ਸਿਪਾਹੀ ਤੋਂ ਇੰਸਪੈਕਟਰ ਤੱਕ ਮੁਲਾਜਮਾਂ ਨੂੰ ਮੁਢਲੀ ਤਨਖਾਹ ਦਾ 20 ਪ੍ਰਤੀਸ਼ਤ ਡਿਊਟੀ ਭੱਤਾ ਦੇਣ ਦੀ ਸਿਫਾਰਸ਼
ਪੰਜਾਬ ਵਿਧਾਨ ਸਭਾ ਵਿਚ ਸਾਲ 2022 – 23 ਲਈ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਪੰਜਾਬ ਦੇ ਬਜਟ ਅਨੁਮਾਨਾਂ ਤੇ ਅਨੁਮਾਨ ਕਮੇਟੀ ਨੇ ਆਪਣੀ ਰਿਪੋਰਟ ਅੱਜ ਵਿਧਾਨ ਸਭਾ ਵਿਚ ਪੇਸ਼ ਕਰ ਦਿੱਤੀ ਹੈ । ਅਨੁਮਾਨ ਕਮੇਟੀ ਦੇ ਸਭਾਪਤੀ ਅਮਨ ਅਰੋੜਾ ਦੀ ਅਗਵਾਈ ਵਿਚ ਬਣੀ ਕਮੇਟੀ ਵਿਚ ਅਮਨਸ਼ੇਰ ਸਿੰਘ , ਅਮੋਲਕ ਸਿੰਘ , ਬਲਕਾਰ ਸਿੱਧੂ , ਬਰਿੰਦਰਮੀਤ ਸਿੰਘ ਪਾਹੜਾ , ਗੁਰਪ੍ਰੀਤ ਸਿੰਘ ਗੋਗੀ , ਹਰਮੀਤ ਸਿੰਘ ਪਠਾਣ ਮਾਜਰਾ , ਜਗਤਾਰ ਸਿੰਘ ਦਿਆਲਪੁਰਾ , ਡਾ ਕਸ਼ਮੀਰ ਸਿੰਘ ਸੋਹਲ , ਕੁਲਵੰਤ ਸਿੰਘ ਸਿੱਧੂ , ਰਮਨ ਅਰੋੜਾ , ਸੰਤੋਸ਼ ਕੁਮਾਰੀ ਕਟਾਰਿਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਹਨ ।
ਇਸ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਕਮੇਟੀ ਸਿਫਾਰਸ਼ ਕਰਦੀ ਹੈ ਕਿ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤਕ ਸਮੂਹ ਮੁਲਾਜਮਾਂ ਨੂੰ ਮੁਢਲੀ ਤਨਖਾਹ ਦਾ 20 ਪ੍ਰਤੀਸ਼ਤ ਬਤੋਰ Arduous ਡਿਊਟੀ ਭੱਤਾ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਨੂੰ ਕੁਝ ਵਿੱਤੀ ਭਰਪਾਈ ਅਤੇ ਮਾਨਸਿਕ ਤਸੱਲੀ ਹੋ ਸਕੇ ਅਤੇ ਉਹ ਤਨਦੇਹੀ ਨਾਲ ਕੰਮ ਕਰਨਗੇ ।
ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਜਿਹੜਾ ਵੀ ਪੁਲਿਸ ਅਧਿਕਾਰੀ / ਕਰਮਚਾਰੀ ਡਿਊਟੀ ਦੌਰਾਨ ਕਿਸੇ ਨਸ਼ੇ ਦਾ ਸੇਵਨ ਕਰਦਾ ਹੈ ਅਤੇ ਆਮ ਲੋਕਾਂ ਨਾਲ ਗਾਲੀ ਗਲੋਚ ਕਰਦਾ ਹੈ ਉਸ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।