ਪੰਜਾਬ
ਡਾ ਪਾਤਰ ਨੇ ਕੀਤੀ ਪਿਆਰਾ ਸਿੰਘ ਭੋਗਲ ਨੂੰ ਸ਼ਰਧਾਂਜਲੀ ਭੇਟ
ਚੰਡੀਗੜ੍ਹ -( ਨਿੰਦਰ ਘੁਗਿਆਣਵੀ)- ਉਘੇ ਕਾਲਮ ਨਵੀਸ, ਵੈਟਰਨ ਪੱਤਰਕਾਰ ਤੇ ਲੇਖਕ ਪ੍ਰੋ ਪਿਆਰਾ ਸਿੰਘ ਭੋਗਲ ਦੇ ਦਿਹਾਂਤ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਡਾ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਪ੍ਰੋਫੈਸਰ ਭੋਗਲ ਇਕੋ ਸਮੇਂ ਇਕ ਸੰਸਥਾ ਦਾ ਰੂਪ ਸਨ। ਉਹ ਜਲੰਧਰ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਸਰਗਰਮ ਰਹਿਣ ਦੇ ਨਾਲ ਨਾਲ ਭਖਦੇ ਮੁੱਦਿਆਂ ਉਤੇ ਅਖਬਾਰਾਂ ਵਿਚ ਲਗਾਤਾਰ ਕਾਲਮ ਲਿਖਦੇ ਰਹੇ। ਡਾ ਪਾਤਰ ਨੇ ਪ੍ਰੋਫੈਸਰ ਭੋਗਲ ਵਲੋਂ ਲਿਖੀਆਂ ਕਹਾਣੀਆਂ, ਨਾਵਲ, ਤੇ ਸਾਹਿਤ ਸਮੀਖਿਆ ਦੀਆਂ 33 ਪੁਸਤਕਾਂ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਕ ਭਰਪੂਰ ਯੋਗਦਾਨ ਦੱਸਿਆ ਹੈ। ਡਾ ਸੁਰਜੀਤ ਪਾਤਰ ਨੇ ਆਖਿਆ ਕਿ ਭੋਗਲ ਜੀ ਇਕ ਸਮਰੱਥ ਅਧਿਆਪਕ ਵੀ ਸਨ ਤੇ ਮਿਲਾਪੜੇ ਇਨਸਾਨ ਵੀ ਸਨ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਸਿੰਘ ਤੇ ਸਕੱਤਰ ਡਾ ਲਖਵਿੰਦਰ ਜੌਹਲ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਵੀ ਪ੍ਰੋਫੈਸਰ ਪਿਆਰਾ ਸਿੰਘ ਭੋਗਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।