ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਿਸ ਕੀਤਾ ਜਾਣਾ ਮਜਬੂਰੀ ਚ ਲਿਆ ਫੈਸਲਾ ਪਰ ਫਿਰ ਵੀ ਸਵਾਗਤ- ਸੁਨੀਲ ਜਾਖੜ
ਚੰਡੀਗੜ, 3 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਿਸ ਕਰਨ ਦੇ ਫੈਸਲੇ ਤੇ ਪ੍ਰਤਿਿਆ ਦਿੰਦਿਆਂ ਕਿਹਾ ਹੈ ਕਿ ਬੇਸ਼ੱਕ ਉਨਾਂ ਇਹ ਫੈਸਲਾ ਰਾਜਨੀਤਿਕ ਮਜਬੂਰੀ ਅਤੇ ਅਤੀਤ ਵਿਚ ਆਪਣੀ ਪਾਰਟੀ ਵੱਲੋਂ ਇੰਨਾਂ ਕਾਲੇ ਖੇਤੀ ਕਾਨੂੰਨਾਂ ਦਾ ਸਾਥ ਦੇਣ ਦੀਆਂ ਕੀਤੀਆਂ ਵੱਡੀਆਂ ਗਲਤੀਆਂ ਦੇ ਪਰਦਾ ਪਾਉਣ ਦੀ ਕੋਸ਼ਿਸ ਵਜੋਂ ਲਿਆ ਹੈ ਪਰ ਫਿਰ ਵੀ ਉਨਾਂ ਦਾ ਇਹ ਫੈਸਲਾ ਸਵਾਗਤਯੋਗ ਹੈ। ਉਨਾਂ ਨੇ ਕਿਹਾ ਕਿ ਸ: ਬਾਦਲ ਦੇ ਇਸ ਫੈਸਲੇ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਬਲ ਮਿਲੇਗਾ। ਪਰ ਨਾਲ ਹੀ ਉਨਾਂ ਨੇ ਕਿਹਾ ਕਿ ਇਸ ਦਾ ਫਾਇਦਾ ਤਾਂ ਹੀ ਹੈ ਜੇਕਰ ਭਾਜਪਾ ਦੀ ਸਰਕਾਰ ਵੀ ਕਿਸਾਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਸੱਤਾ ਦੀ ਮਦਹੋਸ਼ੀ ਦਾ ਤਿਆਗ ਕਰਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ।
ਜਾਖੜ ਨੇ ਕਿਹਾ ਕਿ ਜਦ ਇੰਨਾਂ ਕਾਲੇ ਕਾਨੂੰਨਾਂ ਸਬੰਧੀ ਆਰਡੀਨੈਂਸ ਆਏ ਸਨ ਤਾਂ ਇਹੀ ਅਕਾਲੀ ਦਲ ਅਤੇ ਇਸਦੇ ਆਗੂ ਇੰਨਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਵਰਦਾਨ ਦੱਸ ਰਹੇ ਸਨ। ਉਨਾਂ ਨੇ ਕਿਹਾ ਕਿ ਸ: ਬਾਦਲ ਨੇ ਆਪਣੇ ਪੁੱਤਰ ਦੇ ਸੱਤਾ ਮੋਹ ਵਿਚ ਆਕੇ ਤਦ ਉਕਤ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸ ਕੇ ਜੋ ਗਲਤੀ ਕੀਤੀ ਸੀ ਹੁਣ ਉਨਾਂ ਨੇ ਆਪਣੀ ਉਸੇ ਗਲਤੀ ਨੂੰ ਕਝੱਣ ਦੀ ਕੋਸ਼ਿਸ ਕੀਤੀ ਹੈ।
ਜਾਖੜ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦਾ ਅੜੀਅਲ ਰਵਈਆਂ ਪੂਰੇ ਦੇਸ਼ ਦੇ ਵਿਕਾਸ ਅਤੇ ਸੰਵਿਧਾਨ ਦੇ ਸੰਘੀ ਢਾਂਚੇ ਲਈ ਖਤਰਾ ਹੈ। ਉਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਭਰ ਦੇ ਕਿਸਾਨਾਂ, ਬੁੱਧੀਜੀਵੀਆਂ ਦੇ ਕਾਲੇ ਖੇਤੀ ਬਿੱਲਾਂ ਪ੍ਰਤੀ ਰੋਸ਼ ਨੂੰ ਸਮਝੇ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਦਿਆਂ ਇੰਨਾਂ ਕਾਨੂੰਨਾਂ ਨੂੰ ਵਾਪਿਸ ਲਵੇ।