—ਨਸਿ਼ਆਂ ਦੀ ਤਸਕਰੀ, ਡ੍ਰੋਨ ਗਤੀਵਿਧੀਆਂ ਦੀ ਸੂਚਨਾ ਦੇਣ ਲਈ ਪਿੰਡ ਵਾਸੀਆਂ ਨੂੰ ਕੀਤਾ ਪ੍ਰੇਰਿਤ
ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਮੁਹਾਰ ਜਮਸ਼ੇਰ ਵਿਚ ਪਿੰਡ ਸੁਰੱਖਿਆ ਕਮੇਟੀ ਨਾਲ ਕੀਤੀ ਬੈਠਕ
—ਪਿੰਡ ਦੇ ਵਿਕਾਸ ਲਈ ਪ੍ਰਸ਼ਾਸਨ ਕਰੇਗਾ ਹਰ ਉਪਰਾਲਾ—ਡੀਸੀ ਸੇਨੂੰ ਦੁੱਗਲ
—ਪਿੰਡ ਦੇ ਨੌਜਵਾਨਾਂ ਨੂੰ ਪੁਲਿਸ ਅਤੇ ਫੌਜ਼ ਦੀ ਭਰਤੀ ਲਈ ਫਿਜੀਕਲ ਸਿਖਲਾਈ ਦੇਣ ਵਿਚ ਪੁਲਿਸ ਕਰੇਗੀ ਮਦਦ—ਐਸਐਸਪੀ ਅਵਨੀਤ ਕੌਰ ਸਿੱਧੂ
ਫਾਜਿ਼ਲਕਾ, 23 ਫਰਵਰੀ
ਫਾਜਿ਼ਲਕਾ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਦੁਸ਼ਮਣ ਦੇਸ਼ ਦੀਆਂ ਨਸ਼ੇ ਦੀ ਤਸਕਰੀ ਅਤੇ ਡ੍ਰੋਨ ਗਤੀਵਿਧੀਆਂ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ ਗਠਿਤ ਕੀਤੀਆਂ ਪਿੰਡ ਸੁਰੱਖਿਆ ਕਮੇਟੀਆਂ ਨੂੰ ਹੋਰ ਮਜਬੂਤੀ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਅੱਜ ਕੌਮਾਂਤਰੀ ਸਰਹੱਦ ਦੇ ਬਿਲਕੁਲ ਨਾਲ ਵਸੇ ਪਿੰਡ ਮੁਹਾਰ ਜਮਸ਼ੇਰ ਵਿਖੇ 4 ਪਿੰਡਾਂ ਦੀਆਂ ਪਿੰਡ ਸੁਰੱਖਿਆ ਕਮੇਟੀਆਂ ਨਾਲ ਬੈਠਕ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਲੋਕਾਂ ਨੂੰ ਨਸ਼ੇ ਖਿਲਾਫ ਸਹੁੰ ਵੀ ਚੁਕਾਈ ਅਤੇ ਕਿਹਾ ਕਿ ਜ਼ੇਕਰ ਸਾਂਝੇ ਯਤਨ ਕਰਾਂਗੇ ਤਾਂ ਅਸੀਂ ਸਮਾਜ ਵਿਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰ ਸਕਦੇ ਹਾਂ । ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਦੱਸੀਆਂ ਮੁਸਕਿਲਾਂ ਦੇ ਹੱਲ ਲਈ ਜਿ਼ਲ੍ਹਾ ਪ੍ਰਸ਼਼ਾਸਨ ਹਰ ਸੰਭਵ ਉਪਰਾਲਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦਾ ਇੰਨ੍ਹਾਂ ਸਰਹੱਦੀ ਪਿੰਡਾਂ ਨਾਲ ਵਿਸੇਸ਼ ਲਗਾਵ ਰਿਹਾ ਹੈ, ਇਸ ਲਈ ਪ੍ਰਸ਼ਾਸਨ ਲਗਾਤਾਰ ਇੰਨ੍ਹਾਂ ਪਿੰਡਾਂ ਦੀ ਬਿਹਤਰੀ ਲਈ ਕਾਰਜਸ਼ੀਲ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪੜਾਈ ਕਰਨ ਅਤੇ ਖੇਡਾਂ ਵਿਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਤੋਂ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਲਈ ਸਿਵਲ ਹਸਪਤਾਲ ਫਾਜਿ਼ਲਕਾ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਐਸਐਸਪੀ ਸ੍ਰੀਮਤੀ ਅਵਨੀਤ ਕੌਰ ਸਿੱਧੂ ਨੇ ਇਸ ਮੌਕੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਤਸਕਰੀ ਲਈ ਇੱਧਰ ਆਉਣ ਵਾਲੇ ਬਾਹਰੀ ਵਿਅਕਤੀਆਂ ਜਾਂ ਪਾਕਿਸਤਾਨ ਵੱਲੋਂ ਕੀਤੀਆਂ ਜਾਂਦੀਆਂ ਡ੍ਰੋਨ ਗਤੀਵਿਧੀਆਂ ਦੀ ਸੂਚਨਾ ਪੁਲਿਸ ਨੂੰ ਦੇਣ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਐਸਐਸਪੀ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਜਿਹੜੇ ਨੌਜਵਾਨ ਪੁਲਿਸ ਜਾਂ ਫੌਜ਼ ਵਿਚ ਭਰਤੀ ਹੋਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਫਿਜੀਕਲ ਸਿਖਲਾਈ ਲਈ ਹਫਤੇ ਵਿਚ ਦੋ ਦਿਨ ਪੁਲਿਸ ਦੇ ਕੋਚ ਆ ਕੇ ਸਿਖਲਾਈ ਦੇ ਗੁਰ ਦੇ ਕੇ ਜਾਇਆ ਕਰਣਗੇ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਲੋਕ ਨਸ਼ੇ ਤੋਂ ਦੂਰ ਹਨ ਅਤੇ ਉਨ੍ਹਾਂ ਨੇ ਪਿੰਡ ਦੀਆਂ ਵੱਖ ਵੱਖ ਮੁਸਕਿਲਾਂ ਡਿਪਟੀ ਕਮਿਸ਼ਨਰ ਅਤੇ ਐਸਐਸੀਪੀ ਦੇ ਸਨਮੁੱਖ ਰੱਖੀਆ।
ਇਸ ਮੌਕੇ ਡੀਐਸਪੀ ਸੁਬੇਗ ਸਿੰਘ ਨੇ ਪਿੰਡ ਵਾਸੀਆਂ ਨੂੰ ਆਪਸੀ ਮਸਲੇ ਪੰਚਾਇਤ ਪੱਧਰ ਤੇ ਹੀ ਨਿਬੇੜਨ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀ ਖਜਾਨ ਸਿੰਘ ਤੋਂ ਇਲਾਵਾ ਮੁਹਾਰ ਜਮਸੇਰ, ਮੁਹਾਰ ਖੀਵਾ, ਮੁਹਾਰ ਖੀਵਾ ਭਵਾਨੀ ਆਦਿ ਦੇ ਪਤਵੰਤੇ ਹਾਜਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਬਾਅਦ ਵਿਚ ਸਕੂਲ ਦਾ ਦੌਰਾ ਵੀ ਕੀਤਾ ਗਿਆ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਵੀ ਲਿਆ।