ਪੰਜਾਬ
ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਨੈਸ਼ਨਲ ਸਪੋਰਟਸ ਐਵਾਰਡ ਮੋੜਨ ਦਾ ਫੈਸਲਾ
ਖੇਤੀ ਕਾਨੂੰਨ ਵਾਪਸ ਨਾ ਲੈਣ ਉਤੇ ਸੁਤੰਤਰਤਾ ਸੰਗਰਾਮੀ ਬਾਬਾ ਪਾਲਾ ਸਿੰਘ ਨੂੰ ਮਿਲਿਆ ਤਾਮਰ ਪੱਤਰ ਵੀ ਰਾਸ਼ਟਰਪਤੀ ਨੂੰ ਮੋੜਿਆ ਜਾਵੇਗਾ
ਬਰੈਂਪਟਨ (ਕੈਨੇਡਾ), 8 ਦਸੰਬਰ
ਭਾਰਤ ਸਰਕਾਰ ਵੱਲੋਂ ਭਾਰਤੀ ਕਿਸਾਨ ਅੰਦੋਲਨ ਪ੍ਰਤੀ ਅਪਨਾਏ ਅੜੀਅਲ ਰਵੱਈਏ ਵਿਰੁਧ ਰੋਸ ਪਰਗਟ ਕਰਦਿਆਂ ਪੰਜਾਬੀ ਦੇ ਕੌਮਾਂਤਰੀ ਪ੍ਰਸਿੱਧੀ ਹਾਸਲ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ (ਪਿੰਡ ਚਕਰ) ਨੇ ਭਾਰਤੀ ਖੇਡ ਸਾਹਿਤ ਦਾ ਨੈਸ਼ਨਲ ਐਵਾਰਡ ਮੋੜਨ ਦਾ ਐਲਾਨ ਕੀਤਾ ਹੈ।
ਬਰੈਂਪਟਨ (ਕੈਨੇਡਾ) ਰਹਿੰਦੇ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨਹੀਂ ਮੰਨਦੀ ਅਤੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਉਨ੍ਹਾਂ ਦੇ ਸੁਤੰਤਰਤਾ ਸੰਗਰਾਮੀ ਬਾਬਾ ਪਾਲਾ ਸਿੰਘ ਨੂੰ ਮਿਲਿਆ ਤਾਮਰ ਪੱਤਰ ਵੀ ਉਹ ਰਾਸ਼ਟਰਪਤੀ ਨੂੰ ਮੋੜ ਦੇਣਗੇ। ਬਾਬਾ ਪਾਲਾ ਸਿੰਘ ਦੇ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਦੀ ਤਨ ਮਨ ਧਨ ਨਾਲ ਹਮਾਇਤ ਕਰਨ ਦੀ ਹਾਮੀ ਭਰੀ ਹੈ।