ਪੰਜਾਬ

ਬਠਿੰਡਾ ਕਤਲ ਕਾਂਡ: ਪੰਜਾਬ ਪੁਲਿਸ ਵੱਲੋਂ ਰਿਕਾਰਡ ਸਮੇਂ ਵਿੱਚ 72 ਘੰਟਿਆਂ ਅੰਦਰ ਸ਼ੂਟਰ ਕਾਬੂ

 

ਇੱਕ ਸ਼ੂਟਰ ਦੇ ਲੱਤ ਵਿੱਚ ਲੱਗੀ ਗੋਲੀ ; 2 ਪਿਸਤੌਲਾਂ ਬਰਾਮਦ

– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧ

 

– ਉਕਤ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਡੀਐਸਪੀ ਪਵਨ ਕੁਮਾਰ ਅਤੇ ਗ੍ਰਿਫਤਾਰ ਸ਼ੂਟਰ ਲਵਜੀਤ ਜ਼ਖਮੀ : ਆਈਜੀਪੀ ਗੁਰਪ੍ਰੀਤ ਸਿੰਘ ਭੁੱਲਰ

 

– ਮੁੱਢਲੀ ਜਾਂਚ ਅਨੁਸਾਰ ਕਾਬੂ ਕੀਤੇ ਵਿਅਕਤੀਆਂ ਦਾ ਅਰਸ਼ ਡੱਲ੍ਹਾ ਗੈਂਗ ਨਾਲ ਸਬੰਧਤ ਹੋਣ ਦਾ ਖੁਲਾਸਾ : ਐੱਸਐੱਸਪੀ ਸੰਦੀਪ ਗਰਗ

 

ਚੰਡੀਗੜ੍ਹ/ਐਸ.ਏ.ਐਸ.ਨਗਰ, 1 ਨਵੰਬਰ:

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਬਠਿੰਡਾ ਦੇ ਬਲਟਾਣਾ ਵਿੱਚ ਹੋਟਨ ਗ੍ਰੈਂਡ ਵਿਸਟਾ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ , ਬਠਿੰਡਾ ਵਿੱਚ ਕੁਲਚਿਆਂ ਦੀ ਦੁਕਾਨ ਦੇ ਮਾਲਕ ਦੇ ਕਤਲ ਕੇਸ ਸਬੰਧੀ ਮੁੱਖ ਸ਼ੂਟਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

 

ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ, ਜੋ ਐਸ.ਐਸ.ਪੀ. ਐਸ.ਏ.ਐਸ.ਨਗਰ, ਡਾ: ਸੰਦੀਪ ਗਰਗ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਗੋਲੀ ਮਾਰਨ ਵਾਲੇ ਦੀ ਪਛਾਣ ਭੀਖੀ, ਮਾਨਸਾ ਦੇ ਰਹਿਣ ਵਾਲੇ ਲਵਜੀਤ ਸਿੰਘ ਵਜੋਂ ਹੋਈ ਹੈ, ਜਦਕਿ ਉਸਦੇ ਦੋ ਸਾਥੀਆਂ ਦੀ ਪਛਾਣ ਪਰਮਜੀਤ ਸਿੰਘ ਅਤੇ ਕਮਲਜੀਤ ਸਿੰਘ ਦੋਵੇਂ ਵਾਸੀ ਮਾਨਸਾ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਇਨ੍ਹਾਂ ਕੋਲੋਂ .30 ਬੋਰ ਦੇ ਦੋ ਪਿਸਤੌਲਾਂ ਸਮੇਤ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

 

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਕੁਲਚਾ ਦੁਕਾਨ ਦੇ ਮਾਲਕ ਹਰਜਿੰਦਰ ਸਿੰਘ ਉਰਫ਼ ਮੇਲਾ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਦੁਕਾਨ ਦੇ ਬਾਹਰ ਕੁਰਸੀ ’ਤੇ ਬੈਠਾ ਸੀ । ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਆਈਪੀਸੀ ਦੀ ਧਾਰਾ 302 ਅਤੇ 120ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 184 ਮਿਤੀ 28/10/23 ਨੂੰ ਪਹਿਲਾਂ ਹੀ ਕੇਸ ਦਰਜ ਕੀਤਾ ਗਿਆ ਸੀ।

 

ਆਈਜੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਬਲਟਾਣਾ ਦੇ ਇੱਕ ਹੋਟਲ ਵਿੱਚ ਲੁਕੇ ਹੋਏ ਬਠਿੰਡਾ ਕਤਲ ਕਾਂਡ ਨਾਲ ਸਬੰਧਤ ਦੋਸ਼ੀਆਂ ਬਾਰੇ ਪੁਖ਼ਤਾ ਇਤਲਾਹ ਤੋਂ ਬਾਅਦ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਦੀਆ ਪੁਲਿਸ ਟੀਮਾਂ ਨੇ ਬਲਟਾਣਾ ਦੇ ਇੱਕ ਹੋਟਲ ਗ੍ਰੈਂਡ ਵਿਸਟਾ ਵਿਖੇ ਦੋਸ਼ੀਆਂ ਦਾ ਖੁਰਾ ਨੱਪਣ ਵਿੱਚ ਕਾਮਯਾਬੀ ਹਾਸਲ ਕੀਤੀ । ਜਦੋਂ ਪੁਲਿਸ ਟੀਮਾਂ ਨੇ ਹੋਟਲ ਨੂੰ ਘੇਰ ਲਿਆ ਤਾਂ ਇੱਕ ਦੋਸ਼ੀ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਪੁਲਿਸ ਟੀਮ ਦੀ ਅਗਵਾਈ ਕਰ ਰਹੇ ਡੀਐਸਪੀ ਪਵਨ ਕੁਮਾਰ ਜ਼ਖਮੀ ਹੋ ਗਏ।

 

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਵੀ ਆਤਮ ਰੱਖਿਆ ’ਚ ਜਵਾਬੀ ਗੋਲੀਬਾਰੀ ਕੀਤੀ, ਜਿਸ ਦੌਰਾਨ ਦੋਸ਼ੀ ਲਵਜੀਤ ਸਿੰਘ ਦੀ ਸੱਜੀ ਲੱਤ ’ਚ ਵੀ ਗੋਲੀ ਲੱਗੀ । ਉਨ੍ਹਾਂ ਦੱਸਿਆ ਕਿ ਜ਼ਖ਼ਮੀ ਡੀਐਸਪੀ ਪਵਨ ਕੁਮਾਰ ਅਤੇ ਮੁਲਜ਼ਮ ਲਵਜੀਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 

ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ, ਅਰਸ਼ ਡੱਲ੍ਹਾ ਗਿਰੋਹ, ਜਿਸ ਨੇ ਹਰਜਿੰਦਰ ਮੇਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ, ਦੇ ਮੈਂਬਰ ਹਨ । ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

 

ਇਸ ਸਬੰਧੀ ਨਵੀਂ ਐਫਆਈਆਰ ਨੰ. 321 ਮਿਤੀ 01/11/2023 ਨੂੰ ਆਈ.ਪੀ.ਸੀ. ਦੀ ਧਾਰਾ 307, 353, 186 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਜ਼ੀਰਕਪੁਰ ਵਿਖੇ ਕੇਸ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!