ਪੰਜਾਬ
*ਜਲ ਸਰੋਤ ਮੰਤਰੀ ਵੱਲੋਂ ਮ੍ਰਿਤਕ ਪਸ਼ੂਆਂ ਨੂੰ ਕਿਸੇ ਵੀ ਜਲ ਸਰੋਤ ਵਿੱਚ ਨਾ ਵਹਾਉਣ ਦੀ ਅਪੀਲ*
ਚੰਡੀਗੜ੍ਹ, 12 ਅਗਸਤ:
ਪੰਜਾਬ ਦੇ ਜਲ ਸਰੋਤ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸੂਬੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਮ੍ਰਿਤਕ ਪਸ਼ੂਆਂ ਨੂੰ ਕਿਸੇ ਵੀ ਜਲ ਸਰੋਤ ਵਿੱਚ ਨਾ ਵਹਾਉਣ।
ਇਸ ਸਬੰਧੀ ਜਾਰੀ ਬਿਆਨ ਵਿੱਚ ਸ. ਬੈਂਸ ਨੇ ਕਿਹਾ ਕਿ ਵੱਖ-ਵੱਖ ਅਖ਼ਬਾਰਾਂ ਰਾਹੀਂ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਕੁੱਝ ਖੇਤਰਾਂ ਵਿੱਚ ਲੰਪੀ ਸਕਿੱਨ ਬੀਮਾਰੀ ਨਾਲ ਮਾਰੇ ਗਏ ਪਸ਼ੂਆਂ ਨੂੰ ਨਦੀਆਂ ਵਿੱਚ ਵਹਾਇਆ ਜਾ ਰਿਹਾ ਹੈ ਅਤੇ ਮਹਿਮਾ ਭਾਗਵਾਨਾ ਪਿੰਡ ਨਜ਼ਦੀਕ ਕੋਟਭਾਈ ਕੱਸੀ ਵਿੱਚ 5 ਮਿ੍ਤਕ ਪਸ਼ੂ ਤੈਰ ਰਹੇ ਸਨ।
ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੰਪੀ ਸਕਿੱਨ ਬੀਮਾਰੀ ਕਾਰਨ ਮਾਰੇ ਗਏ ਪਸ਼ੂਆਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਾਈਜੀਨਿਕ ਵਿਧੀ ਅਪਣਾਉਂਦੇ ਹੋਏ ਡੂੰਘਾ ਟੋਆ ਪੁੱਟ ਕੇ ਦੱਬਿਆ ਜਾਵੇ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਜਲ ਸਰੋਤਾਂ ਵਿੱਚ ਮ੍ਰਿਤਕ ਪਸ਼ੂਆਂ ਨੂੰ ਵਹਾਉਣ ਨਾਲ ਆਮ ਲੋਕਾਂ ਲਈ ਖਤਰਾ ਪੈਦਾ ਹੋ ਜਾਵੇਗਾ।
ਜਲ ਸਰੋਤ ਮੰਤਰੀ ਦੀ ਹਦਾਇਤ ‘ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਲੰਪੀ ਸਕਿੱਨ ਬੀਮਾਰੀ ਨਾਲ ਮਾਰੇ ਗਏ ਪਸ਼ੂਆਂ ਨੂੰ ਜਲ ਸਰੋਤਾਂ ਵਿੱਚ ਵਹਾਉਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਅਜਿਹਾ ਕਰਦਾ ਪਾਏ ਜਾਣ ‘ਤੇ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।