ਪੰਜਾਬ

ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ, ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ 

ਭਗਵੰਤ ਮਾਨ ਨੇ ਕਿਹਾ- 2022 ਵਿੱਚ ਤੁਸੀਂ ਲੋਕਾਂ ਨੇ ਵੱਡੇ-ਵੱਡੇ ਕਿਲ੍ਹੇ ਢਾਹੇ, ਇਸ ਵਾਰ ਤੁਸੀਂ ਫ਼ਿਰੋਜਪੁਰ ‘ਚੋਂ ਅਕਾਲੀ ਦਲ ਦਾ ਕਿਲ੍ਹਾ ਢਹਾ ਦਿਓ

ਲੋਕ ਸਭਾ ਹਲਕਾ ਫ਼ਿਰੋਜਪੁਰ  :  ਭਗਵੰਤ ਮਾਨ ਨੇ ਕਿਹਾ, 4 ਜੂਨ ਨੂੰ ਵਿਰੋਧੀਆਂ ਦੇ ਮੂੰਹ ਬੰਦ ਕਰਕੇ 13-0 ਕਰੋ, ਬਾਅਦ ਵਿਚ ਤੁਹਾਡੀ ਸਰਕਾਰ ਅਤੇ ਸੰਗਠਨ ਵਿਚ ਹੋਵੇਗੀ ਜ਼ਿੰਮੇਵਾਰੀ ਅਤੇ ਪੰਜਾਬ ਨੂੰ ਬਣਾਵਾਂਗੇ ‘ਸੋਨੇ ਦੀ ਚਿੜੀ’

 

ਸੁਖਬੀਰ ਬਾਦਲ ‘ਤੇ ਬੋਲਿਆ ਹਮਲਾ, ਕਿਹਾ – ਉਹ ਮਹੱਲ ਵਿੱਚ ਰਹਿਣ ਵਾਲੇ ਹਨ, ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਹਨ, ਉਨ੍ਹਾਂ ਨੂੰ ਸਾਡੇ ਲੋਕਾਂ ਦੇ ਦਰਦ ਦਾ ਕੀ ਪਤਾ?

ਭਗਵੰਤ ਮਾਨ ਨੇ ਕਿਹਾ, ਫ਼ਿਰੋਜਪੁਰ ਦੇ ਕਿਸਾਨਾਂ ਨੂੰ ਨਰਮੇ ਦੀ ਖੇਤੀ ਲਈ ਹਰ ਹਾਲ ਵਿੱਚ 10 ਅਪ੍ਰੈਲ ਤੱਕ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ

ਮੈਂ ਤੁਹਾਡੀ ਮਜਬੂਰੀ ਨੂੰ ਆਉਣ ਵਾਲੇ 6-7 ਮਹੀਨਿਆਂ ‘ਚ ਮਰਜ਼ੀ ਵਿੱਚ ਬਦਲ ਦੇਵਾਂਗਾ, ਇਹ ਤੁਹਾਡਾ ਫੈਸਲਾ ਹੋਵੇਗਾ ਕਿ ਇਲਾਜ ਜਾਂ ਪੜ੍ਹਾਈ ਸਰਕਾਰੀ ਵਿੱਚ ਕਰਾਉਣਾ ਹੈ ਜਾਂ ਪ੍ਰਾਈਵੇਟ ਵਿੱਚ – ਭਗਵੰਤ ਮਾਨ

ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੀਆਂ ਕਈ ਜਾਇਦਾਦਾਂ ਸਮੇਤ ਥਰਮਲ ਪਲਾਂਟ ਵੇਚ ਦਿੱਤੇ,  ਪਰੰਤੂ ਪੰਜਾਬ ਕੋਲ ਅੱਜ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਹਨ, ਜਿੰਨਾਂ ਨੇ ਪੰਜਾਬ ਨੂੰ ਥਰਮਲ ਪਲਾਂਟ ਖ਼ਰੀਦ ਕੇ ਦਿੱਤਾ -ਕਾਕਾ ਬਰਾੜ

ਫ਼ਿਰੋਜ਼ਪੁਰ/ਚੰਡੀਗੜ੍ਹ, 7 ਮਈ

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ  ਵਿੱਚ ਚੋਣ ਪ੍ਰਚਾਰ ਕੀਤਾ। ਇੱਥੇ ਉਨ੍ਹਾਂ ਨੇ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ।

ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਤੁਹਾਡਾ ਪਿਆਰ ਤੇ ਸਤਿਕਾਰ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੈਂ ਵੀ ਤੁਹਾਡੇ ਵਿੱਚੋਂ ਇੱਕ ਹਾਂ। ਮੈਂ ਪਿੰਡ ਵਿਚ ਰਿਹਾ ਹਾਂ ਅਤੇ ਅਜੇ ਵੀ ਪਿੰਡ ਨਾਲ ਜੁੜਿਆ ਹੋਇਆ ਹਾਂ। ਇਸ ਲਈ ਮੈਂ ਤੁਹਾਡੇ ਦੁੱਖ-ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਮਹਿਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਿੰਡ ਦੇ ਲੋਕਾਂ ਬਾਰੇ ਕੀ ਪਤਾ ਹੋਵੇਗਾ?

ਲੋਕ ਸਭਾ ਹਲਕਾ
ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਕਰਕੇ ਲੋਕਾਂ ਨੂੰ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ

ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਏ.ਸੀ. ਵਿੱਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਆਉਂਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਮੈਂ ਅੱਜ ਤੱਕ ਉਨ੍ਹਾਂ ਨੂੰ ਸੰਸਦ ਵਿੱਚ ਨਹੀਂ ਦੇਖਿਆ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ?

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੱਤਾ ‘ਚ ਰਹਿੰਦਿਆਂ ਪੰਜਾਬ ਨੂੰ ਲੁੱਟਿਆ ਅਤੇ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ। ਉਨ੍ਹਾਂ ਨੇ ਪਹਾੜਾਂ ਵਿੱਚ ਆਪਣੇ ਲਈ ਇੱਕ ਲਗਜ਼ਰੀ ਹੋਟਲ ਬਣਾਇਆ, ਜਿਸਦਾ ਕਿਰਾਇਆ 7 ਲੱਖ ਰੁਪਏ ਪ੍ਰਤੀ ਰਾਤ ਹੈ। ਉਸ ਹੋਟਲ ਦੇ ਹਰ ਕਮਰੇ ਦੇ ਨਾਲ ਇੱਕ ਨਿੱਜੀ ਪੂਲ ਹੈ। ਮਾਨ ਨੇ ਕਿਹਾ ਕਿ ਮੈਂ ਉਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਛੁਡਵਾ ਕੇ ਪੰਜਾਬ ਸਰਕਾਰ ਦਾ ਕਬਜ਼ਾ ਕਰਵਾਵਾਂਗਾ। ਫਿਰ ਅਸੀਂ ਇਸ ਨੂੰ ਇੱਕ ਸਕੂਲ ਵਿੱਚ ਬਦਲ ਦੇਵਾਂਗੇ ਅਤੇ ਉਹ ਸਕੂਲ ਅਜਿਹਾ ਪਹਿਲਾ ਸਕੂਲ ਹੋਵੇਗਾ ਜਿਸਦੇ ਹਰ ਕਲਾਸ-ਰੂਮ ਵਿੱਚ ਇੱਕ ਪੂਲ ਹੋਵੇਗਾ।

ਲੋਕ ਸਭਾ ਹਲਕਾ
ਭਗਵੰਤ ਮਾਨ ਨੇ ਕਿਹਾ, 4 ਜੂਨ ਨੂੰ ਵਿਰੋਧੀਆਂ ਦੇ ਮੂੰਹ ਬੰਦ ਕਰਕੇ 13-0 ਕਰੋ, ਬਾਅਦ ਵਿਚ ਤੁਹਾਡੀ ਸਰਕਾਰ ਅਤੇ ਸੰਗਠਨ ਵਿਚ ਹੋਵੇਗੀ ਜ਼ਿੰਮੇਵਾਰੀ ਅਤੇ ਪੰਜਾਬ ਨੂੰ ਬਣਾਵਾਂਗੇ ‘ਸੋਨੇ ਦੀ ਚਿੜੀ’

ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਡੇ ਅਤੇ ਖ਼ਾਨਦਾਨੀ ਸਿਆਸਤਦਾਨ ਇਸ ਗੱਲ ਤੋਂ ਬਹੁਤ ਦੁਖੀ ਹਨ ਕਿ ਆਮ ਪਰਿਵਾਰਾਂ ਦੇ ਲੋਕ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਕਿਵੇਂ ਬਣ ਗਏ। ਇਹ ਲੋਕ ਸੱਤਾ ਨੂੰ ਆਪਣੀ ਪਰਿਵਾਰਕ ਜਾਇਦਾਦ ਸਮਝਦੇ ਸਨ। ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੁਸੀਂ ਵੱਡੇ-ਵੱਡੇ ਕਿਲ੍ਹੇ ਤੋੜ ਦਿੱਤੇ। ਇਸ ਵਾਰ ਫ਼ਿਰੋਜ਼ਪੁਰ ਦਾ ਕਿਲ੍ਹਾ ਵੀ ਢਾਹੁਣਾ ਹੈ।

ਬਾਦਲ ਪਰਿਵਾਰ ਨੂੰ ਆੜੇ ਹੱਥੀਂ ਲੈਂਦਿਆਂ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਸਾਰੇ ਲੋਕ ਹੀ ਚੋਣਾਂ ਹਾਰ ਚੁੱਕੇ ਹਨ। ਸਿਰਫ਼ ਹਰਸਿਮਰਤ ਕੌਰ ਬਾਦਲ ਹੀ ਬਚੀ ਹੈ। ਇਸ ਚੋਣ ਵਿੱਚ ਬਠਿੰਡਾ ਤੋਂ ਹਰਸਿਮਰਤ ਕੌਰ ਦੀ ਜ਼ਮਾਨਤ ਜ਼ਬਤ ਹੋਣ ਜਾ ਰਹੀ ਹੈ।  ਉਸ ਤੋਂ ਬਾਅਦ ਬਾਦਲ ਪਰਿਵਾਰ ਵਿਚ ਹਰ ਕੋਈ ਹਾਰ ਜਾਵੇਗਾ, ਫਿਰ ਲੋਕ ਇਕ ਦੂਜੇ ‘ਤੇ ਦੋਸ਼ ਨਹੀਂ ਲਗਾਉਣਗੇ ਕਿ ‘ਤੁਸੀਂ ਹਾਰ ਗਏ’ ਕਿਉਂਕਿ ਹਰ ਕੋਈ ਹਾਰਿਆ ਹੋਵੇਗਾ।

ਮਾਨ ਨੇ ਫ਼ਿਰੋਜ਼ਪੁਰ ਦੇ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਬੋਲਦਿਆਂ ਕਿਹਾ ਕਿ ਮੈਂ ਫ਼ਿਰੋਜ਼ਪੁਰ ਦੇ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਨਰਮੇ ਦੀ ਖੇਤੀ ਲਈ ਸਾਨੂੰ ਨਹਿਰੀ ਪਾਣੀ ਦੀ ਲੋੜ ਹੈ। ਉਸੇ ਸਮੇਂ ਮੈਂ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ 10 ਅਪ੍ਰੈਲ ਤੱਕ ਨਹਿਰੀ ਪਾਣੀ ਮਿਲ ਜਾਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਸਾਰੇ ਕਿਸਾਨਾਂ ਨੂੰ ਦਿਨ ਵੇਲੇ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾਵੇ। ਮੈਂ ਬਹੁਤ ਖ਼ੁਸ਼ ਹਾਂ ਕਿ ਮੇਰਾ ਇਹ ਵਾਅਦਾ ਪੂਰਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਮੇਸ਼ਾ ਕਹਿੰਦੇ ਸਨ ਕਿ ਖ਼ਜ਼ਾਨਾ ਖ਼ਾਲੀ ਹੈ। ਅਸੀਂ ਅੱਜ ਤੱਕ ਇਹ ਨਹੀਂ ਕਿਹਾ । ਸਾਡਾ ਖ਼ਜ਼ਾਨਾ ਵੀ ਵਧ ਰਿਹਾ ਹੈ ਅਤੇ ਅਸੀਂ ਪਿਛਲੇ ਦੋ ਸਾਲਾਂ ਵਿੱਚ 43000 ਸਰਕਾਰੀ ਨੌਕਰੀਆਂ ਵੀ ਦਿੱਤੀਆਂ ਹਨ। ਅਸੀਂ 829 ਆਮ ਆਦਮੀ ਕਲੀਨਿਕ ਬਣਾਏ ਜਿਨ੍ਹਾਂ ਵਿੱਚ ਦੋ ਕਰੋੜ ਲੋਕਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ। ਸਕੂਲ ਆੱਫ ਐਮਿਨੈਂਸ ਖੋਲੇ ਜਿਸ ਕਾਰਨ ਅੱਜ ਸਰਕਾਰੀ ਸਕੂਲਾਂ ਦਾ ਨਤੀਜਾ 98 ਫੀਸਦੀ ਰਿਹਾ ਹੈ। ਇਸ ਦੇ ਨਾਲ ਹੀ ਇਸ ਸਾਲ ਕਰੀਬ 2.5 ਲੱਖ ਬੱਚਿਆਂ ਨੇ ਪ੍ਰਾਈਵੇਟ ਸਕੂਲਾਂ ਤੋਂ ਆਪਣੇ ਨਾਂ ਕਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ।

ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੀ ਮਜ਼ਬੂਰੀ ਨੂੰ ਮਰਜ਼ੀ ਵਿਚ ਬਦਲਣਾ ਚਾਹੁੰਦਾ ਹਾਂ। ਅੱਜ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਤੁਹਾਡੀ ਮਜਬੂਰੀ ਹੈ ਕਿਉਂਕਿ ਤੁਹਾਨੂੰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਭਰੋਸਾ ਨਹੀਂ ਹੈ। ਆਉਣ ਵਾਲੇ ਦੋ ਸਾਲਾਂ ਵਿੱਚ ਮੈਂ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਐਨਾ ਵਧੀਆ ਬਣਾਵਾਂਗਾ ਕਿ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਨੂੰ ਚੁਣਨਾ ਤੁਹਾਡੀ ਮਰਜ਼ੀ ਹੋਵੇਗੀ, ਮਜਬੂਰੀ ਨਹੀਂ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਤੱਕ ਮੈਂ ਇੱਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ ਕਿਉਂਕਿ ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਪੈਸਾ ਕਮਾਉਣ ਵਾਲਾ ਰਾਹ ਛੱਡ ਕੇ ਆਇਆਂ ਹਾਂ। ਮੈਨੂੰ ਹਮੇਸ਼ਾ ਲੱਗਦਾ ਸੀ ਕਿ ਇਹ ਅਕਾਲੀ ਕਾਂਗਰਸੀ ਪੰਜਾਬ ਨੂੰ ਲੁੱਟ ਰਹੇ ਹਨ। ਸਾਨੂੰ ਇਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ। ਫਿਰ ਮੈਂ ਰਾਜਨੀਤੀ ਦਾ ਰਾਹ ਚੁਣਿਆ।

ਮਾਨ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਭਰੋਸਾ ਦਿਵਾਇਆ ਅਤੇ ਕਿਹਾ ਕਿ ਤੁਸੀਂ ਤੇਲ ਜਲਾ ਕੇ ਆਪਣੀ ਕਾਰ ਮੇਰੀ ਕਾਰ ਦੇ ਪਿੱਛੇ ਮੋੜ ਦਿੱਤੀ ਹੈ। ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹਾਂ। ਤੁਹਾਨੂੰ ਇਸ ਲਈ ਬੋਲਣ ਦੀ ਲੋੜ ਨਹੀਂ ਹੋਵੇਗੀ। 4 ਜੂਨ ਤੋਂ ਬਾਅਦ ਬਿਨਾਂ ਬੋਲੇ ਤੁਹਾਨੂੰ ਆਪਣੀ ਯੋਗਤਾ ਅਨੁਸਾਰ ਸੰਗਠਨ ਅਤੇ ਸਰਕਾਰ ਵਿੱਚ ਥਾਂ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਵੀ ਅਸੀਂ ਆਪਣੇ ਆਮ ਵਰਕਰਾਂ ਨੂੰ ਹੀ ਸਰਕਾਰ ਦੇ ਸਾਰੇ ਬੋਰਡਾਂ ਦਾ ਚੇਅਰਮੈਨ ਬਣਾਇਆ ਹੈ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਨ ਸਭਾ ਵਿੱਚ ਆਏ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਵਿਕਾਸ ਲਈ ਸਰਕਾਰੀ ਅਦਾਰਿਆਂ ਨੂੰ ਬਹੁਤ ਮਜ਼ਬੂਤ ਕੀਤਾ ਹੈ।  ਮਾਨ ਸਰਕਾਰ ਨੇ ਵੇਰਕਾ ਮਾਰਕਫੈੱਡ ਅਤੇ ਸ਼ੂਗਰਫੈੱਡ ਵਰਗੇ ਅਦਾਰਿਆਂ ਨੂੰ ਫ਼ੰਡ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਵਿੱਤੀ ਸੰਕਟ ਵਿੱਚੋਂ ਬਾਹਰ ਕੱਢਿਆ ਅਤੇ ਇਨ੍ਹਾਂ ਦਾ ਵਿਸਥਾਰ ਕੀਤਾ। ਇਸੇ ਕਰਕੇ ਅੱਜ ਵੇਰਕਾ ਦੇ ਉਤਪਾਦ ਪੰਜਾਬ ਵਿੱਚ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਵੀ ਕਈ ਰਾਜਾਂ ਵਿੱਚ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੀਆਂ ਕਈ ਜਾਇਦਾਦਾਂ ਸਮੇਤ ਥਰਮਲ ਪਲਾਂਟ ਵੇਚ ਦਿੱਤੇ ਸਨ, ਪਰੰਤੂ ਪੰਜਾਬ ਕੋਲ ਅੱਜ ਇੱਕ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਹਨ, ਜਿੰਨਾਂ ਨੇ ਪੰਜਾਬ ਨੂੰ ਥਰਮਲ ਪਲਾਂਟ ਖ਼ਰੀਦ ਕੇ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!