*36000 ਕੱਚੇ ਮੁਲਾਜ਼ਮਾਂ ਦੀ ਪਾਲਿਸੀ ਦੀ ਥਾਂ 9000 ਮੁਲਾਜ਼ਮਾਂ ਦੀ ਪਾਲਿਸੀ ਲੈ ਕਿ ਆਈ ਪੰਜਾਬ ਸਰਕਾਰ*
*ਆਪ ਸਰਕਾਰ ਦੀ ਕਾਣੀ ਵੰਡ ਤੋਂ ਕੱਚੇ ਮੁਲਾਜ਼ਮ ਖ਼ਫ਼ਾ
09 ਸਤੰਬਰ (ਮੋਹਾਲੀ) ਪੰਜਾਬ ਦੀ ਆਮ ਆਦਮੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਸੱਤਾ ਵਿੱਚ ਆਉਣ ਸਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਆਪਣੀ ਵਚਨਬੱਧਤਾ ਲਗਾਤਾਰ ਦੁਹਰਾਈ ਜਾਂਦੀ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਬਕਾਇਦਾ ਬਿਆਨ ਦੀ ਦਿੱਤਾ ਗਿਆ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਜਟ ਵਿੱਚ ਵੀ ਪ੍ਰਾਵਧਾਨ ਰੱਖਿਆ ਗਿਆ ਸੀ। ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪਾਲਿਸੀ ਤਿਆਰ ਕਰਨ ਲਈ ਤਿੰਨ ਕੈਬਨਿਟ ਮੰਤਰੀਆਂ ਆਧਾਰਿਤ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਹੈ। ਲਗਾਤਾਰ ਕਮੇਟੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਮੀਟਿੰਗ ਕਰਦੀ ਰਹੀ ਹੈ ਅਤੇ ਹੁਣ ਲੰਘੀ 5 ਸਤੰਬਰ ਨੂੰ ਕੈਬਨਿਟ ਮੀਟਿੰਗ ਵਿੱਚ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ,ਜਿਸ ਅਨੁਸਾਰ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣੇ ਹਨ। ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਨੇ 8736 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕਰਕੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ।ਇਸੇ ਦਿਨ ਤੋਂ ਲੈਕੇ ਕੱਚੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਕਿਹੜੇ ਮੁਲਾਜ਼ਮ ਇਸ ਪਾਲਿਸੀ ਅਧੀਨ ਲਿਆ ਪੱਕੇ ਕੀਤੇ ਜਾਣਗੇ।ਇਸੇ ਮੁੱਦੇ ਨੂੰ ਲੈ ਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ ਲਗਭਗ 15 ਸਾਲਾਂ ਤੋਂ ਨੌਕਰੀ ਕਰ ਨਰੇਗਾ ਮੁਲਾਜ਼ਮਾਂ ਵਿੱਚ ਵੀ ਬੇਚੈਨੀ ਪਸਰ ਗਈ ਹੈ। ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਸ਼ੇ ਖਾਂ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ,ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਜੋਸ਼ਨ, ਮੀਤ ਪ੍ਰਧਾਨ ਈਸ਼ਵਰਪਾਲ ਸਿੰਘ, ਸਿੰਘ, ਵਿੱਤ ਸਕੱਤਰ ਸੰਜੀਵ ਕਾਕੜਾ, ਸਰਪ੍ਰਸਤ ਵਰਿੰਦਰ ਸਿੰਘ, ਚੇਅਰਮੈਨ ਰਣਧੀਰ ਸਿੰਘ ਧੀਮਾਨ, ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਸਲਾਹਕਾਰ ਸੁਖਦੇਵ ਸਿੰਘ ਆਦਿ ਆਗੂਆਂ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਰੇਗਾ ਮੁਲਾਜ਼ਮਾਂ ਦੀ ਪਿੰਡਾਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਹੈ। ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤਰਜ਼ਮਾਨੀ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ,ਵਿੱਤ ਮੰਤਰੀ ਹਰਪਾਲ ਚੀਮਾ ਜੀ ਵੱਲੋਂ ਵਾਰ-ਵਾਰ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਪ੍ਰੰਤੂ ਅਜੇ ਤੱਕ ਵੀ ਇਹ ਸਪਸ਼ਟ ਨਹੀਂ ਹੈ ਕਿ ਨਰੇਗਾ ਮੁਲਾਜ਼ਮਾਂ ਨੂੰ ਪਾਲਿਸੀ ਅਧੀਨ ਲਿਆ ਕੇ ਕਦੋਂ ਪੱਕੇ ਕੀਤਾ ਜਾਣਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਮਾਨ ਸਾਹਿਬ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਅਤੇ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਜੀ ਵੱਲੋਂ 36000 ਮੁਲਾਜ਼ਮਾਂ ਬਾਰੇ ਸਪੱਸ਼ਟ ਕਰਨ। ਜਿਹੜੇ ਨਰੇਗਾ ਮੁਲਾਜ਼ਮ ਪਾਲਿਸੀ ਦੀਆਂ ਮੱਦਾਂ ਪੂਰੀਆਂ ਕਰਦੇ ਹਨ ਓਹਨਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ,10 ਸਾਲ ਤੋਂ ਘੱਟ ਸੇਵਾ ਵਾਲੇ ਮੁਲਾਜ਼ਮਾਂ ਨੂੰ ਸੇਵਾ ਪੂਰੀ ਹੋਣ ਤੇ ਰੈਗੂਲਰ ਕੀਤਾ ਜਾਵੇ। ਆਊਟਸੋ਼ਰਸਿੰਗ ਮੁਲਾਜ਼ਮਾਂ ਨੂੰ ਕੰਪਨੀਆਂ ਵਿੱਚੋਂ ਕੱਢ ਕੇ ਸਰਕਾਰ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਵੀ ਪੱਕਾ ਕਰੇ|