ਪੰਜਾਬ

ਬਾਦਲ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਵਜੋਂ ਪਦਮ ਵਿਭੂਸ਼ਣ ਕੀਤਾ ਵਾਪਸ

ਮੈਂ ਇੰਨਾ ਗਰੀਬ ਮਹਿਸੂਸ ਕਰ ਰਿਹਾ ਹਾਂ ਕਿ ਮੇਰੇ ਕੋਲ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਕੁਰਬਾਨ ਕਰਨ ਵਾਸਤੇ ਹੋਰ ਕੁਝ ਨਹੀਂ ਹੈ : ਬਾਦਲ
ਮੇਰਾ ਸਭ ਕੁਝ ਕਿਸਾਨਾਂ ਦੀ ਬਦੌਲਤ। ਮੈਂ ਜੋ ਵੀ ਹਾਂ ਉਹਨਾਂ ਕਰਕੇ ਹਾਂ। ਜੇਕਰ ਕਿਸਾਨਾਂ ਦਾ ਅਪਮਾਨ ਹੁੰਦਾ ਹੈ ਤਾਂ ਫਿਰ ਕੋਈ ਵੀ ਸਨਮਾਨ ਰੱਖਣ ਦਾ ਕੋਈ ਤੁੱਕ ਨਹੀਂ ਬਣਦਾ
ਕਿਸਾਨਾਂ ਨੂੰ ਉਹਨਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਦਿੱਤੇ ਗਏ ਭਰੋਸਿਆਂ ’ਤੇ ਧੋਖਾ ਕਰਨ ਤੋਂ ਬਹੁਤ ਦੁਖ ਹੋਇਆ
ਕਿਸਾਨਾਂ ਖਿਲਾਫ ਫਿਰਕੂ ਤੇ ਵੱਖਵਾਦੀ ਸ਼ਬਦਾਵਲੀ ਦੀ ਵਰਤੋਂ ਦੀ ਕੀਤੀ ਜ਼ੋਰਦਾਰ ਨਿਖੇਧੀ

ਚੰਡੀਗੜ੍ਹ, 3 ਦਸੰਬਰ : ਅਕਾਲੀ ਦਲ ਦੇ ਘਾਗ ਸਿਆਸਤਦਾਨ, ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ  ਪ੍ਰਕਾਸ਼ ਸਿੰਘ ਬਾਦਲ ਨੇ  ਭਾਰਤ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਧੋਖੇ ਅਤੇ ਤਿੰਨ ਖੇਤੀ ਐਕਟਾਂ ਖਿਲਾਫ ਚਲ ਰਹੇ ਸ਼ਾਂਤੀਪੂਰਨ ਤੇ ਲੋਕਤੰਤਰੀ ਸੰਘਰਸ਼ ਖਿਲਾਫ ਸਰਕਾਰ ਦੀ ਬੇਰੁਖੀ ਤੇ ਅਪਮਾਨਜਨਕ ਰਵੱਈਏ ਵਿਰੁੱਧ ਰੋਸ ਪ੍ਰਗਟ ਕਰਦਿਆਂ ਅੱਜ ਆਪਣਾ ਭਾਰਤ ਵਿਭੂਸ਼ਣ ਵਾਪਸ ਕਰ ਦਿੱਤਾ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਲਿਖੇ ਇਕ ਪੱਤਰ ਵਿਚ ਬਾਦਲ ਨੇ ਕਿਹਾ ਕਿ ਮੈਂ ਅੱਜ ਜੋ ਵੀ ਹਾਂ ਸਿਰਫ ਲੋਕਾਂ ਖਾਸ ਤੌਰ ’ਤੇ ਆਮ ਕਿਸਾਨਾਂ ਕਰ ਕੇ ਹਾਂ। ਅੱਜ ਜਦੋਂ ਉਹਨਾਂ ਦਾ ਹੀ ਸਨਮਾਨ ਨਹੀਂ ਹੋ ਰਿਹਾ ਤਾਂ ਫਿਰ ਪਦਮ ਵਿਭੂਸ਼ਣ ਵਰਗੇ ਸਨਮਾਨ ਰੱਖਣ ਦਾ ਕੋਈ ਤੁੱਕ ਨਹੀਂ ਬਣਦਾ।
ਬਾਦਲ ਨੇ ਸਰਕਾਰ ਵੱਲੋਂ ਕਿਸਾਨਾਂ ਨਾਂਲ ਕੀਤੇ ਧੋਖੇ ਨੂੰ ਪਹਿਲਾਂ ਹੀ ਕਸੂਤੀ ਫਸੀ ਕਿਸਾਨੀ ਲਈ ਵੱਡਾ ਝਟਕਾ ਕਰਾਰ ਦਿੱਤਾ ਤੇ ਕਿਹਾ ਕਿ ਕਿਸਾਨ ਆਪਣੇ ਜਿਉਣ ਦਾ ਮੌਲਿਕ ਅਧਿਕਾਰ ਬਚਾਉਣ ਵਾਸਤੇ ਕੜਾਕੇ ਦੀ ਠੰਢ ਵਿਚ ਸੰਘਰਸ਼ ਲੜ ਰਹੇ ਹਨ।
ਅੱਜ ਸਵੇਰੇ ਰਾਸ਼ਟਰਪਤੀ ਨੂੰ ਈ ਮੇਲ ਰਾਹੀਂ ਭੇਜੇ ਬੇਹੱਦ ਭਾਵੁਕ ਤੇ ਪੀੜਾਦਾਇਕ ਪੱਤਰ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਪੰਥਕ ਆਦਰਸ਼ਾਂ ਮਗਰੋਂ ਕਿਸਾਨ ਉਹਨਾਂ ਦਾ ਦੂਜਾ ਧਾਰਮਿਕ ਜਨੂੰਨ ਹਨ। ਉਹਨਾਂ ਕਿਹਾ ਕਿ ਜੋ ਕੁਝ ਵੀ ਮੇਰੇ ਕੋਲ ਹੈ, ਸਭ ਕੁਝ ਜਿਸ ’ਤੇ ਮੈਨੁੰ ਮਾਣ ਹੈ, ਸਨਮਾਨ ਦਾ ਹਰ ਪਲ ਤੇ ਜਨਤਕ ਜੀਵਨ ਵਿਚ ਮਿਲਿਆ ਹਰ ਅਹੁਦਾ ਜੋ ਮੈਨੁੰ ਮੇਰੇ ਲੰਬੇ ਸਿਆਸੀ ਜੀਵਨਕਾਲ ਦੌਰਾਨ ਮਿਲਿਆ, ਸਭ ਕੁਝ ਇਹਨਾਂ ਆਦਰਸ਼ਾਂ ਪ੍ਰਤੀ ਮੇਰੀ ਵਚਨਬੱਧਤਾ ਕਰ ਕੇ ਮਿਲਿਆ ਜਿਸ ਸਭ ਕੁਝ ਦਾ ਕੇਂਦਰੀ ਧੁਰਾ ਕਿਸਾਨ ਸਨ। ਉਹਨਾਂ ਕਿਹਾ ਕਿ ਜਦੋਂ ਦੇਸ਼ ਨੇ ਮੇਰਾ ਪਦਮ ਵਿਭੂਸ਼ਣ ਨਾਲ ਸਨਮਾਨ ਕੀਤਾ ਸੀ ਤਾਂ ਮੈਨੁੰ ਪਤਾ ਸੀ ਕਿ ਇਹ ਮੇਰੇ ਲੋਕਾਂ ਪ੍ਰਤੀ ਵਚਨਬੱਧਤਾ ਜਿਸ ਵਿਚ ਕਿਸਾਨ ਸਭ ਤੋਂ ਉਪਰ ਸਨ, ਦੇ ਕਾਰਨ ਮਿਲਿਆ ਜਿਸ ਲਈ ਮੈਂ ਕਿਸਾਨਾਂ ਦਾ ਕਰਜ਼ਦਾਰ ਹਾਂ।
ਆਪਣੇ ਪੱਤਰ ਵਿਚ ਸਰਦਾਰ ਬਾਦਲ ਨੇ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ ਤੇ ਕਾਰਵਾਈਆਂ ਕਾਰਨ ਦੁੱਖ ਤੇ ਧੋਖਾ ਮਹਿਸੂਸ ਹੋਣ ਦੇ ਕਾਰਨ ਵੀ ਦੱਸੇ।  ਉਹਨਾਂ ਕਿਹਾ ਕਿ ਜਦੋਂ ਭਾਰਤ ਸਰਕਾਰ ਨੇ ਆਰਡੀਨੈਂਸ ਲਿਆਂਦੇ ਸਨ ਤਾਂ ਕਿਸਾਨਾਂ ਨੁੰ ਭਰੋਸਾ ਦੁਆਇਆ ਸੀ ਕਿਜ ਦੋਂ ਸਬੰਧ ਬਿੱਲ ਤੇ ਫਿਰ ਐਕਟ ਬਣਾਏ ਜਾਣਗੇ ਤਾਂ ਉਹਨਾਂ ਦੀਆਂ ਚਿੰਤਾਵਾਂ ਦੂਰ ਕੀਤੀਆਂ ਜਾਣਗੀਆਂ। ਸਰਕਾਰ ਦੇ ਇਹਨਾਂ ਭਰੋਸਿਆਂ ’ਤੇ ਵਿਸ਼ਵਾਸ ਕਰ ਕੇ ਮੈਂ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੀ ਕਿ ਉਹ ਸਰਕਾਰ ਦੀਆਂ ਗੱਲਾਂ ’ਤੇ ਯਕੀਨ ਕਰਨ। ਪਰ ਜਦੋਂ ਸਰਕਾਰ ਆਪਣੀ ਗੱਲ ਤੋਂ ਮੁਕਰ ਗਈ ਤਾਂ ਮੈਂ ਹੈਰਾਨ ਰਹਿ ਗਿਆ।
ਸਾਬਕਾ ਮੁੱਖ ਮੰਤਰੀ ਨੇ ਇਸ ਧੋਖੇ ਮਗਰੋਂ ਦੇ ਸਮੇਂ ਨੂੰ ਉਹਨਾਂ ਦੇ ਲੰਬੇ ਸਿਆਸੀ ਜੀਵਨਕਾਲ ਦੇ ਸਭ ਤੋਂ ਪੀੜਾਦਾਇਕ ਤੇ ਨਮੋਸ਼ੀ ਭਰੇ ਪਲ ਕਰਾਰ ਦਿੱਤਾ। ਉਹਨਾਂ ਕਿਹਾ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਕਿ ਉਸ ਵੇਲੇ ਤੋਂ ਮੈਂ ਕਿੰਨੀ ਪੀੜਾ ਤੇ ਭਾਵੁਕ ਤਣਾਅ ਝੱਲਿਆ ਹੈ। ਮੈਂ ਹੈਰਾਨ ਹਾਂ ਕਿ ਦੇਸ਼ ਦੀ ਸਰਕਾਰ ਕਿਸਾਨਾਂ ਪ੍ਰਤੀ ਇੰਨੀ ਬੇਦਿਲ, ਸਨਕੀ ਤੇ ਨਾਸ਼ੁਕਰੀ ਕਿਉਂ ਹੋ ਗਈ ਹੈ।
ਬਾਦਲ ਨੇ ਕਿਹਾ ਕਿ ਉਹਨਾਂ ਨੂੰ ਸ਼ਾਂਤੀਪੂਰਨ ਤੇ ਲੋਕਤੰਤਰੀ ਤਰੀਕੇ ਨਾਲ ਰੋਸ ਪ੍ਰਗਟ ਰਹੇ ਕਿਸਾਨਾਂ ਪ੍ਰਤੀ ਵਰਤੇ ਜਾ ਰਹੇ ਫਿਰਕੂ ਫਿਕਰਿਆਂ ਤੋਂ ਵੀ ਬਹੁਤ ਪੀੜਾ ਹੋਈ ਹੈ। ਉਹਨਾਂ ਕਿਹਾ ਕਿ ਧਰਮ ਨਿਰਪੱਖਤਾ ਤਾਂ ਕਿਸਾਨਾਂ ਦੇ ਖੂਨ ਵਿਚ ਹੈ ਤੇ ਉਹ ਦੇਸ਼ ਦੀਆਂ ਧਰਮ ਨਿਰਪੱਖ ਤੇ ਲੋਕਤੰਤਰੀ ਕਦਰਾਂ ਕੀਮਤਾਂ ਤੇ ਸਰੂਪ ਜਿਸਨੂੰ ਕੁਝ ਹਲਕਿਆਂ ਤੋਂ ਗੰਭੀਰ ਚੁਭੌਤੀਆਂ ਦਰਪੇਸ਼ ਹਨ, ਦੀ ਰਾਖੀ ਵਾਸਤੇ ਸਭ ਤੋਂ ਉਤਮ ਗਰੰਟੀ ਹਨ।
ਉਹਨਾਂ ਕਿਹਾ ਕਿ ਉਹ ਆਸ਼ਾਵਾਦੀ ਹਨ ਤੇ ਉਹਨਾਂ ਨੁੰ ਆਸ ਹੈ ਕਿ ਰਾਸ਼ਟਰਪਤੀ ਆਪਣੇ ਅਹੁਦੇ ਦੀ ਵਰਤੋਂ ਕਰਕੇ ਸਰਕਾਰ ਨੂੰ ਕਿਸਾਨਾਂ ਦਾ ਵਿਸ਼ਵਾਸ ਜਿੱਤਣ ਲਈ ਆਖਣਗੇਤੇ ਸਾਡੇ ਮਹਾਨ ਦੇਸ਼ ਦੇ ਧਰਮ ਨਿਰਪੱਖ ਲੋਕਤੰਤਰੀ ਸਰੂਪ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕਹਿਣਗੇ।
ਬਾਦਲ ਨੇ ਰਾਸ਼ਟਰਪਤੀ ਨੂੰ ਚੇਤੇ ਕਰਵਾਇਆ ਕਿ ਉਹ ਦੇਸ਼ ਦੀ 70 ਫੀਸਫੀ ਵਸੋਂ ਜੋ ਕਿ ਕਿਸਾਨ ਹਨ, ਦੇ ਭਾਗਾਂ ਦਾ ਫੈਸਲਾ ਕਰਨ ਵਾਲੇ ਹਨ। 70 ਸਾਲਾਂ ਤੋਂ ਇਹ ਕਿਸਾਨ ਦੇਸ਼ ਦੀ ਅੰਨਦਾਤੇ ਵਜੋਂ ਨਿਰਸਵਾਰਥ ਹੋ ਕੇ ਖੁਦ ਤਕਲੀਫਾਂ ਝੱਲ ਕੇ ਸੇਵਾ ਕਰਦੇ ਆ ਰਹੇ ਹਨ।
ਉਹਨਾਂ ਕਿਹਾ ਕਿ ਦੇਸ਼ ਇਹਨਾਂ ਕਿਸਾਨਾਂ ਦਾ ਵੱਡਾ ਤੇ ਕਦੇ ਨਾ ਮੋੜਨ ਵਾਲਾ ਕਰਜ਼ਦਾਰ ਹੈ। ਉਹਨਾਂ ਕਿਹਾ ਕਿਜ ਦੋਂ ਦੇਸ਼ ਨੂੰ 60ਵਿਆਂ ਵਿਚ ਭੁੱਖ ਤੇ ਜ਼ਲਾਲਤ ਸਹਿਣੀ ਪੈ ਰਹੀ ਸੀ ਤੇ ਇਹ ਵਿਸ਼ਵ ਦੇ ਪੂੰਜੀਪਤੀਆਂ ਤੋਂ ਅਨਾਜ ਮੰਗ ਰਿਹਾ ਸੀ ਤਾਂ ਉਦੋਂ ਸਰਕਾਰ ਨੇ ਭੁੱਖਮਰੀ ਦੂਰ ਕਰਨ ਲਈ ਕਿਸਾਨਾਂ ਦਾਰੁੱਖ ਕੀਤਾ। ਕਿਸਾਨਾਂ ਨੇ ਸਖ਼ਤ ਮਿਹਨਤ ਕਰ ਕੇ ਦੇਸ਼ ਨੂੰ ਅਨਾਜ ਦੀ ਭੀਖ ਮੰਗਣ ਵਾਲੇ ਮੁਲਕ ਤੋਂ ਅਨਾਜ ਬਰਾਮਦ ਕਰਨ ਵਾਲਾ ਮੁਲਕ ਬਣਾ ਦਿੱਤਾ। ਉਹਨਾਂ ਕਿਹਾ ਕਿ ਇਹ ਤਬਦੀਲੀ ਸਿਧਾਂਤਕ ਤੌਰ ’ਤੇ ਪੰਜਾਬ ਨੇ ਹਰੀ ¬ਕ੍ਰਾਂਤੀ ਨਾਲ ਲਿਆਂਦੀ ਪਰ ਅਜਿਹਾ ਕਰਦਿਆਂ ਪੰਜਾਬੀ ਕਿਸਾਨ ਨੇ ਆਪਣੇ ਦੋ ਕੁਦਰਤੀ ਸਰੋਤ ਉਪਜਾਊ ਜ਼ਮੀਨ ਤੇ ਪਾਣੀ ਗੁਆ ਲਏ।
ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਸਰਕਾਰ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਅਪਣਾਈ ਬੈਠੀ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਵਿਚ ਇਕ ਆਵਾਜ਼ ਵਿਚ ਨਿਆਂ ਮੰਗਣ ਦੀਆਂ ਚੀਖਾਂ ਦੇ ਦ੍ਰਿਸ਼ ਨਾਲ ਤਾਂ ਦੂਜੇ ਦੇਸ਼ ਜਾਂ ਉਹਨਾਂ ਦੀਆਂ ਸਰਕਾਰਾਂ ਹਿੱਲ ਜਾਂਦੀਆਂ ਹਨ। ਪਰ ਅਫਸੋਸ ਹੈ ਕਿ ਹਿਥੇ ਕਿਸਾਨਾਂ ਦੀਆਂ ਤਕਲੀਫਾਂ ਤੇ ਰੋਹ ਪ੍ਰਤੀ ਅਜਿਹੀ ਕੋਈ ਸੰਵੇਦਨਸ਼ੀਲਤਾ ਨਜ਼ਰ ਨਹੀਂ ਆ ਰਹੀ।  ਉਹਨਾਂ ਆਸ ਪ੍ਰਗਟ ਕੀਤੀ ਕਿ ਦੇਸ਼ ਦੇ ਪਹਿਲੇ ਨਾਗਰਿਕ ਵਜੋਂ ਤੇ ਜਾਗਰੂਕ ਜਨਤਕ ਹਸਤੀ ਵਜੋਂ ਰਾਸ਼ਟਰਪਤੀ ਵੀ ਇਸ ਤੋਂ ਪੂਰੀ ਤਰ੍ਹਾਂ ਜਾਣੂ ਹੋਣਗੇ ਤੇ ਮੇਰੇ ਵਾਂਗ ਹੀ ਇਸ ਘਟਨਾ¬ਕ੍ਰਮ ਪ੍ਰਤੀ ਚਿੰਤਤ ਹਨ।
ਬਾਦਲ ਨੇ ਕਿਹਾ ਕਿ ਇਹਨਾਂ ਐਕਟਾਂ ਤੋਂ ਪਹਿਲਾਂ ਵੀ ਦੇਸ਼ ਭਰ ਵਿਚ ਗਰੀਬ ਕਿਸਾਨ ਗੰਭੀਰ ਸੰਕਟ ਵਿਚ ਸੀ। ਖੇਤੀਬਾੜੀ ਹੁਣ ਸਾਡੇ ਮੁਲਕ ਵਿਚ ਮੁਨਾਫੇ ਦਾ ਧੰਦਾ ਨਹੀਂ ਰਿਹਾ ਕਿਉਂਕਿ ਖੇਤੀਬਾੜੀ ਲਾਗਤਾਂ ਵੱਧ ਗਈਆਂ ਹਨ ਜਦਕਿ ਖੇਤੀ ਜਿਣਸਾਂ ਦੀਆਂ ਕੀਮਤਾਂ ਵਿਚ ਨਿਗੂਣਾ ਵਾਧਾ ਕੀਤਾ ਗਿਆ ਜਾਂ ਕੋਈ ਵਾਧਾ ਕੀਤਾ ਹੀ ਨਹੀਂ ਗਿਆ। ਪਿਛਲੇ ਸਾਲਾਂ ਦੌਰਾਨ ਸੰਕਟ ਹੋਰ ਡੂੰਘਾ ਹੋ ਗਿਆ ਕਿਉਂਕਿ ਕਿਸਾਨ ਲਾਗਤ ਦੀਆਂ ਵਧੀਆਂ ਕੀਮਤਾਂ ਹੀ ਪੂਰੀਆਂ ਕਰਨ ਦੇਸਮਰਥ ਨਹੀਂ ਰਹੇ ਤੇ ਜਿਸ ਕਾਰਨ ਆਪਣੇ ਪਰਿਵਾਰਾਂ ਨੂੰ ਰੋਟੀ ਖੁਆਉਣ ਲਈ ਅਸਹਿਣਯੋਗ ਕਰਜ਼ਿਆਂ ਵੱਲੋਂ ਖਿੱਚੇ ਗਏ।
ਬਾਦਲ ਨੇ ਅਫੋਸਸ ਪ੍ਰਗਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਕਿਸਾਨ ਹਮਾਇਤੀ ਪਾਰਟੀਆਂ ਦੀਆਂ ਅਪੀਲਾਂ ਦਾ ਮਖੌਲ ਉਡਾਇਆ ਗਿਆ। ਉਹਨਾਂ ਕਿਹਾ ਕਿ ਸਨਕੀ ਤੌਰ ’ਤੇ ਇਹ ਆਖਿਆ ਗਿਆ ਕਿ ਕਿਸਾਨਾਂ ਨੇ ਆਪਣੇ ਜੀਵਨ ਵਿਚ ਐਸ਼ਪ੍ਰਸਤੀ ਵਾਸਤੇ ਕਰਜ਼ੇ ਲੈ ਲਏ। ਇਹ ਕਿਸਾਨਾਂ ਪ੍ਰਤੀ ਨਿਰਦਈ ਸਨਕੀਵਾਦ ਤੇ ਮੰਦੀ ਭਾਵਨਾ ਹੈ ਜੋ ਉਦੋਂ ਵੀ ਨਹੀਂ ਰੁਕੀ ਜਦੋਂ ਦੇਸ਼ ਦੇ ਹਜ਼ਾਰਾਂ ਕਿਸਾਨ ਆਪਣੀਆਂ ਹੀ ਜਾਨਾਂ ਲੈਣ ਵੱਲ ਮੁੜ ਪਏ ਤੇ ਇਸਨੂੰ ਕਿਸਾਨ ਆਤਮ ਹੱਤਿਆਵਾਂ ਆਖਿਆ ਗਿਆ।
ਸ੍ਰੀ ਬਾਦਲ ਨੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਲੱਖਾਂ ਕਰੋੜਾਂ ਰੁਪਏ ਦੇ ਕਾਰਪੋਰੇਟ ਕਰਜ਼ੇ ਬਿਨਾਂ ਸੋਚ ਵਿਚਾਰੇ ਮੁਆਫ ਕਰ ਦਿੱਤੇ ਗਏ ਜਦਕਿ ਕਿਸਾਨੀ ਕਰਜ਼ਿਆਂ ਨੂੰਘਟਾਉਣ ਜਾਂ ਪੂਰੀ ਤਰ੍ਹਾਂ ਮੁਆਫ ਕਰਨ ਬਾਰੇ ਸੋਚਿਆ ਵੀ ਨਹੀਂ ਗਿਆ ਬਲਕਿ ਦੇਸ਼ ਨੇ ਅੰਨਦਾਤਾ ਨੁੰ ਮਰਨ ਦੇਣਾ ਹੀ ਮੁਨਾਸਬ ਸਮਝਿਆ।
ਬਾਦਲ ਨੇ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੁੰ ਦੇਸ਼ ਦੇ ਅੰਨਦਾਤਾ ਦੇ ਤਾਬੂਤ ਵਿਚ ਆਖਰੀ ਕਿੱਲ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਸੜਕਾਂ ’ਤੇ ਹਨ, ਪੁਲਿਸ ਦੀਆਂ ਡਾਂਗਾਂ ਖਾ ਰਹੇ ਹਨ, ਹੰਝੂ ਗੈਸ ਦੇ ਗੋਲੇ ਝੱਲ ਰਹੇ ਹਨ ਤੇ ਜਲ ਤੋਪਾਂ ਦਾ ਸਾਹਮਣਾ ਵੀ ਕਰ ਰਹੇ ਹਨ ਤੇ ਉਹਨਾਂ ਦੇ ਜੀਵਨ ਦੇ ਸਰੋਤ ਸੁੱਕ ਰਹੇ ਹਨ। ਉਹਨਾਂ ਕਿਹਾ ਕਿ ਹੁਣ ਆਪੋ ਆਪਣੇ ਖੇਤ ਛੱਡ ਕਿਸਾਨ ਦੇਸ ਭਰ ਤੋਂ ਕੌਮੀ ਰਾਜਧਾਨੀ ਵਿਚ ਪੁੱਜੇ ਹਨ। ਉਹ ਤੇ ਉਹਨਾਂ ਦੇ ਪਰਿਵਾਰਾਂ ਨੇ ਹਜ਼ਾਰਾਂ ਕਿਲੋਮੀਟਰਾਂ ਦਾ ਸਫਰ ਤੈਅ ਕੀਤਾ ਹੈ ਤਾਂ ਜੋ ਆਪਣੀ ਹੀ ਸਰਕਾਰ ਦਾ ਧਿਆਨ ਖਿੱਚਿਆ ਜਾ ਸਕੇ। ਉਹਨਾਂ ਨੇ ਅਣਕਿਆਸਾ ਤੇ ਬਹੁਤ ਹੀ ਲਾਮਿਸਾਲ ਸੰਜਮ, ਸਿਆਣਪ ਤੇ ਜ਼ਿੰਮੇਵਾਰੀ ਵਿਖਾਉਂਦਿਆਂ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਤੇ ਲੋਕਤੰਤਰੀ ਰੋਸ ਪ੍ਰਦਰਸ਼ਨ ਕੀਤਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਹ ਵੇਖ ਕੇ ਬਹੁਤ ਹੀ ਦੁੱਖ ਹੋਇਆ ਹੈ ਕਿ ਇਸ ਸ਼ਾਂਤੀਪੂਰਨ ਸੰਘਰਸ਼ ਨੁੰ ਦੇਸ ਵਿਰੋਧੀ ਕਰਾਰ ਦੇਣ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਨਫਰਤਾ ਵਾਲਾ ਪ੍ਰਾਪੇਗੰਡਾ ਫੈਲਾਇਆ ਜਾ ਰਿਹਾ ਹੈ।
ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਦੇਸ਼ ਦੇ ਅਸਲ ਸੰਘੀ ਢਾਂਚੇ ਅਧੀਨ ਰਾਜਾਂ ਲਈ ਵਧੇਰੇ ਖੁਦਮੁਖਤਿਆਰੀ ਲਈ ਲੰਬੇ ਤੇ ਅਕਸਰ ਪੀੜਾਦਾਇਕ ਸੰਘਰਸ਼ਾਂ ਨੂੰ ਚੇਤੇ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ  ਰਾਜਾਂ ਕੋਲ ਵੱਧ ਸਰੋਤ ਹੋਣੇ ਚਾਹੀਦੇ ਹਨ ਤਾਂ ਜੋ ਉਹ ਆਪਣੇ ਲੋਕਾਂ ਦਾ ਖਿਆਲ ਰੱਖ ਸਕਣ ਤੇ ਪੰਜਾਬ ਦੇ ਕੇਸ ਵਿਚ ਕਿਸਾਨਾਂ ਦਾ। ਉਹਨਾਂ ਕਿਹਾ ਕਿ ਇਹਨਾਂ ਸੰਘਰਸ਼ਾਂ ਦੌਰਾਨ ਮੈਂ ਲੰਬਾਂ ਸਮਾਂ ਜੇਲ੍ਹਾਂ ਕੱਟੀਆਂ ਜੋ ਆਜ਼ਾਦ ਭਾਰਤ ਵਿਚ ਕਿਸੇ ਵੀ ਸਿਆਸੀ ਹਸਤੀ ਵੱਲੋਂ ਕੱਟੀਆਂ ਜੇਲ੍ਹਾਂ ਨਾਲੋਂ ਲੰਬੇਂ ਸਮੇਂ ਵਾਲੀਆਂ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!