ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਤੀਜ ਪੰਜਾਬ ਦੇ ਸਭ ਤੋਂ ਵੱਧ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਇੱਕ ਹੈ, ਜੋ ਵਿਆਹੀਆਂ ਔਰਤਾਂ ਅਤੇ ਕੁੜੀਆਂ ਦੋਵਾਂ ਨੂੰ ਸਮਰਪਿਤ ਹੈ। ਖੁਸ਼ੀ ਅਤੇ ਉਤਸ਼ਾਹ ਦੇ ਮੌਕ਼ੇ ਨੂੰ ਮੱਦੇਨਜ਼ਰ ਰੱਖਦੇ ਹੋਏ, ਚੰਡੀਗੜ੍ਹ ਦੇ ਸੈਕਟਰ 50ਬੀ ਦੀ ਪ੍ਰੋਗਰੈਸਿਵ ਇਨਕਲੇਵ ਸੋਸਾਇਟੀ ਦੀਆਂ ਔਰਤਾਂ ਦੁਆਰਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਤੀਜ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਹਰੇਕ ਉਮਰ ਦੀਆਂ ਔਰਤਾਂ ਨੇ ਰਵਾਇਤੀ ਪਹਿਰਾਵੇ ਅਤੇ ਗੂੜ੍ਹੇ ਰੰਗਾਂ ਵਿੱਚ ਇਸ ਸਮਾਗਮ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਸਮਾਗਮ ਦੀਆਂ ਮੁੱਖ ਝਲਕੀਆਂ ਵਿਚ ਰਵਾਇਤੀ ਲੋਕ ਨਾਚ, ਲੋਕ ਗੀਤ, ਗਿੱਧਾ, ਟੱਪੇ ਅਤੇ ਖਾਣ ਪੀਣ ਦੇ ਸਟਾਲ ਮੁੱਖ ਸਨ। ਬੱਚਿਆਂ ਦੇ ਮੰਨੋਰੰਜਨ ਦਾ ਖਾਸ ਧਿਆਨ ਰੱਖਦੇ ਹੋਏ ਉਹਨਾਂ ਲਈ ਝੁੱਲੇ, ਚਿੱਤਰਕਲਾ ਅਤੇ ਡਰਾਇੰਗ ਕਿਰਿਆਵਾਂ ਦਾ ਖਾਸ ਪ੍ਰਬੰਧ ਸੀ।
ਇਸ ਮੌਕੇ ਤੇ ਬੋਲਦੇ ਹੋਏ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਸੇਵਾ-ਮੁਕਤ ਸੁਪਰਡੰਟ ਮਨਜੀਤ ਕੌਰ ਨੇ ਸੋਸਾਇਟੀ ਦੇ ਆਯੋਜਕਾਂ ਦੇ ਯਤਨਾਂ ਦੀ ਸ਼ਾਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੀਜ ਦਾ ਤਿਉਹਾਰ ਸਾਡੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਤਿਉਹਾਰ ਮਨਾਉਣਾ ਸਾਨੂੰ ਖੁਸ਼ੀ ਦੇਣ ਦੇ ਨਾਲ-ਨਾਲ ਸਾਡੇ ਪੁਰਾਤਨ ਰਸਮ-ਰਿਵਾਜ਼ਾਂ ਨੂੰ ਵੀ ਜਿੰਦਾ ਰੱਖਣ ਵਿੱਚ ਮਦਦ ਕਰਦਾ ਹੈ, ਜੋ ਹੌਲੀ-ਹੌਲੀ ਖਤਮ ਹੁੰਦੇ ਜਾ ਰਹੇ ਹਨ।
ਇਸ ਸਮਾਗਮ ਦੇ ਆਯੋਜਕ ਅਮੀਤਾ ਬਾਵਾ, ਮਨਜੀਤ ਕੌਰ, ਸੁਖਜੀਤ ਕੌਰ , ਰਜਿੰਦਰ, ਕਰਮਜੀਤ, ਕੁਲਵੰਤ, ਮਨਜੀਤ ਸੈਣੀ, ਉਸ਼ਾ, ਕਵਲਜੀਤ, ਸਰਬਜੀਤ, ਹਰਦੀਪ, ਚਰਨਜੀਤ, ਪਰਮਿੰਦਰ, ਸਿਮਰਨ, ਅਮਨ, ਹਰਦੀਪ ਸੈਣੀ ਅਤੇ ਗੁਰਦੀਪ ਨੇ ਸਾਰੇ ਸੋਸਾਇਟੀ ਦੇ ਮੈਂਬਰਾਂ ਦਾ ਇਸ ਤਿਉਹਾਰ ਦਾ ਹਿੱਸਾ ਬਣਨ ਲਈ ਧੰਨਵਾਦ ਕੀਤਾ।