ਪੰਜਾਬ

ਰਾਜ ਚੋਣ ਕਮਿਸ਼ਨ ਨੂੰ ਮਿਲਿਆ ‘ਆਪ’ ਵਫਦ, ਐਮਸੀ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਨੂੰ ਸੁਰੱਖਿਆ ਦੇਣ ਦਾ ਚੁੱਕਿਆ ਮੁੱਦਾ

…ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ‘ਆਪ’ ਵਫਦ ਨੇ ਚੋਣ ਕਮਿਸ਼ਨ ਤੋਂ ਸੁਤੰਤਰ ਅਤੇ ਨਿਰਪੱਖ ਚੋਣ ਕਰਾਉਣ ਅਤੇ ਅਰਧ ਸੈਨਿਕ ਬਲਾਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ

ਚੰਡੀਗੜ੍ਹ, 4 ਫਰਵਰੀ () : 
ਸੂਬੇ ਭਰ ਦੇ ਵੱਖ ਵੱਖ ਜ਼ਿਲ੍ਹਿਆਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਹੋਈ ਹਿੰਸਾਂ ਦੀਆਂ ਘਟਨਾਵਾਂ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ‘ਚ ‘ਆਪ’ ਦੇ ਵਫਦ ਨੇ ਰਾਜ ਚੋਣ ਕਸ਼ਿਨਰ ਨੂੰ ਮਿਲਕੇ ਇਕ ਮੰਗ ਪੱਤਰ ਦਿੱਤਾ।  ਚੋਣ ਕਮਿਸਨਰ ਸਾਹਮਣੇ ‘ਆਪ’ ਦੇ ਉਮੀਦਵਾਰਾਂ ਉੱਤੇ ਕਾਗਜ਼ ਭਰਨ ਸਮੇਂ ਹੋਏ ਹਮਲਿਆਂ ਦਾ ਮੁੱਦਾ ਚੁੱਕਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸੁਰੱਖਿਆ ਦੇਣ ਅਤੇ ਚੋਣਾਂ ਵਿੱਚ ਅਰਧ ਸੈਨਿਕ ਬਲਾਂ ਦੀ ਤੈਨਾਤੀ ਕੀਤੇ ਜਾਣ ਦੀ ਮੰਗ ਕੀਤੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਥਾਨਕ ਸਰਕਾਰ ਦੀਆਂ ਚੋਣਾਂ ਵਿੱਚ ਕਾਗਜ਼ ਭਰਨ ਸਮੇਂ ਦੌਰਾਨ ਸੱਤਾਧਾਰੀ ਪਾਰਟੀ ਦੇ ਲੋਕਾਂ ਨੇ ਗੁੰਡਾਗਰਦੀ ਕੀਤੀ ਅਤੇ ਕਈ ਜ਼ਿਲ੍ਹਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ। ਸੱਤਾਧਾਰੀ ਪਾਰਟੀ ਲੋਕਤੰਤਰ ਦੀ ਹੱਤਿਆ ਕਰਨ ਉੱਤੇ ਉਤਾਰੂ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਸੱਤਾਧਾਰੀ ਕਾਂਗਰਸ ਦੀ ਗੁੰਡਾਗਰਦੀ ਨੂੰ ਦੇਖਦੇ ਹੋਏ ਸਥਾਨਕ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਅਤੇ ਉਮੀਦਵਾਰਾਂ ਦੀ ਸੁਰੱਖਿਆ ਦਾ ਖਤਰਾ ਸਪੱਸ਼ਟ ਤੌਰ ਉੱਤੇ ਝਲਕ ਰਿਹਾ ਹੈ।
ਚੀਮਾ ਨੇ ਕਿਹਾ ਕਿ ਜਲਾਲਾਬਾਦ, ਗੁਰੂ ਹਰਸਹਾਏ, ਜੀਰਾ, ਫਿਰੋਜ਼ਪੁਰ, ਜਗਰਾਉਂ, ਸੁਨਾਮ, ਭਿੱਖੀਵਿੰਡ, ਕੋਟ ਈਸੇ ਖਾਂ ਸਮੇਤ ਕਈ ਥਾਵਾਂ ਉੱਤੇ ‘ਆਪ’ ਉਮੀਦਵਾਰਾਂ ਨੂੰ ਡਰਾਉਣ, ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲਾਲਾਬਾਦ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਪੁਲਿਸ ਦੀ ਮਦਦ ਨਾਲ ਸਾਡੇ ਉਮੀਦਵਾਰਾਂ ਤੋਂ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਹੀ ਕਾਗਜ਼ ਖੋਹ ਲਏ ਗਏ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਜਲਾਲਾਬਾਦ ਨਗਰ ਪਰਿਸ਼ਦ ਦੇ ਆਮ ਆਦਮੀ ਪਾਰਟੀ ਦੇ ਸਾਰੇ 17 ਵਾਰਡ ਉਮੀਦਵਾਰ ਕਾਗਜ਼ ਦਾਖਲ ਕਰਨ ਲਈ ਜਦੋਂ ਆਪਣੇ ਵਕੀਲਾਂ ਨਾਲ ਐਸਡੀਐਮ ਦਫ਼ਤਰ ਜਾ ਰਹੇ ਸਨ ਤਾਂ ਭੀੜ ਵੱਲੋਂ ਉਨ੍ਹਾਂ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਅਤੇ ਹੋਰ ਦਸਤਾਵੇਜ ਖੋਹ ਲਏ ਗਏ। ਉਨ੍ਹਾਂ ਨੂੰ ਧਮਕੀ ਦਿੱਤੀ ਕਿ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ। ਅਸੀਂ ਸਥਾਨਕ ਐਸਐਚਓ ਸਾਹਮਣੇ ਵੀ ਇਸ ਮੁੱਦੇ ਨੂੰ ਚੁੱਕਿਆ ਅਤੇ ਹਿੰਸਾ ਵਿੱਚ ਸ਼ਾਮਲ ਲੋਕਾਂ ਉੱਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ।
ਇਸੇ ਤਰ੍ਹਾਂ, ਗੁਰੂ ਹਰਸਹਾਏ ਦੀ ਨਗਰ ਪਾਲਿਕ ਪਰਿਸ਼ਦ ਵਿੱਚ ਐਸਡੀਐਮ ਦਫ਼ਤਰ ਦੇ ਦਰਵਾਜੇ ਬੰਦ ਕਰ ਦਿੱਤੇ ਗਏ ਅਤੇ ‘ਆਪ’ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਲਈ ਦਫ਼ਤਰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਜੀਰਾ ਵਿੱਚ, ਕਾਂਗਰਸ ਉਮੀਦਵਾਰ ਪੁਲਿਸ ਦੇ ਨਾਲ ‘ਆਪ’ ਉਮੀਦਵਾਰਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਧਮਕੀ ਦੇ ਰਹੇ ਸਨ ਕਿ ਉਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ। ਸਥਾਨਕ ਵਿਧਾਇਕ ਦੇ ਦਬਾਅ ਵਿੱਚ ਸਥਾਨਕ ਪੁਲਿਸ ਸਾਡੇ ਉਮੀਦਵਾਰਾਂ ਨੂੰ ਧਮਕਾ ਰਹੀ ਸੀ। ਕਾਂਗਰਸ ਵਰਕਰਾਂ ਨੇ ਬੁੱਧਵਾਰ ਨੂੰ ਨਾਮਜ਼ਦਗੀ ਪ੍ਰਕਿਰਿਆ ਦੇ ਅੰਤਿਮ ਦਿਨ ਜੀਰਾ ਵਿੱਚ ‘ਆਪ’ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜ ਦਿੱਤੇ ਅਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ।
ਫਿਰੋਜ਼ਪੁਰ ਨਗਰ ਪਾਲਿਕਾ ਪਰਿਸ਼ਦ ‘ਚ ਐਸਡੀਐਮ ਦਫ਼ਤਰ ਅੰਦਰ ਸਾਡੇ ਉਮੀਦਵਾਰਾਂ ਉੱਤੇ ਕੁਝ ਗੁੰਡਿਆਂ ਨੇ ਹਮਲਾ ਕਰਕੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਤੇ ਹੋਰ ਦਸਤਾਵੇਜ ਖੋਹ ਲਏ। ਜਗਰਾਉਂ ਵਿੱਚ ‘ਆਪ’ ਦੇ ਉਮੀਦਵਾਰਾਂ ਨੂੰ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਦੇ ਗੁੰਡਿਆਂ ਵੱਲੋਂ ਧਮਕਾਇਆ ਗਿਆ। ਸਾਡੇ ਉਮੀਦਵਾਰ ਨੂੰ ਉਨ੍ਹਾਂ ਦੇ ਘਰੇ ਜਾ ਕੇ ਧਮਕੀ ਦਿੱਤੀ ਗਈ ਅਤੇ ਸਥਾਨਕ ਚੋਣਾਂ ਨਾ ਲੜਨ ਲਈ ਮਜ਼ਬੂਰ ਕੀਤਾ ਗਿਆ।
ਚੀਮਾ ਨੇ ਕਿਹਾ ਕਿ ਬੇਹੱਦ ਸ਼ਰਮ ਦੀ ਗੱਲ ਹੈ ਕਿ ਲੋਕਤੰਤਰ ਕਦਰਾਂ ਦੀ ਉਲੰਘਣਾ ਕਰਦੇ ਹੋਏ ਸੱਤਾਧਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਬੁੱਧਵਾਰ ਨੂੰ ਨਾਮਜ਼ਦਗੀ ਦੇ ਆਖਰੀ ਦਿਨ ਸੁਨਾਮ ਵਿੱਚ ਆਮ ਆਦਮੀ ਪਾਰਟੀ ਦੇ ਇਕ ਉਮੀਦਵਾਰ ਨੂੰ ਅਗਵਾ ਕਰ ਲਿਆ।
ਵਫਦ ਨੇ ਕਿਹਾ ਕਿ ਉਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਜਿੱਥੇ ਉਮੀਦਵਾਰਾਂ ਨੂੰ ਡਰਾਉਣ-ਧਮਕਾਉਣ ਅਤੇ ਹਿੰਸਾ ਦੀ ਘਟਨਾ ਸਾਹਮਣੇ ਆਈ, ਉਥੇ ਸਥਾਨਕ ਵਿਧਾਇਕਾਂ ਦੇ ਪ੍ਰਭਾਵ ਵਿੱਚ ਆ ਕੇ ਸਥਾਨਕ ਪੁਲਿਸ ਨੇ ‘ਆਪ’ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਅਤੇ ਚੋਣ ਨਾ ਲੜਨ ਲਈ ਕਿਹਾ।
‘ਆਪ’ ਵਫਦ ਨੇ ਚੋਣ ਕਮਿਸ਼ਨਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸਹੀ ਕਰਨ ਲਈ ਅਤੇ ਨਿਰਪੱਖ ਅਤੇ ਸੁਤੰਤਰ ਚੋਣਾਂ ਕਰਾਉਣ ਲਈ ਅਜਿਹੇ ਹਿੰਸਕ ਲੋਕਾਂ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਤਮਾਮ ਹਿੰਸਾ ਅਤੇ ਹਮਲੇ ਨੂੰ ਦੇਖਦੇ ਹੋਏ ‘ਆਪ’ ਦੇ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਤਾਂ ਕਿ ਉਹ ਬਿਨਾਂ ਕਿਸੇ ਭੈਅ ਦੇ ਸਥਾਨਕ ਚੋਣਾਂ ਲੜ ਸਕਣ। ਉਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵੱਲ ਧਿਆਨ ਦਿਵਾਉਂਦੇ ਹੋਏ ਚੋਣ ਕਮਿਸ਼ਨਰ ਨੂੰ ਕਿਹਾ ਕਿ ਬਿਨਾਂ ਭੈਅ ਤਅ ਡਰ ਦੇ ਲੋਕ ਵੋਟ ਪਾ ਸਕਣ ਇਸ ਲਈ ਚੋਣਾਂ ਵਿੱਚ ਅਰਧ ਸੈਨਿਕ ਬਲਾਂ ਦੀ ਤੈਨਾਤੀ ਕੀਤੀ ਜਾਵੇ। ਚੋਣ ਕਮਿਸ਼ਨਰ ਨੂੰ ਮਿਲਣ ਵਾਲਿਆਂ ਵਿੱਚ ਰਾਜ ਲਾਲੀ ਗਿੱਲ, ਸੰਤੋਖ ਸਿੰਘ ਸਲਾਨਾ, ਐਡਵੋਕੇਟ ਗੋਵਿੰਦਰ ਮਿੱਤਲ, ਪਰਮਿੰਦਰ ਸਿੰਘ ਜਸਵਾਲ ਅਤੇ ਐਡਵੋਕੇਟ ਭੁਵਨ ਭੱਲਾ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!