ਪੰਜਾਬ

ਪੰਚਾਇਤ ਮੰਤਰੀ ਵੱਲੋਂ ਗ੍ਰਿਫ਼ਤਾਰ ਬੀ.ਡੀ.ਪੀ.ਓ ਸਰਬਜੀਤ ਸਿੰਘ ਮੁਅੱਤਲ

ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ, 13 ਜਨਵਰੀ:* ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ  ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿਭਾਗ ਨੇ ਮਮਦੋਟ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ) ਸਰਬਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਸਰਬਜੀਤ ਸਿੰਘ ਨੂੰ ਕੱਲ੍ਹ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁਅੱਤਲੀ ਦੇ ਸਮੇਂ ਦੌਰਾਨ ਅਧਿਕਾਰੀ ਦਾ ਹੈੱਡਕੁਆਰਟਰ ਦਫ਼ਤਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਫ਼ਿਰੋਜ਼ਪੁਰ ਹੋਵੇਗਾ।
ਇਸੇ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ . ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਚ ਗ਼ਲਤਾਨ ਅਧਿਕਾਰੀਆਂ ਵਿਰੁੱਧ ਕਾਰਵਾਈ ਫ਼ੈਸਲਾਕੁਨ ਨਤੀਜੇ ਤੱਕ ਪਹੁੰਚਾਈ ਜਾਵੇਗੀ।
ਦੱਸਣਯੋਗ ਹੈ ਕਿ  ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਲਾਕ ਮਮਦੋਟ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀਡੀਪੀਓ) ਸਰਬਜੀਤ ਸਿੰਘ ਨੂੰ ਇਲਾਕੇ ਦੇ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਉਕਤ ਮੁਲਜ਼ਮ ਬੀਡੀਪੀਓ ਨੂੰ ਜਾਂਚ ਉਪਰੰਤ ਰਿਸ਼ਵਤਾਂ ਲੈਣ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਬਲਾਕ ਮਮਦੋਟ ਦੇ ਪਿੰਡ ਕੋਠੇ ਕਿੱਲੀ ਵਾਲੇ ਦੇ ਸਰਪੰਚ ਪਿੱਪਲ ਸਿੰਘ, ਪਿੰਡ ਮੁਹੰਮਦ ਖਾਨ ਨਿਆਜੀਆਂ ਦੇ ਸਰਪੰਚ ਪ੍ਰਗਟ ਸਿੰਘ, ਪਿੰਡ ਗੱਟੀ ਮਸਤਾਨ ਨੰਬਰ 2 ਦੇ ਸਰਪੰਚ ਅਨੋਖ ਸਿੰਘ, ਪਿੰਡ ਚੱਕ ਅਮਰੀਕ ਸਿੰਘ ਵਾਲਾ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਗੁਰਬਚਨ ਸਿੰਘ, ਗੱਟੀ ਮਸਤਾ ਨੰਬਰ-01 ਪਿੰਡ ਦੇ ਸਰਪੰਚ ਸਰਜੀਤ ਸਿੰਘ ਅਤੇ ਪਿੰਡ ਕੋਟ ਬਿਸ਼ਨ ਸਿੰਘ ਮਾਨਾਵਾਲਾ ਦੇ ਸਰਪੰਚ ਪਰਮਜੀਤ ਸਿੰਘ ਨੇ ਤਫ਼ਤੀਸ਼ੀ ਅਫ਼ਸਰ ਅੱਗੇ ਬਿਆਨ ਦਿੱਤਾ ਕਿ ਉਕਤ ਬੀ.ਡੀ.ਪੀ.ਓ. ਬਲਾਕ ਦੀਆਂ ਪੰਚਾਇਤਾਂ ਦੇ ਕੰਮ ਕਰਵਾਉਣ ਤੋਂ ਪਹਿਲਾਂ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਤੋਂ ਰਿਸ਼ਵਤਾਂ ਲੈਂਦਾ ਸੀ। ਉਨ੍ਹਾਂ ਅੱਗੇ ਹੋਰ ਦੋਸ਼ ਲਾਇਆ ਕਿ ਜੇਕਰ ਉਸ ਨੂੰ ਰਿਸ਼ਵਤ ਨਹੀਂ ਸੀ ਦਿੱਤੀ ਜਾਂਦੀ ਤਾਂ ਉਹ ਪਿੰਡ ਦੇ ਕੰਮਾਂ ਸਬੰਧੀ ਮਨਜ਼ੂਰੀਆਂ ਦੇਣ ਵਿੱਚ ਦੇਰੀ ਕਰਦਾ ਸੀ।
ਪੜਤਾਲ ਦੌਰਾਨ ਰਿਕਾਰਡ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਿੰਡ ਬਸਤੀ ਦੂਲਾ ਸਿੰਘ ਵਿਖੇ ਜ਼ੀਰੋ ਲਾਈਨ ’ਤੇ ਕੀਤੇ ਗਏ ਕੰਮਾਂ ਦੀ ਅਦਾਇਗੀ ਕਰਨ ਬਦਲੇ ਸਰਪੰਚ ਜਸਵੰਤ ਸਿੰਘ ਨੇ ਉਕਤ ਬੀਡੀਪੀਓ ਸਰਬਜੀਤ ਸਿੰਘ ਦੇ ਮੋਬਾਈਲ ‘ਤੇ ਆਪਣੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਖਾਤੇ ਤੋਂ ਗੂਗਲ ਪੇਅ ਰਾਹੀਂ ਦੋ ਵਾਰੀ ਕ੍ਰਮਵਾਰ 30,000 ਰੁਪਏ ਅਤੇ 5,000 ਰੁਪਏ ਰਿਸ਼ਵਤ ਟਰਾਂਸਫਰ ਕੀਤੀ ਸੀ। ਉਕਤ ਸਰਪੰਚ ਨੇ ਅੱਗੇ ਇਹ ਵੀ ਦੋਸ਼ ਲਾਇਆ ਕਿ ਉਸ ਨੇ ਹਾਲ ਹੀ ਵਿੱਚ ਪਿੰਡ ‘ਚ ਵਿਕਾਸ ਕਾਰਜ ਮੁਕੰਮਲ ਕਰਨ ਬਦਲੇ ਬੀਡੀਪੀਓ ਦੇ ਉਸੇ ਖਾਤੇ ਵਿੱਚ 10 ਹਜ਼ਾਰ ਰੁਪਏ ਹੋਰ ਤਬਦੀਲ ਕੀਤੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!