕਰੋੜ ਰੁਪਏ ਦੇ ਸਮਾਨ ਸਮੇਤ 184 ਵਹੀਕਲ ਵੀ ਲੋਕਾਂ ਦੇ ਸਪੁਰਦ ਕੀਤਾ

ਪਟਿਆਲਾ, 24 ਨਵੰਬਰ:
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ, ਹਿੰਦੁਸਤਾਨ ਦੀ ਸਭ ਤੋਂ ਬਿਹਤਰ ਪੁਲਿਸ ਹੈ ਅਤੇ ਇਹ ਪੰਜਾਬ ਦੀ ਸੁਰੱਖਿਆ ਕਰਨ ਸਮੇਤ ਹਰ ਪੱਖੋਂ ਅਮਨ-ਅਮਾਨ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਉੱਪ ਮੁੱਖ ਮੰਤਰੀ ਸ. ਰੰਧਾਵਾ ਅੱਜ ਇੱਥੇ ਪੁਲਿਸ ਲਾਈਨ ਵਿਖੇ ਰਾਜ ਦੇ ਥਾਣਿਆਂ ‘ਚ ਪਏ ਲੋਕਾਂ ਦੇ ਸਮਾਨ ਨੂੰ ਲੋਕਾਂ ਦੇ ਸਪੁਰਦ ਕਰਨ ਲਈ ਪੰਜਾਬ ਪੁਲਿਸ ਵੱਲੋਂ ਅਰੰਭੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਮੁਖੀ ਸ. ਇਕਬਾਲ ਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ। ਸਮਾਗਮ ਮੌਕੇ ਸਾਬਕਾ ਮੰਤਰੀ ਸ. ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ ਸ਼ੁਤਰਾਣਾ, ਰਜਿੰਦਰ ਸਿੰਘ ਸਮਾਣਾ, ਕੁਲਬੀਰ ਸਿੰਘ ਜੀਰਾ, ਹਰਿੰਦਰ ਪਾਲ ਸਿੰਘ ਹੈਰੀਮਾਨ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਵੀ ਮੌਜੂਦ ਸਨ।
ਇਸ ਮੌਕੇ ਸ. ਰੰਧਾਵਾ ਨੇ ਪਟਿਆਲਾ ਜ਼ਿਲ੍ਹੇ ‘ਚ 248 ਮੁਕੱਦਮਿਆਂ ਨਾਲ ਸਬੰਧਤ 32.5 ਕਰੋੜ ਰੁਪਏ ਦੇ ਸਮਾਨ ਸਮੇਤ 184 ਵਹੀਕਲ ਵੀ ਲੋਕਾਂ ਦੇ ਸਪੁਰਦ ਕੀਤਾ। ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ‘ਚ ਹੁਣ ਅਜਿਹੇ ਪ੍ਰਬੰਧ ਕਰ ਦਿੱਤੇ ਗਏ ਹਨ ਕਿ ਦਾਜ ਦਹੇਜ ਦੇ ਮਾਮਲਿਆਂ ‘ਚ ਪਿਆ ਸਮਾਨ ਵੀ ਤੁਰੰਤ ਲੋਕਾਂ ਦੇ ਸਪੁਰਦ ਕੀਤਾ ਜਾਵੇ ਅਤੇ ਮਾਲਖ਼ਾਨੇ ਖਾਲੀ ਕੀਤੇ ਜਾਣ ਤਾਂ ਕਿ ਲੋਕਾਂ ਦਾ ਸਮਾਨ ਖਰਾਬ ਨਾ ਹੋਵੇ।
ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਦਾ ਕੰਮ ਹੈ ਕਿ ਲੋਕਾਂ ਨੂੰ ਇਨਸਾਫ਼ ਦੁਆਇਆ ਜਾਵੇ, ਜਿਸ ਲਈ ਸੂਬੇ ਦੇ ਲੋਕਾਂ ਨੂੰ ਸਮਾਂਬੱਧ ਇਨਸਾਫ਼ ਦੁਆਉਣ ਲਈ ਦਰਖ਼ਾਸਤਾਂ ਦਾ ਨਿਪਟਾਰਾ 5 ਦਿਨਾਂ ਦੇ ਅੰਦਰ-ਅੰਦਰ ਕਰਨ ਲਈ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਜਾਂਚ ਦਾ ਕੰਮ ਕੇਵਲ ਇੱਕ ਏਜੰਸੀ ਨੂੰ ਸੌਂਪਿਆ ਗਿਆ ਹੈ ਤਾਂ ਕਿ ਲੋਕਾਂ ਦੀਆਂ ਦਰਖਾਸਤਾਂ ਤੇ ਸ਼ਿਕਾਇਤਾਂ ਇੱਕ ਤੋਂ ਦੂਜੀ ਏਜੰਸੀ ਕੋਲ ਨਾ ਜਾਣ। ਉਨ੍ਹਾਂ ਦੱਸਿਆ ਕਿ ਇਕੱਲੇ ਪਟਿਆਲਾ ਜ਼ਿਲ੍ਹੇ ‘ਚ 19 ਹਜ਼ਾਰ ਦਰਖਾਸਤਾਂ ਲੰਬਿਤ ਸਨ, ਜਿਨ੍ਹਾਂ ‘ਚੋਂ 6500 ਦਰਖਾਸਤਾਂ ਦਾ ਨਿਪਟਾਰਾ ਕੀਤਾ ਹੈ।
ਉਪ ਮੁੱਖ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਜਿਹੜੇ ਲੋਕਾਂ ਦੀ ਜਾਨ ਨੂੰ ਖ਼ਤਰਾ ਹੈ, ਨੂੰ ਸੁਰੱਖਿਆ ਛਤਰੀ ਮੁਹੱਈਆ ਕਰਵਾਉਣ ਲਈ ਜਾਂ ਵੀ.ਆਈ.ਪੀ ਸੁਰੱਖਿਆ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਵਿੰਗ ਵੱਖਰਾ ਬਣਾਇਆ ਜਾ ਰਿਹਾ ਹੈ, ਜਿਸ ਤਹਿਤ, ਜ਼ਿਲ੍ਹਿਆਂ ਦੀ ਬਜਾਇ ਹੁਣ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗਾ। ਇਸ ਫੋਰਸ ਨੂੰ, ਵੱਖਰੀ ਵਰਦੀ, ਸਿਖਲਾਈ ਤੇ ਆਧੁਨਿਕ ਹਥਿਆਰ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਲਈ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਡਿਊਟੀ ‘ਤੇ ਖੜ੍ਹੇ ਮੁਲਾਜਮਾਂ ਲਈ ਲੰਗਰ ਤੇ ਚਾਹ-ਪਾਣੀ ਦਾ ਬੰਦੋਬਸਤ ਵੀ ਹੁਣ ਖ਼ੁਦ ਪੁਲਿਸ ਵੱਲੋਂ ਕੀਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਅਜਿਹੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਆਨਲਾਈਨ ਠੱਗੀ ਦੇ ਮਾਮਲਿਆਂ ਸਮੇਤ ਸਾਈਬਰ ਕ੍ਰਾਈਮ ਦੇ ਮਾਮਲਿਆਂ ਨੂੰ ਨਿਰਧਾਰਤ ਸਮੇਂ ‘ਚ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੱਦ ਕੀਤੀ ਗਈ ਸਬ ਇੰਸਪੈਕਟਰਾਂ ਦੀ ਭਰਤੀ ਮੁੜ ਕਰਵਾਈ ਜਾਵੇਗੀ। ਸ. ਰੰਧਾਵਾ ਨੇ ਇਸ ਮੌਕੇ ਪਟਿਆਲਾ ਪੁਲਿਸ ਲਾਇਨ ਦੇ ਸਟੇਡੀਅਮ ਲਈ 2 ਕਰੋੜ ਰੁਪਏ ਤੇ ਪੁਲਿਸ ਵੈਲਫੇਅਰ ਫੰਡ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪੀ.ਸੀ.ਆਰ. ਲਈ ਨਵੇਂ ਵਹੀਕਲ ਵੀ ਦਿੱਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਵਿਭਾਗ ਖ਼ੁਦ ਰੱਖਣ ਦੀ ਥਾਂ ਉਨ੍ਹਾਂ ਨੂੰ ਦਿੱਤਾ ਹੈ ਅਤੇ ਉਹ ਕੈਂਸਰ ਦੀ ਬਿਮਾਰੀ ਵਾਂਗ ਸਮਾਜ ਨੂੰ ਚਿੰਬੜੇ ਗੁੰਡਾ ਅਨਸਰਾਂ ਦਾ ਸਫ਼ਾਇਆ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਾਇਕਾਂ ਨੂੰ ਅਜਿਹੇ ਗੁੰਡਾ ਅਨਸਰਾਂ ਨੂੰ ਉਤਸ਼ਾਹਤ ਕਰਨ ਦੀ ਥਾਂ ਗੁਰੂਆਂ ਪੀਰਾਂ ਦੇ ਗੀਤ ਗਾਉਣੇ ਚਾਹੀਦੇ ਹਨ।
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪੰਜਾਬ ‘ਚ ਮਾੜੇ ਦੌਰ ਦੌਰਾਨ 1700 ਸ਼ਹੀਦੀਆਂ ਦਿੱਤੀਆਂ ਜਦਕਿ ਪੰਜਾਬ ਦੇ ਲੋਕਾਂ ਨੇ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਜਿਸ ਲਈ ਕੇਂਦਰ ਸਰਕਾਰ ਇਸ ਗੱਲ ਨੂੰ ਸਮਝੇ ਕਿ ਪੰਜਾਬ ਪੁਲਿਸ ਪੰਜਾਬ ਦੀ ਹਰ ਪੱਖੋਂ ਸੁਰੱੱਖਿਆ ਯਕੀਨੀ ਬਣਾਉਣ ਦੇ ਸਮਰੱਥ ਹੈ। ਉਨ੍ਹਾਂ ਨੇ ਪੰਜਾਬ ਵਾਸੀਆਂ ਤੋਂ ਸੂਬੇ ਦੀ ਅਮਨ ਕਾਨੂੰਨ ਦੀ ਰਾਖੀ ਲਈ ਸਹਿਯੋਗ ਦੀ ਮੰਗ ਕੀਤੀ। ਇਸ ਤੋਂ ਬਿਨ੍ਹਾਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਲੋਕ ਖ਼ੁਦ ਇਮਾਨਦਾਰੀ ਦਿਖਾਉਂਦੇ ਹੋਏ ਰਿਸ਼ਵਤ ਦੇਣੀ ਬੰਦ ਕਰਨ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਮੁਖੀ ਸ. ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੋਕਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਪੁਲਿਸ ਨਿਰੰਤਰ ਉਪਰਾਲੇ ਕਰ ਰਹੀ ਹੈ। ਸ. ਸਹੋਤਾ ਨੇ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਹੈ। ਇਸ ਤੋਂ ਬਾਅਦ ਆਈ.ਜੀ. ਪਟਿਆਲਾ ਰੇਂਜ ਸ. ਮੁਖਵਿੰਦਰ ਸਿੰਘ ਛੀਨਾ ਨੇ ਸ. ਰੰਧਾਵਾ ਅਤੇ ਸ. ਸਹੋਤਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਪੁਲਿਸ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗੀ।
ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਸ. ਭੁੱਲਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਕਰੀਬ 10 ਸਾਲਾਂ ਬਾਅਦ ਇਹ ਸਮਾਨ ਲੋਕਾਂ ਨੂੰ ਸਪੁਰਦ ਕੀਤਾ ਗਿਆ ਹੈ। ਜਦਕਿ ਆਮ ਲੋਕਾਂ ਵਿੱਚੋਂ ਅਮਰਜੀਤ ਸਿੰਘ ਨੌਗਾਵਾਂ ਨੇ ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਆਪਣਾ ਤਜ਼ਰਬਾ ਸਾਂਝਾ ਕੀਤਾ।
ਇਸ ਮੌਕੇ ਐਸ.ਐਸ.ਪੀ. ਸੰਗਰੂਰ ਸਵਪਨ ਸ਼ਰਮਾ, ਐਸ.ਐਸ.ਪੀ. ਬਰਨਾਲਾ ਅਲਕਾ ਮੀਨਾ ਸਮੇਤ ਏ.ਆਈ.ਜੀ. ਜ਼ੋਨਲ ਸੀ.ਆਈ.ਡੀ. ਦਲਜੀਤ ਸਿੰਘ ਰਾਣਾ, ਐਸ.ਪੀ. ਸਥਾਨਕ ਹਰਕਮਲ ਕੌਰ, ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ, ਐਸ.ਪੀ. ਸਿਟੀ ਹਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
*****
ਫੋਟੋ ਕੈਪਸ਼ਨ-ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਰਾਜ ਦੇ ਥਾਣਿਆਂ ‘ਚ ਪਏ ਲੋਕਾਂ ਦੇ ਸਮਾਨ ਨੂੰ ਲੋਕਾਂ ਦੇ ਸਪੁਰਦ ਕਰਨ ਲਈ ਪੰਜਾਬ ਪੁਲਿਸ ਵੱਲੋਂ ਅਰੰਭੀ ਰਾਜ ਪੱਧਰੀ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਡੀ.ਜੀ.ਪੀ. ਸ. ਇਕਬਾਲ ਪ੍ਰੀਤ ਸਿੰਘ ਸਹੋਤਾ ਸਮੇਤ ਵਿਧਾਇਕ ਮਦਨ ਲਾਲ ਜਲਾਲਪੁਰ, ਰਾਜਿੰਦਰ ਸਿੰਘ ਵੀ ਨਜ਼ਰ ਆ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!