iPhone ਨੇ ਰਾਘਵ ਚੱਢਾ, ਅਸਦੁਦੀਨ ਓਵੈਸੀ ਨੂੰ ਕੀਤਾ ਅਲਰਟ, ਹਮਲਾਵਰ ਤੁਹਾਡੇ ਆਈਫੋਨ ਨੂੰ ਬਣਾ ਸਕਦੇ ਨਿਸ਼ਾਨਾ
ਵਿਰੋਧੀ ਨੇਤਾਵਾਂ ਨੂੰ ਆਈਫੋਨ ਅਲਰਟ ਮਿਲਣ ਤੋਂ ਬਾਅਦ ਕੇਂਦਰ ਸਰਕਾਰ 'ਤੇ ਹਮਲੇ ਤੇਜ਼
ਵਿਰੋਧੀ ਧਿਰ ਦੇ ਨੇਤਾ ਰਾਘਵ ਚੱਢਾ, ਅਸਦੁਦੀਨ ਓਵੈਸੀ ,ਅਖਿਲੇਸ਼ ਯਾਦਵ, ਸ਼ਸ਼ੀ ਥਰੂਰ ਨੂੰ ਆਈਫੋਨ ਨੇ ਅਲਰਟ ਕੀਤਾ ਹੈ ਕਿ “ਰਾਜ ਸਪਾਂਸਰਡ ਹਮਲਾਵਰ ਤੁਹਾਡੇ ਆਈਫੋਨ ਨੂੰ ਨਿਸ਼ਾਨਾ ਬਣਾ ਸਕਦੇ ਹਨ। ਐਪਲ ਦਾ ਮੰਨਣਾ ਹੈ ਕਿ ਤੁਹਾਨੂੰ ਰਾਜ-ਪ੍ਰਯੋਜਿਤ ਹਮਲਾਵਰਾਂ ਦੁਆਰਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਤੁਹਾਡੀ ਐਪਲ ਆਈਡੀ ਨਾਲ ਜੁੜੇ ਆਈਫੋਨ ਨੂੰ ਖ਼ਤਰੇ ਚ ਪਾ ਸਕਦੇ ਹਨ। ਜਿਸ ਤੋਂ ਬਾਅਦ ਵਿਰੋਧੀ ਧਿਰ ਵਲੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਆਪਣੀ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਸਵੇਰੇ ਮੈਨੂੰ ਐਪਲ ਆਈਫੋਨ ਅਲਰਟ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਕੁਝ ਫੋਨਾਂ ‘ਤੇ ਰਾਜ ਸੰਗਠਿਤ ਸਪਾਈਵੇਅਰ ਦੁਆਰਾ ਹਮਲਾ ਕੀਤਾ ਗਿਆ ਹੈ। ਜੇਕਰ ਤੁਹਾਡੀ ਡਿਵਾਈਸ ‘ਤੇ ਅਜਿਹਾ ਹਮਲਾ ਹੁੰਦਾ ਹੈ, ਤਾਂ ਇਹ ਤੁਹਾਡੇ ਸੰਵੇਦਨਸ਼ੀਲ ਡੇਟਾ, ਸੰਚਾਰ ਜਾਂ ਇੱਥੋਂ ਤੱਕ ਕਿ ਕੈਮਰੇ ਅਤੇ ਮਾਈਕ੍ਰੋਫੋਨ ਤੱਕ ਪਹੁੰਚ ਕਰ ਸਕਦਾ ਹੈ।
‘ਆਪ’ ਸੰਸਦ ਰਾਘਵ ਚੱਢਾ ਨੇ ਪੋਸਟ ‘ਚ ਅੱਗੇ ਕਿਹਾ ਕਿ ਮੈਂ ਆਪਣੇ ਸੰਸਦੀ ਫਰਜ਼ ਨਿਭਾਉਣ ਲਈ ਆਪਣੇ ਸਮਾਰਟਫੋਨ ਦੀ ਵਰਤੋਂ ਕਰਦਾ ਹਾਂ। ਮੇਰੇ ਹਲਕੇ ਦੇ ਮੈਂਬਰਾਂ ਨਾਲ ਜੁੜਦਾ ਹਾਂ, ਬੇਨਤੀਆਂ ਦਾ ਨਿਪਟਾਰਾ ਅਤੇ ਸਹਾਇਤਾ ਪ੍ਰਦਾਨ ਕਰਦਾ ਹਾਂ ।ਮੈਂ ਇਸਨੂੰ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਅਮਲਾਂ ‘ਤੇ ਸਵਾਲ ਕਰਨ ਲਈ ਵੀ ਵਰਤਦਾ ਹਾਂ। ਇਹ ਇੱਕ ਸਾਧਨ ਵੀ ਹੈ ਜਿਸਦੀ ਵਰਤੋਂ ਮੈਂ ਚੋਣਾਂ ਲਈ ਆਪਣੇ ਪਾਰਟੀ ਸਾਥੀਆਂ, ਵਰਕਰਾਂ ਅਤੇ ਵਲੰਟੀਅਰਾਂ ਨਾਲ ਗੱਲਬਾਤ ਕਰਨ ਲਈ ਕਰਦਾ ਹਾਂ।
ਦੇਸ਼ ਦੇ ਕਈ ਵਿਰੋਧੀ ਨੇਤਾਵਾਂ ਨੂੰ ਆਈਫੋਨ ਅਲਰਟ ਮਿਲਣ ਤੋਂ ਬਾਅਦ ਕੇਂਦਰ ਸਰਕਾਰ ‘ਤੇ ਹਮਲੇ ਤੇਜ਼ ਹੋ ਗਏ ਹਨ। ਇਸੇ ਲੜੀ ਤਹਿਤ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਮੁਖੀ ਅਸਦੁਦੀਨ ਓਵੈਸੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਮੇਰੇ ਫ਼ੋਨ ਨੂੰ ਨਿਸ਼ਾਨਾ ਬਣਾ ਸਕਦੇ ਹਨ।ਜਿਨ੍ਹਾਂ ਨੇਤਾਵਾਂ ਤੱਕ ਇਹ ਅਲਰਟ ਪਹੁੰਚਿਆ ਹੈ, ਉਨ੍ਹਾਂ ਵਿੱਚ ਕਾਂਗਰਸ ਨੇਤਾ ਪਵਨ ਖੇੜਾ, ਸ਼ਸ਼ੀ ਥਰੂਰ, ਟੀਐਮਸੀ ਸੰਸਦ ਮਹੂਆ ਮੋਇਤਰਾ, ਸ਼ਿਵ ਸੈਨਾ (ਯੂਬੀਟੀ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ, ਸਪਾ ਮੁਖੀ ਅਖਿਲੇਸ਼ ਯਾਦਵ, ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਸ਼ਾਮਲ ਹਨ।