ਵਿਜੀਲੈਂਸ ਬਿਊਰੋ ਵੱਲੋਂ ਪਲਾਟ ਦੀ ਅਲਾਟਮੈਂਟ ਨਾਲ ਸਬੰਧਤ ਸਰਕਾਰੀ ਰਿਕਾਰਡ ਨੂੰ ਨਸ਼ਟ ਕਰਨ ਲਈ ਪੁੱਡਾ ਦਾ ਈਓ ਗ੍ਰਿਫਤਾਰ
ਚੰਡੀਗੜ੍ਹ, 24 ਜਨਵਰੀ:
ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਮਹੇਸ਼ ਬਾਂਸਲ, ਕਾਰਜਕਾਰੀ ਅਫਸਰ (ਤਾਲਮੇਲ), ਪੁੱਡਾ, ਮੋਹਾਲੀ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13 (1) (ਏ) ਅਤੇ 13 (2) ਅਤੇ ਆਈ.ਪੀ.ਸੀ. ਦੀ ਧਾਰਾ 409, 420, 120-ਬੀ ਅਧੀਨ ਪੁਲਿਸ ਥਾਣਾ ਫਲਾਇੰਗ ਸਕੁਐਡ, ਪੰਜਾਬ, ਮੋਹਾਲੀ ਵਿਖੇ ਦਰਜ ਐਫਆਈਆਰ ਨੰਬਰ 03, ਮਿਤੀ 17.01.2023 ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਕੇਸ ਉਮੇਸ਼ ਗੋਇਲ, ਸੈਕਟਰ 80, ਐਸਏਐਸ ਨਗਰ ਦੀ ਸ਼ਿਕਾਇਤ ਉਪਰ ਮਹੇਸ਼ ਬਾਂਸਲ, ਸੁਨੇਹਰਾ ਸਿੰਘ ਵਾਸੀ ਸੋਨੀਪਤ, ਹਰਿਆਣਾ, ਡਾ: ਪਰਮਿੰਦਰਜੀਤ ਸਿੰਘ, ਦਲਜੀਤ ਸਿੰਘ, ਸੀਨੀਅਰ ਸਹਾਇਕ ਅਤੇ ਰਿਕਾਰਡ ਕੀਪਰ ਗੁਰਦੀਪ ਸਿੰਘ ਦੇ ਖਿਲਾਫ ਉਕਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਇਹ ਗੱਲ ਸਾਹਮਣੇ ਆਈ ਸੀ ਕਿ ਗਮਾਡਾ ਵੱਲੋਂ ਮੋਹਾਲੀ ਵਿਖੇ 500 ਵਰਗ ਗਜ਼ ਦਾ ਇੱਕ ਰਿਹਾਇਸ਼ੀ ਪਲਾਟ 2016 ਵਿੱਚ ਸੁਨੇਹਰਾ ਸਿੰਘ ਦੇ ਨਾਂ ‘ਤੇ ਅਲਾਟ ਕੀਤਾ ਗਿਆ ਸੀ। ਉਪਰੰਤ ਸੁਨੇਹਰਾ ਸਿੰਘ ਨੇ ਸ਼ਿਕਾਇਤਕਰਤਾ ਉਮੇਸ਼ ਗੋਇਲ ਨਾਲ 29.05.2017 ਨੂੰ ਇਸ ਪਲਾਟ ਦੀ ਵਿਕਰੀ ਲਈ ਸਮਝੌਤਾ ਲਿਖਿਆ, ਪਰ ਇਸ ਖਰੀਦ/ਵੇਚ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਹੀ ਅਲਾਟੀ ਨੇ ਇਹ ਪਲਾਟ ਡਾ. ਪ੍ਰਮਿੰਦਰਜੀਤ ਸਿੰਘ ਅਤੇ ਹੋਰਾਂ ਦੇ ਨਾਮ ‘ਤੇ ਤਬਦੀਲ ਕਰ ਦਿੱਤਾ। ਸ਼ਿਕਾਇਤਕਰਤਾ ਨੇ ਉਕਤ ਪਲਾਟ ਕਿਸੇ ਵੀ ਧਿਰ ਨੂੰ ਤਬਦੀਲ ਨਾ ਕਰਨ ਸਬੰਧੀ ਉਕਤ ਅਸਟੇਟ ਅਫ਼ਸਰ, ਗਮਾਡਾ ਕੋਲ ਦੋ ਦਰਖਾਸਤਾਂ ਦਾਇਰ ਕੀਤੀਆਂ, ਪਰ ਕਥਿਤ ਮੁਲਜ਼ਮ ਮਹੇਸ਼ ਬਾਂਸਲ, ਈ.ਓ, ਗਮਾਡਾ ਨੇ ਸ਼ਿਕਾਇਤਕਰਤਾ ਉਮੇਸ਼ ਗੋਇਲ ਨੂੰ ਸੁਣਵਾਈ ਦਾ ਕੋਈ ਮੌਕਾ ਨਾ ਦੇ ਕੇ ਪ੍ਰਮਿੰਦਰਜੀਤ ਸਿੰਘ ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਉਕਤ ਪਲਾਟ ਪਰਮਿੰਦਰਜੀਤ ਦੇ ਨਾਂ ‘ਤੇ ਟਰਾਂਸਫਰ ਕਰਵਾ ਦਿੱਤਾ ਅਤੇ ਦਫਤਰ ਤੋਂ ਸਬੰਧਤ ਫਾਈਲ ਨੂੰ ਗਬਨ/ਨਸ਼ਟ ਕਰ ਦਿੱਤਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਮੁਲਜ਼ਮ ਮਹੇਸ਼ ਬਾਂਸਲ ਈ.ਓ, ਪੁੱਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਵਿਚ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।