ਕਾਂਗਰਸ ਵਰਕਰ ਦੇਸ਼ ਅੰਦਰ ਅਜਾਦੀ ਤੇ ਲੋਕਤੰਤਰ ਦੀ ਰਾਖੀ ਲਈ ਇਕ ਵਾਰ ਫਿਰ ਲਾਮਬੰਦ ਹੋਣ -ਸੁਨੀਲ ਜਾਖੜ
ਕਾਂਗਰਸ ਪਾਰਟੀ ਦਾ 136ਵਾਂ ਸਥਾਪਨਾ ਦਿਵਸ ਮਨਾਇਆ
ਚੰਡੀਗੜ, 28 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਦੇ 136ਵੇਂ ਸਥਾਪਨਾ ਦਿਵਸ ਮੌਕੇ ਕਾਂਗਰਸ ਭਵਨ ਵਿਚ ਕਰਵਾਏ ਇਕ ਸਮਾਗਮ ਦੌਰਾਨ ਪਾਰਟੀ ਦੇ ਗੌਰਵਸ਼ਾਲੀ ਇਤਿਹਾਸ ਨੂੰ ਯਾਦ ਕਰਦਿਆਂ ਪਾਰਟੀ ਵਰਕਰਾਂ ਨੂੰ ਮੁਲਕ ਵਿਚ ਲੋਕਤੰਤਰ ਅਤੇ ਲੋਕਾਂ ਦੀ ਅਜਾਦੀ ਦੀ ਰਾਖੀ ਲਈ ਇਕ ਵਾਰ ਫਿਰ ਤੋਂ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ।
ਇਸ ਮੌਕੇ ਸੰਬੋਧਨ ਵਿਚ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਇਕ ਅਹਿਮ ਦਿਨ ਹੈ ਜਿਸ ਤੋਂ ਅਸੀਂ ਪ੍ਰੇਰਣਾ ਲੈ ਕੇ ਅੱਜ ਦੇ ਕਾਲੇ ਅੰਗਰੇਜਾਂ ਦੀ ਸੋਚ ਦੇ ਖਿਲਾਫ ਮੁੜ ਲੜਾਈ ਆਰੰਭ ਕਰਨੀ ਹੈ। ਉਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ 1885 ਵਰਗੇ ਹਲਾਤ ਮੁੜ ਸਿਰਜ ਦਿੱਤੇ ਹਨ। ਉਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ ਅਤੇ ਇਸੇ ਤਾਨਾਸ਼ਾਹੀ ਖਿਲਾਫ ਕਾਂਗਰਸ ਦੀ ਲੜਾਈ ਦਾ ਇਤਿਹਾਸ ਰਿਹਾ ਹੈ। ਉਨਾਂ ਨੇ ਆਖਿਆ ਕਿ ਅੰਗਰੇਜਾਂ ਨੇ ਧਰਮ ਦੇ ਨਾਂਅ ਤੇ ਲੜਾਈ ਕਰਵਾਈ ਸੀ ਅਤੇ ਅੱਜ ਫਿਰ ਉਹੀ ਫੁੱਟ ਪਾਊ ਤਾਕਤਾਂ ਦੇਸ਼ ਵਿਚ ਪ੍ਰਫੁਲਿਤ ਹੋ ਰਹੀਆਂ ਹਨ ਜੋ ਨਫਰਤ ਦੇ ਬੀਜ ਵੰਡ ਰਹੀਆਂ ਹਨ। ਉਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਉਸ ਕਾਂਗਰਸ ਪਾਰਟੀ ਨਾਲ ਜੁੜੇ ਹਾਂ ਜੋ ਪਾਰਟੀ ਦੇਸ਼ ਨਿਰਮਾਣ ਵਿਚ ਮੋਹਰੀ ਰਹੀ ਹੈ।
ਜਾਖੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਦਾ ਗਲਾ ਘੁੱਟ ਕੇ ਦੇਸ਼ ਦੀ ਅਜਾਦੀ ਅਤੇ ਲੋਕਤੰਤਰ ਦੀ ਸਥਾਪਨਾਂ ਕਰਨ ਲਈ ਕੁਰਬਾਨੀਆਂ ਕਰਨ ਵਾਲੇ ਸੁੰਤਤਰਤਾ ਸੰਗਰਾਮੀਆਂ ਦਾ ਅਪਮਾਨ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਇਹ ਸਰਕਾਰ ਤਾਂ ਆਖ ਰਹੀ ਹੈ ਕਿ ਮੁਲਕ ਵਿਚ ਅਜਾਦੀ ਜਿਆਦਾ ਹੋ ਗਈ ਹੈ। ਉਨਾਂ ਨੇ ਕਿਹਾ ਕਿ ਜ਼ਿਨਾਂ ਨੂੰ ਲੋਕਤੰਤਰ ਪਸੰਦ ਨਹੀਂ ਹੋ ਰਿਹਾ ਹੈ ਉਹ ਸਭ ਨੂੰ ਗੁਲਾਮ ਕਰਨ ਦੀਆਂ ਨੀਤੀਆਂ ਬਣਾ ਕੇ ਦੇਸ਼ ਵਿਚ ਲਾਗੂ ਕਰ ਰਹੇ ਹਨ।
ਕਿਸਾਨੀ ਸੰਘਰਸ਼ ਦਾ ਜਿਕਰ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਅੱਜ ਕਿਸਾਨ ਦੇਸ਼ ਨੂੰ ਗੁਲਾਮੀ ਤੋਂ ਬਚਾਉਣ ਲਈ ਲੜ ਰਹੇ ਹਨ। ਉਨਾਂ ਨੇ ਕਿਹਾ ਕਿ ਕਿਸਾਨ ਦੀ ਇਹ ਲੜਾਈ ਇਤਿਹਾਸਕ ਸਿੱਧ ਹੋਵੇਗੀ। ਉਨਾਂ ਨੇ ਕਿਹਾ ਕਿ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਆਪਸੀ ਭਾਈਚਾਰੇ, ਧਰਮ ਨਿਰਪੱਖਤਾ ਦਾ ਮਹੌਲ ਸਿਰਜਿਆ ਸੀ ਅਤੇ ਹੁਣ ਫਿਰ ਸੰਘਰਸ਼ ਦਾ ਸਮਾਂ ਆ ਗਿਆ ਹੈ। ਉਨਾਂ ਨੇ ਕਿਹਾ ਕਿ ਲੋਕਤੰਤਰ ਦੀ ਰਾਖੀ ਲਈ ਕਾਂਗਰਸ ਪਾਰਟੀ ਦੇਸ਼ ਵਿਚ ਆਪਣੀ ਭੁਮਿਕਾ ਨਿਭਾਏਗੀ ਤਾਂ ਜੋ ਅਜਾਦੀ ਦੀ ਰਾਖੀ ਕੀਤੀ ਜਾ ਸਕੇ। ਉਨਾਂ ਨੇ ਕਿਹਾ ਕਿ ਜਿੰਨਾਂ ਨੇ ਅਜਾਦੀ ਦੀ ਲੜਾਈ ਵਿਚ ਕੋਈ ਯੋਗਦਾਨ ਨਹੀਂ ਪਾਇਆ ਉਹ ਸੱਤਾ ਵਿਚ ਆ ਗਏ ਹਨ ਅਤੇ ਇੰਨਾਂ ਨੂੰ ਲੋਕਾਂ ਦੀ ਅਜਾਦੀ ਪਸੰਦ ਨਹੀਂ ਹੈ।
ਇਸ ਮੌਕੇ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਕੈਪਟਨ ਸੰਦੀਪ ਸੰਧੂ ਆਦਿ ਵੀ ਹਾਜਰ ਸਨ।