ਬਲਬੀਰ ਸਿੰਘ ਸਿੱਧੂ ਦਿੱਲੀ ਵਿਖੇ ਕਿਸਾਨ ਮੋਰਚੇ ਚ ਸ਼ਹੀਦ ਹੋਏ ਗੁਰਮੀਤ ਸਿੰਘ ਸੰਧੂ ਦੀ ਅੰਤਿਮ ਅਰਦਾਸ ਚ ਹੋਏ ਸ਼ਾਮਲ

ਸਵਰਗੀ ਕਿਸਾਨ ਗੁਰਮੀਤ ਸਿੰਘ ਸੰਧੂ ਦੇ ਪਰਿਵਾਰ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ 05 ਲੱਖ ਰੁਪਏ ਦਾ ਚੈਕ ਕੀਤਾ ਭੇਟ•
ਸਵਰਗੀ ਗੁਰਮੀਤ ਸਿੰਘ ਦੀ ਮਿਹਨਤ ਅਤੇ ਦਿਆਨਤਦਾਰੀ ਨੂੰ ਹਮੇਸ਼ਾਂ ਰੱਖਿਆ ਜਾਵੇਗਾ ਯਾਦ : ਸ. ਸਿੱਧੂ
ਪਿੰਡ ਕੰਡਾਲਾ ਦੇ ਸਿਵਰੇਜ ਸਿਸਟਮ ਲਈ 28 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਪਿੰਡ ਕੰਡਾਲਾ ਦੇ ਗੁਰਦੁਆਰੇ ਚ ਸਵਰਗੀ ਗੁਰਮੀਤ ਸਿੰਘ ਸੰਧੂ ਦੀ ਹੋਈ ਅੰਤਿਮ ਅਰਦਾਸ • ਰਿਸ਼ਤੇਦਾਰਾਂ ਅਤੇ ਸਨਬੰਧੀਆਂ ਸਮੇਤ ਇਲਾਕੇ ਚੋਂ ਵੱਡੀ ਗਿਣਤੀ ਚ ਭਾਰਤੀ ਕਿਸਾਨ ਯੂਨੀਅਨ ਦੇ ਨੁਮਇੰਦੇ ਅਤੇ ਹੋਰ ਪੱਤਵੰਤੇ ਹੋਏ ਸ਼ਾਮਲ
ਐਸ.ਏ.ਐਸ ਨਗਰ, 28 ਦਸੰਬਰ () : ਭਾਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ ਸਰਕਾਰ ਦੇ ਖੇਤੀ ਪ੍ਰਤੀ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅਰੰਭੇ ਸੰਘਰਸ਼ ਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜੂਹ ਚ ਵਸਦੇ ਪਿੰਡ ਕੰਡਾਲਾ ਦਾ ਕਿਸਾਨ ਗੁਰਮੀਤ ਸਿੰਘ ਸੰਧੂ ਸ਼ਾਮਲ ਹੋ ਕੇ ਦਿੱਲੀ ਵਿਖੇ ਮੋਰਚੇ ਚ ਧਰਨੇ ਤੇ ਬੈਠਿਆ ਸੀ । ਕਰੀਬ 15 ਦਿਨਾਂ ਦੇ ਵਾਕਫੇ ਬਾਅਦ ਗੁਰਮੀਤ ਸਿੰਘ ਸੰਧੂ ਦੇ ਆਪਣੇ ਕਿਹੇ ਸ਼ਬਦ ਕੇ ਮੋਰਚਾ ਜਿੱਤ ਕੇ ਮੁੜਾਗੇ ਜਾਂ ਇਥੇ ਹੀ ਸਵਾਸ ਤਿਆਗ ਦੇਵਾਂਗੇ ਸੱਚ ਹੋ ਗਏ ਜਦੋਂ ਉਹ ਅਚਾਨਕ ਸਵਰਗ ਸਧਾਰ ਗਏ । ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ,ਇਕ ਪੁੱਤਰ ਅਤੇ ਦੋ ਲੜਕੀਆਂ ਨੂੰ ਹਮੇਸ਼ਾਂ ਲਈ ਵਿਛੋੜਾ ਦੇ ਗਏ ਹਨ ।
ਅੱਜ ਉਨ੍ਹਾਂ ਦੇ ਜੱਦੀ ਪਿੰਡ ਕੰਡਾਲਾ ਵਿਖੇ ਸਵਰਗੀ ਗੁਰਮੀਤ ਸਿੰਘ ਸੰਧੂ ਦੀ ਅੰਤਿਮ ਅਰਦਾਸ ਕੀਤੀ ਗਈ । ਅੰਤਿਮ ਅਰਦਾਸ ਵਿੱਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਸ਼ਾਮਲ ਹੋਏ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ ਪੰਜ ਲੱਖ ਰੁਪਏ ਦਾ ਚੈੱਕ ਸਵਰਗੀ ਗੁਰਮੀਤ ਸਿੰਘ ਸੰਧੂ ਦੇ ਸਪੁੱਤਰ ਸੁਖਬੀਰ ਸਿੰਘ ਨੂੰ ਭੇਂਟ ਕੀਤਾ । ਇਸ ਮੌਕੇ ਸ. ਸਿੱਧੂ ਨੇ ਵਿਛੜੇ ਕਿਸਾਨ ਆਗੂ ਨੂੰ ਭਾਵਭਿੰਨੀ ਸਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਵਰਗੀ ਗੁਰਮੀਤ ਸਿੰਘ ਸੰਧੂ ਦੇ ਕੀਤੇ ਕੰਮਾਂ ਅਤੇ ਉਨ੍ਹਾਂ ਦੀ ਦਿਆਨਤਦਾਰੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਤੋਂ ਸ਼ੁਰੂ ਕੀਤਾ ਸੰਘਰਸ਼ ਹੁਣ ਦੇਸ਼ ਵਿਆਪੀ ਸੰਘਰਸ਼ ਬਣ ਗਿਆ ਅਤੇ ਇਸ ਵਿੱਚ ਕਿਸਾਨ, ਮਜ਼ਦੂਰ ਅਤੇ ਹੋਰ ਵਰਗ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋ ਗਏ । ਹੁਣ ਕਿਸਾਨਾਂ ਦੀ ਜਿੱਤ ਯਕੀਨੀ ਹੈ।

ਸਿੱਧੂ ਨੇ ਦੱਸਿਆ ਕਿ ਕਿਸਾਨੀ ਮੋਰਚ ਚ ਸ਼ਾਮਲ ਹੋਣ ਲਈ ਜ਼ਿਲ੍ਹੇ ਚੋ ਹਰ ਰੋਜ਼ ਇਕ ਗੱਡੀ ਭੇਜੀ ਜਾਂਦੀ ਹੈ। ਇਸ ਤੋਂ ਇਲਾਵਾ ਲੋੜੀਂਦੀਆਂ ਵਸਤੂਆਂ ਸਮੇਤ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ । ਮੈਡੀਕਲ ਸਹੂਲਤ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਦਿੱਲੀ ਲਈ ਰਵਾਨਾ ਕੀਤੀ ਗਈ । ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋ ਐਬੂਲੰਸ ਗੱਡੀਆਂ ਪੱਕੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਦਿੱਲੀ ਵਿਖੇ ਲਗਾਈਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਖੇਤੀ ਖਿਲਾਫ ਲਿਆਂਦੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦੇ ਹੌਸਲੇ ਬੁਲੰਦ ਹਨ । ਸਾਂਤੀ ਪੂਰਵਕ ਸੰਘਰਸ਼ ਨੂੰ ਲੰਮਾ ਚਲਾਉਣ ਤੋਂ ਕੋਈ ਘਬਰਾਟ ਨਹੀਂ ਹੈ। ਇਤਿਹਾਸ ਗਵਾਹ ਹੈ ਪਹਿਲਾਂ ਵੀ ਕਿਸਾਨਾਂ ਨੇ ਪੱਗੜੀ ਸੰਭਾਲ ਜੱਟਾ ਮੋਰਚਾ ਲਗਾਇਆ ਸੀ ਅੰਤਿ 9 ਮਹੀਨੇ ਲੰਮੇ ਵਾਕਫੇ ਪਿਛੋ ਜਿੱਤ ਹਾਸਲ ਕੀਤੀ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਿਲ੍ਹੇ ਦੇ ਪਿੰਡ ਪੋਪਨਿਆਂ , ਡਡਿਆਣਾ ਦੇ ਕਿਸਾਨ ਆਪਣੀਆਂ ਜਾਂਨਾ ਵਾਰ ਚੁੱਕੇ ਹਨ । ਕਿਸਾਨ ਸੰਘਰਸ਼ ਚ ਸ਼ਾਮਲ ਹੋਏ ਕਿਸਾਨ ਜੋ ਇਕ ਦੁਰਘਟਨਾ ਦੌਰਾਨ ਜ਼ਖ਼ਮੀ ਹੋ ਗਏ ਸਨ ਦਾ ਇਲਾਜ ਪੀ.ਜੀ.ਆਈ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਪਿੰਡ ਕੰਡਾਲਾ ਦੇ ਸੀਵਰੇਜ ਸਿਸਟਮ ਲਈ 28 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਨ ਹੋ ਚੁੱਕੀ ਜੋ ਜਲਦੀ ਹੀ ਪਿੰਡ ਨੂੰ ਸੌਂਪ ਦਿੱਤੀ ਜਾਵੇਗੀ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਵੀ ਪਰਿਵਾਰ ਨੂੰ ਮਾਲੀ ਮੱਦਦ ਦਿੱਤੀ ਗਈ ।
ਇਸ ਮੌਕੇ ਕੈਬਨਿਟ ਮੰਤਰੀ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਮੀਤ ਪ੍ਰਧਾਨ ਹਰਬਚਨ ਲਾਲ ਰੰਗੀਆਂ , ਜਨਰਲ ਸਕੱਤਰ ਗਿਆਨ ਸਿੰਘ ਧੜਾਕ, ਬਲਾਕ ਪ੍ਰਧਾਨ (ਖਰੜ) ਜਸਬੀਰ ਸਿੰਘ ਘੋਗਾ, ਗੁਰਜੰਟ ਸਿੰਘ ਬੜੀ, ਸਰਪੰਚ ਕਿਰਪਾਲ ਸਿੰਘ ਸਿਆਊ, ਸਰਪੰਚ ਰਣਜੀਤ ਸਿੰਘ ਗਿੱਲ ਜਗਤਪੁਰਾ, ਸਰਬਤ ਦਾ ਭਲਾ ਟਰਸਟ ਦੇ ਪ੍ਰਧਾਨ ਕੁਲਵੰਤ ਸਿੰਘ ਕਲੇਰ, ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ/ਮੁਹਾਲੀ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਨਰਿੰਦਰ ਸਿੰਘ ਸਿਆਊ, ਸੰਤ ਸਿੰਘ ਕੁਰੜੀ, ਸੁਰਿੰਦਰ ਸਿੰਘ ਬਰਿਆਲੀ,ਸਵਰਗੀ ਸੰਧੂ ਦੀ ਧਰਮ ਪਤਨੀ ਜਸਪਾਲ ਕੌਰ, ਭਰਾ ਸਾਧੂ ਸਿੰਘ, ਸਪੁੱਤਰ ਸੁਖਬੀਰ ਸਿੰਘ, ਭਤੀਜਾ ਜਸਬੀਰ ਸਿੰਘ ਸਮੇਤ ਹੋਰ ਰਿਸ਼ਤੇਦਾਰ, ਸਨਬੰਧੀ , ਇਲਾਕੇ ਤੋਂ ਪੱਤਵੰਤੇ ਤੇ ਪਿੰਡ ਵਾਸੀ ਮੌਜ਼ੂਦ ਸਨ । ਇਸ ਮੌਕੇ ਸਟੇਜ ਸਕੱਤਰ ਦੀਆਂ ਸੇਵਾਵਾਂ ਹਰਪਾਲ ਸਿੰਘ ਬੈਂਸ ਵੱਲੋਂ ਨਿਭਾਈ ਗਈਆਂ ।