ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ
ਹਲੋਮਾਜਰਾ ਤੋਂ ਸੀਨੀਅਰ ਭਾਜਪਾ ਆਗੂ ਅਤੇ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਚੰਡੀਗੜ੍ਹ ਮੇਅਰ ਦੀ ਦੌੜ ‘ਚ ‘ਆਪ’ ਮਜ਼ਬੂਤ, ਭਾਜਪਾ ਲਈ ਚੁਣੌਤੀ
..ਵਿਧਾਇਕ ਕੁਲਵੰਤ ਸਿੰਘ ਨੇ ਰਸਮੀ ਤੌਰ ‘ਤੇ ਕੌਂਸਲਰ ਕਾਲਾ ਨੂੰ ‘ਆਪ’ ਵਿਚ ਸ਼ਾਮਲ ਕੀਤਾ
‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਕਾਲਾ ਨੇ ਜਾਰੀ ਕੀਤਾ ਬਿਆਨ
…ਕਿਹਾ – ਅਗਵਾ ਦੀ ਗੱਲ ਅਫਵਾਹ ਹੈ, ਮੈਂ ਆਪਣੀ ਮਰਜ਼ੀ ਨਾਲ ਪਾਰਟੀ ਵਿਚ ਸ਼ਾਮਲ ਹੋਇਆ ਹਾਂ
ਚੰਡੀਗੜ੍ਹ, 13 ਜਨਵਰੀ : updatepunjab : ਚੰਡੀਗੜ੍ਹ ਮੇਅਰ ਚੋਣਾਂ ਤੋਂ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਹੈ। ਸ਼ਨੀਵਾਰ ਨੂੰ ਹੱਲੋਮਾਜਰਾ (ਵਾਰਡ ਨੰ. 20) ਤੋਂ ਭਾਜਪਾ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਰਸਮੀ ਤੌਰ ’ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਈਆ। ਇਸ ਦੌਰਾਨ ਕੁਲਵੰਤ ਸਿੰਘ ਦੇ ਨਾਲ, ਰਾਜਬੀਰ ਸਿੰਘ ਘੁੰਮਣ (ਓ.ਐਸ.ਡੀ. ਮੁੱਖ ਮੰਤਰੀ ਪੰਜਾਬ), ਚੰਡੀਗੜ੍ਹ ਦੇ ਕੋ-ਇੰਚਾਰਜ ਡਾ ਸੰਨੀ ਸਿੰਘ ਆਹਲੂਵਾਲੀਆ, ਪ੍ਰਦੀਪ ਛਾਬੜਾ ਅਤੇ ਪ੍ਰੇਮ ਗਰਗ ਵੀ ਹਾਜ਼ਰ ਸਨ।
ਕਾਲਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ”ਆਪ” ਦੇ ਕੌਂਸਲਰਾਂ ਦੀ ਗਿਣਤੀ ਹੁਣ 13 ਹੋ ਗਈ ਹੈ। ਜਦੋਂਕਿ ਭਾਜਪਾ ਕੌਂਸਲਰਾਂ ਦੀ ਗਿਣਤੀ ਘਟੀ ਹੈ। ਸਾਫ਼ ਹੈ ਕਿ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਨਾ ਸਿਰਫ਼ ਮਜ਼ਬੂਤ ਹੋਈ ਹੈ, ਸਗੋਂ ਭਾਜਪਾ ਲਈ ਵੀ ਵੱਡੀ ਚੁਣੌਤੀ ਬਣ ਗਈ ਹੈ।
ਮੈਨੂੰ ਅਗਵਾ ਕਰਨ ਦੀ ਗੱਲ ਅਫਵਾਹ, ਗੁਰਚਰਨਜੀਤ ਕਾਲਾ ਨੇ ਜਾਰੀ ਕੀਤਾ ਬਿਆਨ
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਕਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵਾਲਿਆਂ ਨੇ ਮੇਰੇ ਪਰਿਵਾਰ ਨੂੰ ਗੁੰਮਰਾਹ ਕਰਕੇ ਮੇਰੇ ਅਗਵਾ ਹੋਣ ਦੀ ਝੂਠੀ ਅਫਵਾਹ ਫੈਲਾਈ ਹੈ।
ਆਮ ਆਦਮੀ ਪਾਰਟੀ ਨੇ ਕੁਲਦੀਪ ਕੁਮਾਰ ਟੀਟਾ ਨੂੰ ਬਣਾਇਆ ਮੇਅਰ ਉਮੀਦਵਾਰ
18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਕੁਲਦੀਪ ਕੁਮਾਰ ਟੀਟਾ ਨੂੰ ਮੇਅਰ ਦਾ ਉਮੀਦਵਾਰ ਐਲਾਨ ਦਿੱਤਾ ਹੈ। ਜਦੋਂ ਕਿ ਨੇਹਾ ਮੁਸਾਵਤ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪੂਨਮ ਨੂੰ ਡਿਪਟੀ ਮੇਅਰ ਲਈ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।