ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ


ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 63 ਪਿੰਡਾਂ ਅਤੇ 14 ਕਸਬਿਆਂ ਵਿੱਚ 77 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਪ੍ਰਾਜੈਕਟ ਲੋਕ ਅਰਪਣ ਕੀਤੇ
 ਸੁਲਤਾਨਪੁਰ ਲੋਧੀ/ਡੇਰਾ ਬਾਬਾ ਨਾਨਕ, 30 ਨਵੰਬਰ:
ਪਵਿੱਤਰ ਨਗਰੀ ਦੇ ਵਿਕਾਸ ਨੂੰ ਨਵੀਆਂ ਸਿਖ਼ਰਾਂ `ਤੇ ਲਿਜਾਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰੀਬ 40.75 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਜਾਣ ਵਾਲੇ ਛੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। 
ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੰਪੂਰਨਤਾ ਉਤੇ ਰੱਖੇ ਸਮਾਰੋਹਾਂ  ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 6.5 ਕਰੋੜ ਰੁਪਏ ਦੀ ਲਾਗਤ ਨਾਲ ਕਿਲਾ ਸਰਾਏ ਪ੍ਰਾਜੈਕਟ ਦੀ ਸੰਭਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 1.25 ਕਰੋੜ ਰੁਪਏ ਦੀ ਲਾਗਤ ਨਾਲ ਗਰਿੱਡ ਟਾਈਡ ਰੂਫ ਟਾਪ ਸੋਲਰ ਪਾਵਰ ਪਲਾਂਟ, 9.5 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਸਕੂਲ, 20 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ, 3 ਕਰੋੜ ਰੁਪਏ ਦੀ ਲਾਗਤ ਨਾਲ ਸਬ ਡਵੀਜ਼ਨ ਪ੍ਰਬੰਧਕੀ ਕੰਪਲੈਕਸ ਅਤੇ 45 ਲੱਖ ਰੁਪਏ ਦੀ ਲਾਗਤ ਨਾਲ ਪੰਜ ਸਮਾਰਟ ਆਂਗਨਵਾੜੀ ਕੇਂਦਰਾਂ ਦੀ ਸਥਾਪਨਾ ਜਿਹੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।


550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਐਲਾਨੇ ਗਏ ਅਤੇ ਮੁਕੰਮਲ ਕੀਤੇ ਗਏ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 10.8 ਕਰੋੜ ਰੁਪਏ ਦੀ ਲਾਗਤ ਨਾਲ ਪਵਿੱਤਰ ਕਾਲੀ ਵੇਈਂ ਦੇ ਸੁੰਦਰੀਕਰਨ ਦਾ ਕਾਰਜ ਮੁਕੰਮਲ ਕੀਤਾ ਗਿਆ ਜਦੋਂਕਿ 319 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਨਾਨਕ ਦੇਵ ਜੀ ਸੈਂਟਰ ਫਾਰ ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਟ੍ਰੇਨਿੰਗ ਸਥਾਪਤ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ ਇਸ ਖੇਤਰ ਵਿੱਚ ਲੜਕੀਆਂ ਲਈ ਬੇਬੇ ਨਾਨਕੀ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ 30.7 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਛੇ ਸੜਕਾਂ ਨੂੰ ਚੌੜਾ ਕਰਨ ਅਤੇ ਉਸਾਰੀ ਦਾ ਕਾਰਜ ਮੁਕੰਮਲ ਕਰਨ ਦੇ ਨਾਲ ਨਾਲ ਸੰਗਤ ਅਤੇ ਹੋਰ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਨੇਪਰੇ ਚਾੜ੍ਹਿਆ ਗਿਆ।    
ਗੁਰਦੁਆਰਾ ਬੇਰ ਸਾਹਿਬ ਵੱਲ ਸ਼ਰਧਾਲੂਆਂ ਦੇ ਆਉਣ-ਜਾਣ ਨੂੰ ਸੁਖਾਲਾ ਬਣਾਉਣ ਦੇ ਇੱਕ ਹੋਰ ਕਦਮ ਵਜੋਂ ਪਵਿੱਤਰ ਵੇਈਂ ‘ਤੇ 9.30 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਉੱਚ-ਪੱਧਰੀ ਪੁਲਾਂ ਦਾ ਨਿਰਮਾਣ ਕੀਤਾ ਗਿਆ। ਇਸ ਦੇ ਨਾਲ ਹੀ ਪਵਿੱਤਰ ਵੇਈਂ ‘ਤੇ ਦੋ ਫੁੱਟ ਓਵਰ ਬ੍ਰਿਜਾਂ (1.4 ਕਰੋੜ ਰੁਪਏ) ਅਤੇ ਦੋ ਪਨਟੂਨ ਪੁੱਲਾਂ (2 ਕਰੋੜ ਰੁਪਏ) ਦਾ ਨਿਰਮਾਣ ਕੀਤਾ ਗਿਆ। ਇਸ ਤੋਂ ਇਲਾਵਾ,ਲ 2.4 ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਆਰਾਮ ਘਰ (ਰੈਸਟ ਹਾਊਸ) ਦਾ ਨਿਰਮਾਣ ਕੀਤਾ ਗਿਆ ਹੈ, ਜਦੋਂਕਿ 6 ਕਰੋੜ ਰੁਪਏ ਬੱਸ ਅੱਡੇ ਦੇ ਨਵੀਨੀਕਰਨ ‘ਤੇ ਖਰਚ ਕੀਤੇ ਗਏ ਅਤੇ 11 ਕਰੋੜ ਰੁਪਏ ਦੀ ਲਾਗਤ ਨਾਲ 66 ਕੇ.ਵੀ ਸਬ ਸਟੇਸ਼ਨ ਸਥਾਪਤ ਕੀਤਾ ਗਿਆ।
ਸੁਲਤਾਨਪੁਰ ਲੋਧੀ ਵਿਖੇ ਸਮਾਰੋਹਾਂ ਵਿੱਚ ਸ਼ਿਰਕਤ ਕਰਨ ਉਪਰੰਤ ਪਹਿਲੀ ਪਾਤਸ਼ਾਹੀ ਨਾਲ ਸੰਬੰਧਤ ਇਕ ਹੋਰ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਦ ਮੈਂਬਰ ਪਰਨੀਤ ਕੌਰ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਵਾਲੇ ਲੋਕਾਂ 63 ਪਿੰਡ ਅਤੇ 14 ਕਸਬਿਆਂ ਵਿਚ ਸ਼ੁਰੂ ਕੀਤੇ ਸਾਰੇ ਪ੍ਰਾਜੈਕਟ (77 ਕਰੋੜ ਰੁਪਏ) ਲੋਕਾਂ ਨੂੰ ਸਮਰਪਿਤ ਕੀਤੇ ਗਏ। 
ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਵਿਰਾਸਤੀ ਮਾਰਗ (3 ਕਰੋੜ ਰੁਪਏ), 100 ਏਕੜ ਵਿਚ ਬਣਨ ਵਾਲੀ ਗੁਰੂ ਨਾਨਕ ਦੇਵ ਗੰਨਾ ਖੋਜ ਅਤੇ ਵਿਕਾਸ ਸੰਸਥਾ ਕਲਾਨੌਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਜਾਇਬ ਘਰ ਅਤੇ ਘੰਟਾ ਘਰ (80 ਲੱਖ ਰੁਪਏ) ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਡੇਰਾ ਬਾਬਾ ਨਾਨਕ ਹਲਕੇ ਵਿੱਚ ਗੰਨਾ ਖੋਜ ਸੰਸਥਾ ਸਮੇਤ ਸਾਰੇ ਵਿਕਾਸ ਪ੍ਰਾਜੈਕਟਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸੰਸਥਾ ਗੰਨਾ ਉਤਪਾਦਕਾਂ ਲਈ ਬਹੁਤ ਲਾਹੇਬੰਦ ਸਿੱਧ ਹੋਵੇਗੀ। ਇਸ ਤੋਂ ਇਲਾਵਾ ਵਿਰਾਸਤੀ ਮਾਰਗ ਧਾਰਮਿਕ ਸੈਰ-ਸਪਾਟਾ ਨੂੰ ਉਤਸ਼ਾਹਿਤ ਕਰੇਗਾ ਅਤੇ ਖਿੱਤੇ ਦੀ ਨੁਹਾਰ ਬਦਲ ਦੇਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!