ਪੰਜਾਬ
*ਪੁਰਾਣੀ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਜਾਰੀ ਹੋਣ ’ਤੇ ਉਦਯੋਗ ਤੇ ਕਾਮਰਸ ਵਿਭਾਗ ਦੀ ਕਰਮਚਾਰੀ ਯੂਨੀਅਨ ਵੱਲੋਂ ਸਵਾਗਤੀ ਰੈਲੀ*
*ਰਾਣੀ ਪੈਨਸ਼ਨ ਸਕੀਮ ਦਾ ਮਸਲਾ ਸਿਰਫ਼ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੀ ਕਰ ਸਕਦੀ ਸੀ: ਰੰਜੀਵ ਕੁਮਾਰ ਸ਼ਰਮਾ
ਚੰਡੀਗਡ਼੍ਹ, 22 ਨਵੰਬਰ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਬੀਤੇ ਦਿਨੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਜਾਰੀ ਕੀਤੀ ਗਈ ਭਰੋਸਗੀ ਨੋਟੀਫਿਕੇਸ਼ਨ ਨੂੰ ਲੈ ਕੇ ਅੱਜ ਸੈਕਟਰ 17 ਚੰਡੀਗਡ਼੍ਹ ਵਿੱਚ ਉਦਯੋਗ ਅਤੇ ਕਾਮਰਸ ਵਿਭਾਗ ਮੁਲਾਜ਼ਮ ਐਸੋਸੀਏਸ਼ਨ ਵੱਲੋਂ ਸਵਾਗਤੀ ਰੈਲੀ ਕੀਤੀ ਗਈ ਜਿਸ ਵਿੱਚ ਸ਼ਾਮਿਲ ਹੋਏ ਵੱਖ-ਵੱਖ ਵਿਭਾਗਾਂ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੇ ‘ਆਪ’ ਸਰਕਾਰ ਦੀ ਇਸ ਨੋਟੀਫਿਕੇਸ਼ਨ ਦਾ ਸਵਾਗਤ ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਰੰਜੀਵ ਕੁਮਾਰ ਸ਼ਰਮਾ, ਜਨਰਲ ਸਕੱਤਰ ਰਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਇਸ ਸਵਾਗਤੀ ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਪੱਤਲੀ ਨੂੰ ਵਿਸ਼ੇਸ਼ ਤੌਰ ’ਤੇ ਸੱਦ ਕੇ ਉਨ੍ਹਾਂ ਦਾ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਵਾਉਣ ਲਈ ਧੰਨਵਾਦ ਕੀਤਾ ਗਿਆ।
ਸਵਾਗਤੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਪੁਰਾਣੀ ਪੈਨਸ਼ਨ ਸਕੀਮ ਦਾ ਮਸਲਾ ਸਿਰਫ਼ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੀ ਕਰ ਸਕਦੀ ਸੀ ਜਿਸ ਨੇ ਕਿ ਆਪਣੀ ਸਰਕਾਰ ਬਣਨ ਦੇ ਸਿਰਫ਼ 7 ਮਹੀਨਿਆਂ ਦੇ ਕਾਰਜਕਾਲ ਅੰਦਰ ਹੀ ਕਰ ਵਿਖਾਇਆ ਅਤੇ ਮੁਲਾਜ਼ਮਾਂ ਦੀ ਵਾਹੋ ਵਾਹੀ ਖੱਟੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਭਰੋਸਾ ਦਿੱਤਾ ਹੈ ਅਤੇ ਸਰਕਾਰ ਦੀ ਜਾਣਕਾਰੀ ਮੁਤਾਬਕ ਵਿਸਥਾਰਪੂਰਵਕ ਨੋਟੀਫਿਕੇਸ਼ਨ ਵੀ ਜਲਦ ਆ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਮੇਲ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਪੱਤਲੀ ਵੱਲੋਂ ਬੀਤੇ ਸਮੇਂ ਦੌਰਾਨ ਸਰਕਾਰ ਨਾਲ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀਆਂ ਮੀਟਿੰਗਾਂ ਸਰਕਾਰ ਨਾਲ ਕਰਵਾ-ਕਰਵਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਕੀਤੀ ਗਈ ਵਕਾਲਤ ਦੇ ਲਈ ਮੁਲਾਜ਼ਮ ਵਰਗ ਉਨ੍ਹਾਂ ਦਾ ਧੰਨਵਾਦੀ ਹੈ।
ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਅਤੇ ਦਰਸ਼ਨ ਸਿੰਘ ਪੱਤਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਨੂੰ 2.59 ਗੁਣਾਂਕ ਦਾ ਲਾਭ ਦੇਣਾ, 2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਨੂੰ ਲੀਵ-ਇਨਕੈਸ਼ਮੈਂਟ ਅਦਾ ਕਰਨੀ ਅਤੇ ਪਰਖਕਾਲ ਸਮਾਂ ਘਟਾਉਣਾ ਆਦਿ ਮਾਮਲੇ ਵੀ ਸਰਕਾਰ ਦੇ ਧਿਆਨ ਗੋਚਰੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਇਮਾਨਦਾਰ ਸਰਕਾਰ ਨੂੰ ਕੁਝ ਸਮਾਂ ਜ਼ਰੂਰ ਦੇਣ ਤਾਂ ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਰਹਿੰਦੇ ਮਸਲੇ ਵੀ ਹੱਲ ਕੀਤੇ ਜਾ ਸਕਣ।
ਪੈਨਸ਼ਨਰ ਕਨਫੈਡਰੇਸ਼ਨ ਦੇ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਨੇ ਵੀ ਰੈਲੀ ਵਿੱਚ ਪਹੁੰਚ ਕੇ ਇਸ ਗੱਲ ਦੀ ਤਾਕੀਦ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਉਤੇ ਮੁਹਰ ਲਗਾਈ ਅਤੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਦਿੱਤੀਆਂ ਗਰੰਟੀਆਂ ਪੂਰੀਆਂ ਹੋ ਰਹੀਆਂ ਹਨ।
ਇਸ ਮੌਕੇ ਉਦਯੋਗ ਵਿਭਾਗ ਤੋਂ ਮੁਲਾਜ਼ਮ ਆਗੂ ਅਮਰਜੀਤ ਸਿੰਘ, ਕੁਲਵੀਰ ਸਿੰਘ, ਰਾਬਰਟ ਮਸੀਹ, ਟਰਾਂਸਪੋਰਟ ਵਿਭਾਗ ਸਟਾਫ਼ ਐਸੋਸੀਏਸ਼ਨ ਦੇ ਆਗੂ ਲਾਭ ਸਿੰਘ ਸੈਣੀ ਸਮੇਤ ਪੀ.ਡਬਲਿਯੂ. (ਬੀ.ਐਂਡ ਆਰ.) ਵਿਭਾਗ ਦੇ ਮੁਲਾਜ਼ਮਾਂ ਵੀ ਹਾਜ਼ਰ ਸਨ ਅਤੇ ਇਸ ਦੇ ਨਾਲ ਹੀ ਜਲ ਸਰੋਤ ਵਿਭਾਗ ਪੰਜਾਬ ਦੇ ਮੁਲਾਜ਼ਮਾਂ ਨੇ ਵੀ ਸਰਕਾਰ ਦੀ ਨੋਟੀਫਿਕੇਸ਼ਨ ਦਾ ਸਵਾਗਤ ਕੀਤਾ।