ਆਮ ਆਦਮੀ ਪਾਰਟੀ ਨੇ ਪੰਜਾਬ ਭਰ ‘ਚ 16000 ਥਾਵਾਂ ਉੱਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
ਸ਼ਹੀਦ ਕਿਸਾਨਾਂ ਦੇ ਬਲੀਦਾਨ ਨੂੰ ਯਾਦ ਕਰਦਿਆਂ ਮੋਦੀ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਲੈਣ ਦੀ ਕੀਤੀ ਮੰਗ
ਹਰ ਪਿੰਡ, ਹਰ ਮੁਹੱਲਾ, ਹਰ ਸ਼ਹਿਰ ਅਤੇ ਹਰ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਾੜੇ ਕਾਲੇ ਖੇਤੀ ਕਾਨੂੰਨ
ਪੰਜਾਬ ਭਰ ‘ਚ ਕਾਲੇ ਕਾਨੂੰਨਾਂ ਦੀਆਂ ਸਾੜੀਆਂ 8 ਲੱਖ ਤੋਂ ਜ਼ਿਆਦਾ ਕਾਪੀਆਂ
ਚੰਡੀਗੜ੍ਹ, 13 ਜਨਵਰੀ 2021
ਆਮ ਆਦਮੀ ਪਾਰਟੀ ਵੱਲੋਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਲੋਹੜੀ ਦਾ ਤਿਉਹਾਰ ਪੰਜਾਬ ਭਰ ‘ਚ ਮਨਾਉਂਦੇ ਹੋਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਕੀਤੀਆਂ ਗਈਆਂ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡਾ ਅੰਨਦਾਤਾ ਆਪਣੀ ਹੋਂਦ ਬਚਾਉਣ ਨੂੰ ਲੈ ਕੇ ਕੇਂਦਰ ਦੇ ਖੇਤੀ ਬਾਰੇ ਕਾਲੇ ਕਾਨੂੰਨਾਂ ਖਿਲਾਫ ਕੜਾਕੇ ਦੀ ਠੰਢ ‘ਚ ਦਿੱਲੀ ਦੇ ਬਰਾਡਰ ਉੱਤੇ ਦਿਨ ਰਾਤ ਅੰਦੋਲਨ ਕਰਦਾ ਹੋਇਆ ਸ਼ਹੀਦੀਆਂ ਪਾ ਰਹੇ ਹਨ। ਹੁਣ ਤੱਕ ਅੰਦੋਲਨ ‘ਚ ਡੱਟੇ ਹੋਏ 65 ਤੋਂ ਵੱਧ ਸਾਡੇ ਕਿਸਾਨ ਭਰਾ ਸ਼ਹੀਦੀਆਂ ਪਾ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਵੱਲੋਂ ਪੈਦਾ ਕੀਤੇ ਗਏ ਅਜਿਹੇ ਡਰਾਉਣੇ ਮਾਹੌਲ ਵਿੱਚ ਸਾਡੇ ਤਿਉਹਾਰ ਵੀ ਉਨ੍ਹਾਂ ਕਿਸਾਨਾਂ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਵਿੱਚ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਲੋਹੜੀ ਮਨਾਉਂਦੇ ਹੋਏ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੂਬੇ ‘ਚ ਹਰ ਪਿੰਡ, ਮੁਹੱਲੇ ਅਤੇ ਗਲੀ ਵਿੱਚ ਕਾਲੇ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਲੋਹੜੀ ਮਨਾਈ ਗਈ। ਇਸ ਦੌਰਾਨ 16 ਹਜ਼ਾਰ ਤੋਂ ਵਧ ਥਾਵਾਂ ਉੱਤੇ ਦਲਿੱਦਰ ਰੂਪੀ ਕੇਂਦਰੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਸਾਡਾ ਅੰਨਦਾਤਾ ਜਿਨ੍ਹਾਂ ਕੇਂਦਰੀ ਕਾਲੇ ਕਾਨੂੰਨਾਂ ਨੂੰ ਆਪਣੇ ਲਈ ਮੌਤ ਦੇ ਵਰੰਟ ਦੱਸ ਰਿਹਾ ਹੈ, ਉਨ੍ਹਾਂ ਕਾਨੂੰਨਾਂ ਦੀਆਂ 8 ਲੱਖ ਤੋਂ ਜ਼ਿਆਦਾ ਕਾਪੀਆਂ ਲੋਹੜੀ ਦੀ ਅੱਗ ਵਿੱਚ ਫੂਕੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਦਾ ਪੁੱਤ ਦੇਸ਼ ਦੀ ਸਰਹੱਦ ਉੱਤੇ ਦੁਸ਼ਮਣ ਦੇਸ਼ਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਰਿਹਾ ਹੈ, ਦੂਜੇ ਪਾਸੇ ਸਾਡੇ ਹੀ ਦੇਸ਼ ਦੇ ਹਾਕਮ ਖਿਲਾਫ ਲੋਕਤੰਤਰਿਕ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਸ਼ਹੀਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਹਾਕਮ ਅੰਨਾ, ਬੋਲਾ ਅਤੇ ਗੂੰਗਾ ਹੋ ਚੁੱਕਿਆ ਹੈ ਜੋ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁੱਠੀਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਹੋਰ ਪ੍ਰੀਖਿਆ ਲੈਣਾ ਬੰਦ ਕਰਕੇ ਤੁਰੰਤ ਕਾਲੇ ਕਾਨੂੰਨਾਂ ਨੂੰ ਖਤਮ ਕਰੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਸਾਡੇ ਸੰਵਿਧਾਨਕ ਢਾਚੇ ਨੂੰ ਵੀ ਬਹੁਤ ਵੱਡੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਜੋ ਕਮੇਟੀ ਬਣਾਈ ਗਈ ਕਿਸਾਨਾਂ ਨੂੰ ਵੀ ਉਸ ਤੋਂ ਵੀ ਕੋਈ ਇਨਸਾਫ ਮਿਲਣ ਦੀ ਸੰਭਵਨਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਸਾਡੇ ਕਿਸਾਨ ਭੈਣ-ਭਰਾ, ਬਜ਼ੁਰਗ ਖੁੱਲੇ ਅਸਮਾਨ ਹੇਠ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਖਿਲਾਫ ਸੰਘਰਸ਼ ਵਿੱਚ ਡੱਟੇ ਹੋਇਆ ਨੂੰ ਡੇਢ ਮਹੀਨਾ ਹੋ ਚੁੱਕਿਆ ਹੈ। ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਦੇ ਆਗੂ ਕਿਸਾਨਾਂ ਖਿਲਾਫ ਝੂਠੀ ਬਿਆਨਬਾਜ਼ੀ, ਦੂਸ਼ਣਬਾਜੀ ਕਰਕੇ ਮਾਨਸਿਕ ਪੀੜਾਂ ਦੇ ਰਹੇ ਹਨ। ਉਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਮੋਦੀ ਸਰਕਾਰ ਸਾਰੇ ਦੇਸ਼ ਦਾ ਪੇਟ ਭਰਨ ਵਾਲੇ ਅੰਨਦਾਤਾ ਦੀ ਗੱਲ ਸੁਣਦੀ ਹੋਈ ਤੁਰੰਤ ਕਾਲੇ ਕਾਨੂੰਨਾਂ ਨੂੰ ਵਾਪਸ ਲੈਂਦੀ, ਪ੍ਰੰਤੂ ਅੰਬਾਨੀ-ਅੰਡਾਨੀ ਦੇ ਵਿਚੋਲੇ ਵਜੋਂ ਭੂਮਿਕਾ ਨਿਭਾਉਂਦੇ ਹੋਏ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਦੇ ਹੱਕੜਬਾਜ਼ ਪ੍ਰਧਾਨ ਮੰਤਰੀ ਤੁਰੰਤ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੋਂ ਤੁਰੰਤ ਮੁਆਫੀ ਮੰਗਣ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕ ਵਿੱਚ ਡੱਟੀ ਹੋਈ ਹੈ। ਉਨਾਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ, ਇਹ ਬਹੁਤ ਹੀ ਨਾਜ਼ੁਕ ਸਮਾਂ ਹੈ ਕਿ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਮੋਦੀ ਸਰਕਾਰ ਵੀ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੀ। ਉਨ੍ਹਾਂ ਕਿਹਾ ਕਿ ਸੰਵਿਧਾਨ ਰਾਹੀਂ ਮਿਲੇ ਹੋਏ ਰੋਸ ਪ੍ਰਦਰਸ਼ਨ ਕਰਨ ਦੇ ਹੱਕਾਂ ਨੂੰ ਵੀ ਖੋਹਿਆ ਜਾ ਰਿਹਾ ਹੈ।