ਵਿਜੀਲੈਂਸ ਬਿਊਰੋ ਵਲੋਂ ਸੱਤ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ, 65000 ਰੁਪਏ ਦੀ ਰਿਸ਼ਵਤ ਲੈਣ ਵਾਲੇ 4 ਪੁਲਿਸ ਮੁਲਾਜ਼ਮ ਗ੍ਰਿਫਤਾਰ
ਵੀਡੀਓ ਸਬੂਤਾਂ ਦੇ ਅਧਾਰ ‘ਤੇ ਕੀਤੀ ਗਈ ਕਾਰਵਾਈ
ਚੰਡੀਗੜ, 1 ਦਸੰਬਰ :ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੀਡੀਓ ਸਬੂਤਾਂ ਦੇ ਅਧਾਰ ‘ਤੇ ਅੰਮ੍ਰਿਤਸਰ ਜ਼ਿਲੇ ਦੇ ਚਾਟੀਵਿੰਡ ਥਾਣੇ ਦੇ ਸੱਤ ਪੁਲਿਸ ਮੁਲਾਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਚੋਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਅੰਮ੍ਰਿਤਸਰ ਰੇਂਜ ਵੱਲੋਂ ਕੀਤੀ ਗਈ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਚਾਟੀਵਿੰਡ ਪਿੰਡ ਦੇ ਰਹਿਣ ਵਾਲੇ ਅਵਤਾਰ ਸਿੰਘ ਅਤੇ ਕੰਵਲਪ੍ਰੀਤ ਸਿੰਘ ਰਾਜ ਖਾਲਸਾ ਖੇਤੀ ਸਟੋਰ ਚਲਾ ਰਹੇ ਹਨ ਤੇ 22 ਅਗਸਤ, 2018 ਨੂੰ ਇਸੇ ਪਿੰਡ ਦੇ ਇਕ ਵਿਅਕਤੀ ਗੁਰਹਰਪ੍ਰੀਤ ਸਿੰਘ ਨੇ ਉਨਾਂ ਦੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਖ਼ਰਾਬ ਕਰ ਦਿੱਤਾ ਸੀ।ਇਸ ਮਗਰੋਂ ਕੰਵਲਪ੍ਰੀਤ ਸਿੰਘ ਬਲਦੇਵ ਸਿੰਘ, ਸੁਖਵੰਤ ਸਿੰਘ ਆਦਿ ਦੋਸ਼ੀ ਗੁਰਹਰਪ੍ਰੀਤ ਸਿੰਘ ਦੇ ਘਰ ਦੇ ਬਾਹਰ ਜਾ ਪਹੁੰਚੇ। ਇਸ ਤੋਂ ਬਾਅਦ ਗੁਰਹਰਪ੍ਰੀਤ ਸਿੰਘ ਨੇ ਆਪਣੇ ਹੋਰ ਸਾਥੀਆਂ ਨਾਲ ਕੰਵਲਪ੍ਰੀਤ ਸਿੰਘ, ਬਲਦੇਵ ਸਿੰਘ ਅਤੇ ਸੁਖਵੰਤ ਸਿੰਘ ‘ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਗਏ।ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਪੁਲਿਸ ਵੱਲੋਂ ਗੁਰਹਰਪ੍ਰੀਤ ਅਤੇ ਹੋਰਨਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 323, 324, 427, 148, 149 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਪੜਤਾਲ ਦੌਰਾਨ ਪੁਲਿਸ ਵਲੋਂ ਉਕਤ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 326 ਵੀ ਜੋੜ ਦਿੱਤੀ ਗਈ।ਬਾਅਦ ਵਿੱਚ ਇਹ ਦੋਸ਼ੀ ਪੁਲਿਸ ਮੁਲਾਜ਼ਮਾਂ ਵਿੱਚ ਏ.ਐਸ.ਆਈ. ਮਹਿੰਦਰ ਸਿੰਘ, ਏ.ਐਸ.ਆਈ. ਕੁਲਦੀਪ ਸਿੰਘ (ਹੁਣ ਮ੍ਰਿਤਕ), ਹੌਲਦਾਰ ਪਲਵਿੰਦਰ ਸਿੰਘ, ਹੌਲਦਾਰ ਰਾਮ ਸਿੰਘ, ਸਿਪਾਹੀ ਰਾਜਬੀਰ ਸਿੰਘ, ਸਿਪਾਹੀ ਹਰਪਿੰਦਰ ਸਿੰਘ, ਸਿਪਾਹੀ ਪਲਵਿੰਦਰ ਸਿੰਘ ਅਤੇ ਪੰਜਾਬ ਹੋਮ ਗਾਰਡ ਲਾਟਾ ਸਿੰਘ ਨੇ ਸ਼ਿਕਾਇਤਕਰਤਾ ਬਲਦੇਵ ਦੇ ਭਰਾ ਸੁਖਦੇਵ ਸਿੰਘ ਕੋਲੋਂ ਵੱਖ ਵੱਖ ਮੌਕਿਆਂ ‘ਤੇ 65,000 ਰੁਪਏ ਦੀ ਰਿਸ਼ਵਤ ਲਈ ਸੀ ਤੇ ਉਸ ਕੋਲ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਵੀਡੀਓ ਸਬੂਤ ਹਨ।ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤਕਰਤਾ ਵਲੋਂ ਕੀਤੀ ਸ਼ਿਕਾਇਤ ‘ਤੇ ਜਾਂਚ ਦੌਰਾਨ ਉਪਰੋਕਤ ਪੁਲਿਸ ਕਰਮਚਾਰੀਆਂ ਖਿਲਾਫ ਰਿਸ਼ਵਤਖੋਰੀ ਦੇ ਦੋਸ਼ ਸਹੀ ਪਾਏ ਗਏ ਅਤੇ ਬਿਊਰੋ ਨੇ ਹੌਲਦਾਰ ਰਾਮ ਸਿੰਘ, ਸਿਪਾਹੀ ਪਲਵਿੰਦਰ ਸਿੰਘ, ਸਿਪਾਹੀ ਹਰਪਿੰਦਰ ਸਿੰਘ ਅਤੇ ਪੰਜਾਬ ਹੋਮ ਗਾਰਡ ਦੇ ਲਾਟਾ ਸਿੰਘ ਨੂੰ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਦੋਸ਼ੀਆਂ ਖਿਲਾਫ ਵਿਭਾਗੀ ਕਾਰਵਾਈ ਦੀ ਸਿਫ਼ਾਰਸ਼ ਵੀ ਕੀਤੀ ਜਾਵੇਗੀ।