ਪੰਜਾਬ

ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਖੁਸ਼ਹਾਲੀ ਵਿੱਚ ਵਿਸ਼ੇਸ਼ ਯੋਗਦਾਨ: ਕੁਲਦੀਪ ਸਿੰਘ ਧਾਲੀਵਾਲ

ਹਰ ਸਾਲ ਦਸੰਬਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਐਨ.ਆਰ.ਆਈ. ਮਿਲਣੀ ਸਮਾਗਮ ਕਰਾਉਣ ਦਾ ਐਲਾਨ

ਕਿਹਾ, ਐਨ.ਆਰ.ਆਈਜ਼  ਦੇ ਕੇਸਾਂ ਦੇ ਜਲਦੀ ਨਿਪਟਾਰੇ ਲਈ ਵਿਸ਼ੇਸ਼ ਫਾਸਟ ਟਰੈਕ ਕੋਰਟਾਂ ਦੀ ਹੋਵੇਗੀ ਸਥਾਪਨਾ

ਪ੍ਰਵਾਸੀ ਮਾਮਲੇ ਦੇ ਮੰਤਰੀ ਵੱਲੋਂ ਮੋਗਾ ਵਿੱਚ ਹੋਏ ਸਮਾਗਮ ਦੌਰਾਨ ਨਿੱਜੀ ਤੌਰ ‘ਤੇ 7 ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਅਵਾਂ ਸੁਣੀਆਂ

ਡੀ.ਸੀਜ਼ ਤੇ ਐਸ.ਐਸ.ਪੀਜ਼ ਨੂੰ ਸਮੱਸਿਆਵਾਂ ਦਾ ਨਿਪਟਾਰਾ ਮਿੱਥੇ ਸਮੇਂ ਵਿੱਚ ਹਲ ਕਰਨ ਦੇ ਨਿਰਦੇਸ਼

ਚੰਡੀਗੜ੍ਹ / ਮੋਗਾ, 26 ਦਸੰਬਰ:

ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਖੁਸ਼ਹਾਲੀ ਵਿੱਚ ਵਿਸ਼ੇਸ਼ ਯੋਗਦਾਨ ਹੈ। ਰੰਗਲੇ ਪੰਜਾਬ ਦੀ ਸਹੀ ਅਰਥਾਂ ਵਿੱਚ ਕਲਪਨਾ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਤੋਂ ਬਿਨਾ ਨਹੀਂ ਕੀਤੀ ਜਾ ਸਕਦੀ। ਇਹ ਪ੍ਰਗਟਾਵਾ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਮੋਗਾ  ਸਥਿਤ ਆਈ ਐੱਸ ਐੱਫ ਕਾਲਜ ਵਿਖੇ ਕਰਵਾਏ ਗਏ “ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ” ਪ੍ਰੋਗਰਾਮ ਦੌਰਾਨ ਐਨ.ਆਰ.ਆਈ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਮਾਮਲਿਆਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਮਿੱਥੇ ਸਮੇਂ ਵਿੱਚ ਨਿਪਟਾਰਾ ਕਰਨ ਲਈ ਪੰਜਾਬ ਸਰਕਾਰ ਵਿਸ਼ੇਸ਼਼ ਪਾਲਿਸੀ ਤਿਆਰ ਕਰ ਰਹੀ ਹੈ।

ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਤੇ ਉਸ ਦੇ ਹੱਲ ਲਈ ਪੰਜਾਬ ਸਰਕਾਰ ਹਰ ਸਾਲ ਦਸੰਬਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਦੋ ਵਾਰ ਐਨ.ਆਰ.ਆਈ. ਮਿਲਣੀਆਂ ਆਯੋਜਿਤ ਕਰੇਗੀ। ਪੰਜਾਬ ਸਰਕਾਰ ਦੁਨੀਆ ਭਰ ਦੇ ਦੇਸ਼ਾਂ ਵਿੱਚ ਵਸ ਰਹੇ ਪੰਜਾਬੀਆਂ ਨੂੰ ਇਹ ਸੱਦਾ ਦਿੰਦੀ ਹੈ ਕਿ ਪੰਜਾਬ ਤੁਹਾਡਾ ਹੈ, ਤੁਸੀਂ ਪੰਜਾਬ ਆਓ, ਪੰਜਾਬ ਸਰਕਾਰ ਤੁਹਾਡੀਆਂ ਜ਼ਮੀਨਾਂ ਦੀ ਰਾਖੀ, ਤੁਹਾਡੇ ਜਾਨ ਮਾਲ ਦੀ ਰਾਖੀ ਅਤੇ ਤੁਹਾਡੇ ਕਾਰੋਬਾਰ ਦੀ ਰਾਖੀ ਲਈ ਵਚਨਵੱਧ ਹੈ।

ਅੱਜ ਦੇ ਸਮਾਗਮ ਵਿੱਚ ਜ਼ਿਲ੍ਹਾ ਮੋਗਾ, ਜ਼ਿਲ੍ਹਾ ਫਾਜ਼ਿਲਕਾ, ਜ਼ਿਲ੍ਹਾ ਫਿਰੋਜ਼ਪੁਰ, ਜ਼ਿਲ੍ਹਾ ਬਠਿੰਡਾ, ਜ਼ਿਲ੍ਹਾ ਮਾਨਸਾ, ਜ਼ਿਲ੍ਹਾ ਫ਼ਰੀਦਕੋਟ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਪ੍ਰਵਾਸੀਆਂ ਪੰਜਾਬੀਆਂ ਵੱਲੋਂ ਸ਼ਿਰਕਤ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਨੇ ਫੈਸਲਾ ਲਿਆ ਕਿ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰੀ ਦਫਤਰਾਂ, ਸਕੱਤਰੇਤਾਂ ਵਿੱਚ ਮੰਤਰੀਆਂ ਦੇ ਦਫਤਰਾਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ, ਇਸ ਲਈ ਸਰਕਾਰ ਨੇ ਫੈਸਲਾ ਕੀਤਾ ਕਿ ਸਰਕਾਰ ਖੁਦ ਪ੍ਰਵਾਸੀ ਪੰਜਾਬੀਆਂ ਦੇ ਜ਼ਿਲ੍ਹਿਆਂ ਵਿੱਚ ਜਾ ਕੇ ਉਨ੍ਹਾਂ ਦੇ ਮਸਲੇ ਹੱਲ ਕਰੇਗੀ ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਜ਼ਿਲ੍ਹਾ ਲੁਧਿਆਣਾ ਵਿਖੇ ਕੀਤੇ ਗਏ ਪ੍ਰੋਗਰਾਮ ਤੋਂ ਬਾਅਦ ਜ਼ਿਲ੍ਹਾ ਮੋਗਾ ਵਿਖੇ ਪ੍ਰਵਾਸੀ ਪੰਜਾਬੀਆਂ ਨਾਲ ਮਿਲਣੀ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸਰਕਾਰ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਪ੍ਰਵਾਸੀਆਂ ਦੇ ਮੁੱਖ ਮਸਲੇ ਉਨ੍ਹਾਂ ਦੀਆਂ ਜਮੀਨ-ਜਾਇਦਾਦਾਂ, ਕਾਰੋਬਾਰ ਅਤੇ ਪਰਿਵਾਰਕ ਝਗੜੇ ਹਨ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਕੰਟਰੈਕਟ ਵਿਆਹ ਦਾ ਟਰੈਂਡ ਸਾਹਮਣੇ ਆਇਆ ਹੈ ਅਜਿਹੇ ਕੇਸਾਂ ਵਿੱਚ ਆਈਲੈਂਟਸ ਪਾਸ ਕੁੜੀ ਨਾਲ ਕੰਟਰੈਕਟ ਵਿਆਹ ਕਰਕੇ ਮੁੰਡੇ ਵਾਲੇ ਉਸ ਨੂੰ ਬਾਹਰ ਭੇਜਦੇ ਹਨ ਪਰ ਮਗਰੋਂ ਕੁੜੀ ਦੇ ਬਾਹਰ ਜਾਣ ਤੇ ਉਨ੍ਹਾਂ ਦਾ ਆਪਸੀ ਝਗੜਾ ਹੋ ਜਾਂਦਾ ਹੈ ਅਤੇ ਕੁੜੀ ਮੁੰਡੇ ਨੂੰ ਬਾਹਰ ਲਿਜਾਉਣ ਤੋਂ ਮੁਨਕਰ ਹੋ ਜਾਂਦੀ ਹੈ।

ਸ. ਧਾਲੀਵਾਲ ਨੇ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਪ੍ਰਵਾਸੀ ਪੰਜਾਬ ਜੋ ਵਿਦੇਸ਼ ਵਿੱਚ ਬੈਠਾ ਹੈ ਅਤੇ ਉਸਦਾ ਪੰਜਾਬ ਨਾਲ ਸਬੰਧਤ ਕੋਈ ਵੀ ਮਾਮਲਾ ਪੈਡਿੰਗ ਹੈ ਤਾਂ ਇਹ ਜ਼ਰੂਰੀ ਨਹੀਂ ਉਹ ਨਿੱਜੀ ਤੌਰ ਤੇ ਪੰਜਾਬ ਆ ਕੇ ਸਾਡੇ ਅੱਗੇ ਪੇਸ਼ ਹੋ ਕੇ ਆਪਣੇ ਮਸਲੇ ਦੇ ਹੱਲ ਲਈ ਫਰਿਆਦ ਕਰਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਪਿੰਡਾਂ ਵਿੱਚ ਰਹਿੰਦੇ ਆਪਣੇ ਸਾਕ ਸਬੰਧੀਆਂ ਰਾਹੀਂ ਆਪਣੀਆਂ ਦਰਖਾਸਤਾਂ ਸਾਡੇ ਸਾਹਮਣੇ ਪੇਸ਼ ਕਰ ਸਕਦੇ ਹਨ ਅਤੇ ਸਰਕਾਰ ਮਿੱਥੇ ਸਮੇਂ ਵਿੱਚ ਉਨ੍ਹਾਂ ਦੇ ਮਸਲਿਆਂ ਦਾ ਨਿਪਟਾਰਾ ਕਰੇਗੀ।

ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਨ.ਆਰ.ਆਈਜ਼ ਦੇ ਕੇਸਾਂ ਲਈ ਵਿਸ਼ੇਸ਼ ਫਾਸਟ ਟਰੈਕ ਕੋਰਟਾਂ ਦੀ ਸਥਾਪਨਾ ਛੇਤੀ ਤੋਂ ਛੇਤੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਪ੍ਰਵਾਸੀ ਪੰਜਾਬੀਆਂ ਦੇ ਮਾਮਲੇ ਘੱਟੋ-ਘੱਟ ਸਮੇਂ ਵਿੱਚ ਨਿਪਟਾਏ ਜਾ ਸਕਣ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਬੱਚ ਸਕੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਜ਼ਿਲ੍ਹਾ ਪੱਧਰ ’ਤੇ ਮਸਲਿਆਂ ਦੀ ਸੁਣਵਾਈ ਲਈ ਪੰਜਾਬ ਸਰਕਾਰ ਵਲੋਂ ਨੋਡਲ ਅਫ਼ਸਰ ਨਿਯੁਕਤ ਕੀਤੇ ਜਾ ਰਹੇ ਹਨ ਜਿਹੜੇ ਸਿਰਫ਼ ਐਨ.ਆਰ.ਆਈ ਪੰਜਾਬੀਆਂ ਦੀਆਂ ਸ਼ਿਕਾਇਤਾਂ ਆਦਿ ਦਾ ਸਮੇਂ ਸਿਰ ਢੁਕਵੇਂ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣਗੇ।

ਐਨ.ਆਰ.ਆਈ.ਪੰਜਾਬੀਆਂ ਨਾਲ ਮਿਲਣੀ ਦੌਰਾਨ ਵੱਖ-ਵੱਖ ਜਿਲਿਆਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਜ਼ਿਲ੍ਹਾ ਵਾਰ ਕਾਊਂਟਰ ਸਥਾਪਿਤ ਕੀਤੇ ਗਏ ਸਨ ਜਿਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੇ ਮਸਲੇ ਸੁਣਕੇ ਹੱਲ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆ ਰਹੇ ਸਨ। ਇਸ ਦੌਰਾਨ 120 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਕੀਤੀ ਗਈ।

ਕੈਬਨਿਟ ਮੰਤਰੀ ਨੇ ਐਨ.ਆਰ.ਆਈਜ਼ ਨੂੰ ਤਾਕੀਦ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਮਿਲਣੀ ਪ੍ਰੋਗਰਾਮ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ। ਉਨ੍ਹਾਂ ਦੱਸਿਆ ਕਿ 30 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਮਿਲਣੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਲਈ ਐਨ.ਆਰ.ਆਈਜ਼ ਆਨਲਾਈਨ ਜਾਂ ਮੌਕੇ ’ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਸ. ਮਨਜੀਤ ਸਿੰਘ ਬਿਲਾਸਪੁਰ, ਹਲਕਾ ਧਰਮਕੋਟ ਤੋਂ ਵਿਧਾਇਕ ਸ. ਦਵਿੰਦਰਜੀਤ ਸਿੰਘ ਲਾਡੀ ਢੋਸ, ਹਲਕਾ ਮੋਗਾ ਤੋਂ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ, ਫਿਰੋਜ਼ਪੁਰ ਸਿਟੀ ਤੋਂ ਵਿਧਾਇਕ ਸ. ਰਣਬੀਰ ਸਿੰਘ ਭੁੱਲਰ, ਫਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਸ਼੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ, ਹਲਕਾ ਭੁੱਚੋ ਤੋਂ ਵਿਧਾਇਕ ਸ. ਜਗਸੀਰ ਸਿੰਘ, ਨਗਰ ਸੁਧਾਰ ਟਰੱਸਟ ਮੋਗਾ ਚੇਅਰਮੈਨ ਸ਼੍ਰੀ ਦੀਪਕ ਅਰੋੜਾ, ਜ਼ਿਲ੍ਹਾ ਪ੍ਰਧਾਨ ਆਪ ਸ੍ਰ ਹਰਮਨਦੀਪ ਸਿੰਘ ਬਰਾੜ ਆਦਿ ਮੌਜੂਦ ਸਨ।

ਇਸ ਮੌਕੇ ਵੱਖ-ਵੱਖ ਮੁਲਕਾਂ ਤੋਂ ਆਏ ਐਨ.ਆਰ.ਆਈਜ਼ ਤੋਂ ਇਲਾਵਾ ਐਨ.ਆਰ.ਆਈ.ਵਿਭਾਗ ਦੇ ਪ੍ਰਮੁੱਖ ਸਕੱਤਰ ਜੇ.ਬਾਲਾਮੁਰੂਗਨ, ਵਿਸ਼ੇਸ਼ ਸਕੱਤਰ ਸ਼੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਏ ਆਈ ਜੀ ਸ. ਰਾਜ ਜੀਤ ਸਿੰਘ, ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਪੂਨਮਦੀਪ ਕੌਰ, ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਸੇਨੂੰ ਦੁੱਗਲ, ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ, ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀਮਤੀ ਰੂਹੀ ਦੁੱਗ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਵਿਨੀਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਸਾਗਰ ਸੇਤੀਆ, ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਤੇ ਮੋਗਾ ਸ. ਰਾਜਪਾਲ ਸਿੰਘ ਸੰਧੂ, ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸ਼੍ਰੀ ਜੇ ਇਲਨਚੇਲੀਅਨ, ਸੀਨੀਅਰ ਪੁਲਿਸ ਕਪਤਾਨ ਫਾਜ਼ਿਲਕਾ ਸ. ਭੁਪਿੰਦਰ ਸਿੰਘ ਸਿੱਧੂ, ਸੀਨੀਅਰ ਪੁਲਿਸ ਕਪਤਾਨ ਮਾਨਸਾ ਸ. ਨਾਨਕ ਸਿੰਘ, ਸੀਨੀਅਰ ਪੁਲਿਸ ਕਪਤਾਨ ਸ਼੍ਰੀ ਮੁਕਤਸਰ ਸਾਹਿਬ ਸ. ਓਪਿੰਦਰ ਸਿੰਘ ਘੁੰਮਣ, ਐਸ ਪੀ ਫਿਰੋਜ਼ਪੁਰ ਭੀ ਸੋਹਣ ਲਾਲ ਸੋਨੀ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!