ਪੰਜਾਬ

ਦਿੱਲੀ ਏਅਰਪੋਰਟ ਲਈ ਸਰਕਾਰੀ ਵਾਲਵੋ ਬੱਸਾਂ ਚੱਲਣ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਖ਼ਤਮ ਹੋਇਆ: ਲਾਲਜੀਤ ਸਿੰਘ ਭੁੱਲਰ

ਟਰਾਂਸਪੋਰਟ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਨੰਗਲ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਲਈ ਵਾਲਵੋ ਬੱਸ ਸੇਵਾ ਦੀ ਸ਼ੁਰੂਆਤ

 ਲੋਕਾਂ ਦੀ ਚਿਰੋਕਣੀ ਮੰਗ ਕੀਤੀ ਪੂਰੀ

• 1130 ਰੁਪਏ ਨਾਲ ਨੰਗਲ ਤੋਂ ਦਿੱਲੀ ਏਅਰਪੋਰਟ ਟਰਮੀਨਲ-3 ਤੱਕ ਹੋਵੇਗਾ ਸਫ਼ਰ

• ‘ਨੰਗਲ ਬੱਸ ਸਟੈਂਡ ਵਿਖੇ ਸ਼ਾਪਿੰਗ ਕੰਪਲੈਕਸ ਬਣਾਇਆ ਜਾਵੇਗਾ’

ਚੰਡੀਗੜ੍ਹ/ਨੰਗਲ, 24 ਜਨਵਰੀ:

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਾਂਝੇ ਤੌਰ ‘ਤੇ ਨੰਗਲ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਲਈ ਸਰਕਾਰੀ ਵਾਲਵੋ ਬੱਸ ਸਰਵਿਸ ਦੀ ਸ਼ੁਰੂਆਤ ਕੀਤੀ ਗਈ। ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋਣ ਨਾਲ ਹੁਣ ਕੰਢੀ ਇਲਾਕੇ ਦੇ ਲੋਕ ਮਹਿਜ਼ 1130 ਰੁਪਏ ਕਿਰਾਏ ਵਿੱਚ ਦਿੱਲੀ ਹਵਾਈ ਅੱਡੇ ਤੱਕ ਸਫ਼ਰ ਤੈਅ ਕਰ ਸਕਣਗੇ।

ਪਨਬੱਸ ਦੀ ਨਵੀਂ ਵਾਲਵੋ ਬੱਸ ਨੂੰ ਹਰੀ ਝੰਡੀ ਵਿਖਾਉਣ ਉਪਰੰਤ ਆਪਣੇ ਸੰਬੋਧਨ ਵਿੱਚ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਸਰਕਾਰੀ ਵਾਲਵੋ ਬੱਸ ਸ਼ੁਰੂ ਹੋਣ ਨਾਲ ਨਿੱਜੀ ਕੰਪਨੀਆਂ ਦਾ ਏਕਾਧਿਕਾਰ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਮਨਮਰਜ਼ੀ ਨਾਲ 3000 ਤੋਂ 3500 ਰੁਪਏ ਤੱਕ ਕਿਰਾਇਆ ਵਸੂਲਣ ਵਾਲੀਆਂ ਇਨ੍ਹਾਂ ਨਿੱਜੀ ਕੰਪਨੀਆਂ ਵੱਲੋਂ ਕਿਰਾਇਆ ਘਟਾਉਣ ਦੇ ਬਾਵਜੂਦ ਲੋਕ ਸਰਕਾਰੀ ਵਾਲਵੋ ਬੱਸ ਸੇਵਾ ਨੂੰ ਤਰਜੀਹ ਦੇ ਰਹੇ ਹਨ ਜਿਸ ਨਾਲ ਸਰਕਾਰੀ ਬੱਸ ਸੇਵਾ ਨਿਰੰਤਰ ਮੁਨਾਫ਼ੇ ਵਿੱਚ ਜਾਣ ਲੱਗੀ ਹੈ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਸਾਲ ਜੂਨ ਮਹੀਨੇ ਦੌਰਾਨ ਵਾਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ ਜਿਸ ਦਾ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਖ਼ੂਬ ਲਾਹਾ ਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲਦੀਆਂ ਇਨ੍ਹਾਂ ਬੱਸਾਂ ਵਿੱਚ ਹੁਣ ਤੱਕ 80,000 ਤੋਂ ਵੱਧ ਯਾਤਰੀ ਸਫ਼ਰ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯਾਤਰੀਆਂ ਦੇ ਅੰਕੜੇ ਇਸ ਸੇਵਾ ਦੀ ਸਫ਼ਲਤਾ ਨੂੰ ਸਾਬਤ ਕਰਦੇ ਹਨ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਇਸ ਸੇਵਾ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।

ਟਰਾਂਸਪੋਰਟ ਮੰਤਰੀ ਨੇ ਨੰਗਲ ਬੱਸ ਸਟੈਂਡ ਵਿਖੇ ਛੇਤੀ ਹੀ ਸ਼ਾਪਿੰਗ ਕੰਪਲੈਕਸ ਬਣਾਉਣ ਦਾ ਐਲਾਨ ਵੀ ਕੀਤਾ।

ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਦਿੱਤੇ ਇਸ ਤੋਹਫ਼ੇ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਬਹੁਤੇ ਲੋਕ ਅਰਬ ਦੇਸ਼ਾਂ ਵਿੱਚ ਹੋਣ ਕਾਰਨ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਕਿਰਾਏ ਉਤੇ ਲੈ ਕੇ ਏਅਰਪੋਰਟ ਜਾਣਾ ਪੈਂਦਾ ਹੈ, ਇਸ ਲਈ ਇਹ ਬੱਸ ਸੇਵਾ ਇਲਾਕੇ ਦੇ ਲੋਕਾਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗੀ।

ਉਨ੍ਹਾਂ ਕਿਹਾ ਕਿ 6 ਮਹੀਨੇ ਦੇ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੇ ਸਾਰੇ ਸਕੂਲ ਅਪਗ੍ਰੇਡ ਕੀਤੇ ਜਾਣਗੇ। ਨੰਗਲ ਵਿਖੇ ਸਕੂਲ ਆਫ ਐਮੀਨੈਂਸ ਦਾ ਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਨਾਂ ਉੱਤੇ ਰੱਖਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕੀਰਤਪੁਰ ਸਾਹਿਬ ਵਿਖੇ ਸਕੂਲ ਦਾ ਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਂ ਉੱਤੇ ਰੱਖਿਆ ਜਾਵੇਗਾ।

ਸਿਰਫ਼ 1130 ਰੁਪਏ ਕਿਰਾਏ ਨਾਲ ਦਿੱਲੀ ਹਵਾਈ ਅੱਡੇ ਤੱਕ ਸਫ਼ਰ

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਨੰਗਲ ਸ਼ਹਿਰ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-3 ਤੱਕ ਲੋਕ ਸਿਰਫ਼ 1130 ਰੁਪਏ ਕਿਰਾਏ ਨਾਲ ਵਾਲਵੋ ਬੱਸ ਵਿੱਚ ਸਫ਼ਰ ਕਰ ਸਕਣਗੇ। ਬੱਸ ਰੋਜ਼ਾਨਾ ਦੁਪਹਿਰ 1:30 ਵਜੇ ਨੰਗਲ ਬੱਸ ਸਟੈਂਡ ਤੋਂ ਚੱਲੇਗੀ, 1.50 ਵਜੇ ਸ੍ਰੀ ਅਨੰਦਪੁਰ ਸਾਹਿਬ ਅਤੇ 2.50 ਵਜੇ ਰੂਪਨਗਰ ਪੁੱਜੇਗੀ ਜਦਕਿ ਬੱਸ ਸਟੈਂਡ ਸੈਕਟਰ-17 ਚੰਡੀਗੜ੍ਹ ਤੋਂ ਸ਼ਾਮ 4.35 ਵਜੇ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਬੱਸ ਰਾਤ 11:40 ਵਜੇ ਏਅਰਪੋਰਟ ਦੇ ਪਬਲਿਕ ਟਰਾਂਸਪੋਰਟ ਸੈਂਟਰ ਤੋਂ ਚੱਲੇਗੀ ਅਤੇ ਆਈ.ਐਸ.ਬੀ.ਟੀ. ਦਿੱਲੀ ਤੋਂ ਰਾਤ 12:50 ਵਜੇ ਨੰਗਲ ਲਈ ਰਵਾਨਾ ਹੋਵੇਗੀ।

ਉਨ੍ਹਾਂ ਦੱਸਿਆ ਕਿ ਨੰਗਲ ਤੋਂ ਦਿੱਲੀ ਏਅਰਪੋਰਟ (ਟਰਮੀਨਲ-3) ਦਾ ਕਿਰਾਇਆ 1130 ਰੁਪਏ, ਸ੍ਰੀ ਅਨੰਦਪੁਰ ਸਾਹਿਬ ਤੋਂ 1085 ਰੁਪਏ ਅਤੇ ਰੋਪੜ ਤੋਂ 970 ਰੁਪਏ ਜਦਕਿ ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ 820 ਰੁਪਏ ਕਿਰਾਇਆ ਹੋਵੇਗਾ।

ਨੰਗਲ ਬੱਸ ਅੱਡੇ ਤੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਬੱਸ ਸਟੈਂਡ ਨੰਗਲ ਤੋਂ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਾਂਗ ਆਲਾ-ਦੁਆਲਾ ਸਵੱਛ ਰੱਖਣ।

ਦੋਵੇਂ ਕੈਬਨਿਟ ਮੰਤਰੀਆਂ ਨੇ ਬੱਸ ਸਟੈਂਡ ਦੇ ਚੁਗਿਰਦੇ ਨੂੰ ਸਵੱਛ ਰੱਖਣ ਲਈ ਝਾੜੂ ਲਗਾਇਆ। ਉਨ੍ਹਾਂ ਨੰਗਲ ਬੱਸ ਸਟੈਂਡ ਨਾਲ ਖ਼ਾਲੀ ਪਏ ਸ਼ੈਡ ਦਾ ਮੁਆਇਨਾ ਕੀਤਾ ਅਤੇ ਨੰਗਲ ਬੱਸ ਸਟੈਂਡ ਦੇ ਵਿਕਾਸ ਲਈ ਅਧਿਕਾਰੀਆਂ ਨੂੰ ਯੋਜਨਾ ਤਿਆਰ ਕਰਨ ਲਈ ਕਿਹਾ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਮੁਸ਼ਕਿਲਾਂ ਬਾਰੇ ਜਾਣੂ ਕਰਵਾਉਣ ‘ਤੇ ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿੱਤਾ ਕਿ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਮਸਲੇ ਤੁਰੰਤ ਹੱਲ ਕੀਤੇ ਜਾਣਗੇ।

ਇਸ ਮੌਕੇ ਡਾਇਰੈਕਟਰ ਟਰਾਂਸਪੋਰਟ ਅਮਨਦੀਪ ਕੌਰ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ, ਐਸ.ਡੀ.ਐਮ. ਮਨੀਸ਼ਾ ਰਾਣਾ, ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ, ਜਨਰਲ ਮੈਨੇਜਰ ਪਰਮਵੀਰ ਸਿੰਘ ਤੇ ਗੁਰਸੇਵਕ ਸਿੰਘ ਰਾਜਪਾਲ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!