ਪੰਜਾਬ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ

– ਤੁਰਕੀ ਅਧਾਰਤ ਹੈਰੋਇਨ ਸਮੱਗਲਰ ਨਵਪ੍ਰੀਤ ਉਰਫ ਨਵ ਇਸ ਸਿੰਡੀਕੇਟ ਦਾ ਮਾਸਟਰਮਾਈਂਡ: ਡੀਜੀਪੀ ਗੌਰਵ ਯਾਦਵ

– ਸਿੰਡੀਕੇਟ ਦਾ ਨੈਟਵਰਕ 5 ਦੇਸ਼ਾਂ – ਈਰਾਨ, ਅਫਗਾਨਿਸਤਾਨ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ ਅਤੇ ਸਥਾਨਕ ਨੈਟਵਰਕ ਦੋ ਸੂਬਿਆਂ – ਜੰਮੂ-ਕਸ਼ਮੀਰ ਅਤੇ ਗੁਜਰਾਤ ਵਿੱਚ ਫੈਲਿਆ: ਡੀਜੀਪੀ ਪੰਜਾਬ

– ਪੁਲਿਸ ਨੇ ਸਤਨਾਮ ਸਿੰਘ ਕੋਲੋਂ 8 ਕਿਲੋ ਹੈਰੋਇਨ, ਜਦਕਿ ਬਾਕੀ 40 ਕਿਲੋ ਹੈਰੋਇਨ ਅਤੇ 21 ਲੱਖ ਰੁਪਏ ਦੀ ਡਰੱਗ ਮਨੀ ਉਸਦੀ ਧੀ ਅਤੇ ਜਵਾਈ ਕੋਲੋਂ ਕੀਤੀ ਬਰਾਮਦ: ਸੀਪੀ ਜਲੰਧਰ ਸਵਪਨ ਸ਼ਰਮਾ

ਚੰਡੀਗੜ੍ਹ/ਜਲੰਧਰ, 29 ਅਪ੍ਰੈਲ:

ਸਾਲ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦੇ ਤਿੰਨ ਮੈਂਬਰਾਂ ਨੂੰ 48 ਕਿਲੋ ਹੈਰੋਇਨ ਅਤੇ 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਇਸ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਉਰਫ਼ ਬੱਬੀ ਵਾਸੀ ਪਿੰਡ ਢੰਡੀਆਂ,  ਨਵਾਂਸ਼ਹਿਰ ਜੋ ਮੌਜੂਦਾ ਸਮੇਂ ਹੁਸ਼ਿਆਰਪੁਰ ਦੇ ਸੁਭਾਸ਼ ਨਗਰ ਵਿਖੇ ਰਹਿ ਰਿਹਾ ਹੈ; ਉਸ ਦੀ ਧੀ ਅਮਨ ਰੋਜ਼ੀ ਅਤੇ ਉਸ ਦੇ ਜਵਾਈ ਹਰਦੀਪ ਸਿੰਘ ਵਜੋਂ ਹੋਈ ਹੈ। ਹੈਰੋਇਨ ਅਤੇ ਡਰੱਗ ਮਨੀ ਜ਼ਬਤ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਤਿੰਨ ਲਗਜ਼ਰੀ ਕਾਰਾਂ, ਜਿਨ੍ਹਾਂ ਵਿਚ ਟੋਇਟਾ ਇਨੋਵਾ, ਮਹਿੰਦਰਾ ਐਕਸਯੂਵੀ ਅਤੇ ਹੁੰਡਈ ਵਰਨਾ ਸ਼ਾਮਲ ਹਨ, ਜ਼ਬਤ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਕਬਜ਼ੇ ਵਿਚੋਂ ਕੈਸ਼ ਕਾਉਂਟਿੰਗ ਮਸ਼ੀਨ ਵੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਡਰੱਗ ਸਿੰਡੀਕੇਟ ਦਾ ਨੈਟਵਰਕ 5 ਦੇਸ਼ਾਂ – ਈਰਾਨ, ਅਫਗਾਨਿਸਤਾਨ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ ਅਤੇ ਸਥਾਨਕ ਨੈਟਵਰਕ ਦੋ ਸੂਬਿਆਂ – ਜੰਮੂ-ਕਸ਼ਮੀਰ ਅਤੇ ਗੁਜਰਾਤ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਸਿੰਡੀਕੇਟ ਸਰਹੱਦ ਪਾਰ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਰੋਇਨ ਦੀ ਇਸ ਖੇਪ ਨੂੰ ਭਾਰਤ ਵਿੱਚ ਭੇਜਣ ਲਈ ਗੁਜਰਾਤ ਦੇ ਸਮੁੰਦਰੀ ਮਾਰਗ ਅਤੇ ਜੰਮੂ-ਕਸ਼ਮੀਰ ਦੇ ਮੈਦਾਨੀ ਰਸਤੇ ਦੀ ਵਰਤੋਂ ਕੀਤੀ ਗਈ ਸੀ।
ਡੀਜੀਪੀ ਨੇ ਦੱਸਿਆ ਕਿ ਤੁਰਕੀ ਅਧਾਰਤ ਹੈਰੋਇਨ ਸਮੱਗਲਰ, ਜਿਸ ਦੀ ਪਛਾਣ ਨਵਪ੍ਰੀਤ ਸਿੰਘ ਉਰਫ ਨਵ ਵਜੋਂ ਹੋਈ ਹੈ, ਇਸ ਸਿੰਡੀਕੇਟ ਦਾ ਮਾਸਟਰਮਾਈਂਡ ਹੈ। ਜ਼ਿਕਰਯੋਗ ਹੈ ਕਿ 2021 ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਜ਼ਬਤ ਕੀਤੀ 350 ਕਿਲੋ ਹੈਰੋਇਨ ਦੀ ਤਸਕਰੀ ਵਿੱਚ ਨਵਪ੍ਰੀਤ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਸਵਪਨ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ
ਵਾਈ-ਪੁਆਇੰਟ ਭਗਤ ਸਿੰਘ ਕਾਲੋਨੀ ਬਾਈਪਾਸ ਨੇੜੇ ਵਿਸ਼ੇਸ਼ ਨਾਕਾ ਲਗਾਇਆ ਗਿਆ ਅਤੇ ਚੈਕਿੰਗ ਦੌਰਾਨ ਟੋਇਟਾ ਇਨੋਵਾ ਕਾਰ ਜਿਸਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.08-ਡੀ.ਐਸ.-2958 ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਡਰਾਈਵਰ ਸਤਨਾਮ ਸਿੰਘ ਉਰਫ਼ ਬੱਬੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮਾਂ ਨੇ ਉਸਨੂੰ ਕਾਬੂ ਕਰ ਲਿਆ ਅਤੇ ਉਸਦੇ ਵਾਹਨ ਦੀ ਤਲਾਸ਼ੀ ਲੈਣ ‘ਤੇ ਗੱਡੀ ਦੇ ਅੰਦਰ ਰੱਖੇ ਬੈਗ ਵਿੱਚ ਛੁਪਾ ਕੇ ਰੱਖੀ 8 ਕਿਲੋ ਹੈਰੋਇਨ ਬਰਾਮਦ ਹੋਈ।
ਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਸਤਨਾਮ ਨੇ ਖੁਲਾਸਾ ਕੀਤਾ ਕਿ ਉਸਦੀ ਧੀ ਅਮਨ ਰੋਜ਼ੀ ਵਿੱਤੀ ਰਿਕਾਰਡ ਦੀ ਸਾਂਭ ਸੰਭਾਲ ਕਰਦੀ ਸੀ ਅਤੇ ਉਸਦਾ ਜਵਾਈ ਹਰਦੀਪ ਸਿੰਘ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੈਰੋਇਨ ਦੀ ਵੰਡ ਦਾ ਕੰਮ ਕਰਦਾ ਸੀ ਅਤੇ ਆਉਣ-ਜਾਣ ਲਈ ਉਹ ਅਕਸਰ ਵੱਖ-ਵੱਖ ਵਾਹਨਾਂ ਦੀ ਵਰਤੋਂ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਦੋਵਾਂ ਸ਼ੱਕੀਆਂ ਨੂੰ ਨਕੋਦਰ, ਜਲੰਧਰ ਰੋਡ ਤੋਂ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 40 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ, ਦੋ ਵਾਹਨ ਅਤੇ ਕੈਸ਼ ਕਾਊਂਟਿੰਗ ਮਸ਼ੀਨ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਹੋਰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਸਾਲ 2017 ‘ਚ ਨਸ਼ੇ ਨਾਲ ਸਬੰਧਤ ਮਾਮਲੇ ਵਿੱਚ ਹੁਸ਼ਿਆਰਪੁਰ ਜੇਲ ‘ਚ ਕੈਦ ਦੌਰਾਨ ਦੋਸ਼ੀ ਸਤਨਾਮ ਸਿੰਘ ਨੇ ਨਸ਼ੇ ਦੇ ਵੱਡੇ ਸਰਗਨਿਆਂ ਨਾਲ ਹੱਥ ਮਿਲਾਇਆ ਅਤੇ ਜ਼ਮਾਨਤ ਮਿਲਣ ਉਪਰੰਤ ਵੱਡੀ ਮਾਤਰਾ ‘ਚ ਹੈਰੋਇਨ ਮੰਗਵਾਉਣੀ ਸ਼ੁਰੂ ਕਰ ਦਿੱਤੀ ।
ਦੱਸਣਯੋਗ ਹੈ ਕਿ ਸਾਲ 2023 ਵਿੱਚ, ਸਤਨਾਮ ਦੇ ਪੁੱਤਰ ਮਨਜੀਤ ਸਿੰਘ ਨੂੰ ਵੀ ਜੰਮੂ ਵਿੱਚ ਇੱਕ ਹੋਰ ਡਰੱਗ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਸਦਕਾ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ, ਪੈਸੇ, ਵਾਹਨਾਂ ਅਤੇ ਹੋਰ ਸਮਾਨ ਦੀ ਬਰਾਮਦਗੀ ਹੋਈ ਸੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!