ਪੰਜਾਬ

ਪੰਜਾਬ ਦੇ ਸਰਪੰਚਾਂ ਲਈ ਖਬਰ: ਪੰਜਾਬ ਦੇ ਸਰਪੰਚਾਂ ਨੂੰ ਮਾਣ ਭੱਤਾ ਜਲਦ ਦਿੱਤਾ ਜਾਵੇਗਾ-ਧਾਲੀਵਾਲ

 

ਜੇਕਰ ਮਹਿਲਾ ਸਰਪੰਚ ਪਿੰਡਾਂ ਦੀ ਵਾਗਡੋਰ ਸੰਭਾਲਦੇ ਹੁੰਦੇ ਤਾਂ ਪਿੰਡਾਂ ਦੀ ਹਾਲਤ ਅੱਜ ਨਾਲੋਂ ਕਿਤੇ ਬਿਹਤਰ ਹੁੰਦੀ-ਧਾਲੀਵਾਲ

-ਪੰਚਾਇਤੀ ਰਾਜ ਸੰਸਥਾਵਾਂ ਵਿਚ ਔਰਤਾਂ ਦੀ ਮਜ਼ਬੂਤ ਭਾਗੀਦਾਰੀ ਉਤੇ ਸੈਮੀਨਾਰ

ਅੰਮ੍ਰਿਤਸਰ 21 ਸਤੰਬਰ 2022- ਪੰਚਾਇਤੀ ਰਾਜ ਸੰਸਥਾਵਾਂ ਵਿਚ ਔਰਤਾਂ ਦੀ ਮਜ਼ਬੂਤ ਭਾਈਵਾਲੀ ਉਤੇ ਕਰਵਾਏ ਪੰਜਾਬ ਦੇ ਪਲੇਠੇ ਸੈਮੀਨਾਰ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਪਿੰਡਾਂ ਦੀ ਦਸ਼ਾ ਤੇ ਦਿਸ਼ਾ ਬਦਲਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਮੇਰੀਆਂ ਮਾਵਾਂ, ਭੈਣਾਂ, ਧੀਆਂ, ਜੋ ਕਿ ਪਿੰਡਾਂ ਦੀ ਸਰਪੰਚ ਲੋਕਾਂ ਦੁਆਰਾ ਚੁਣੀਆਂ ਗਈਆਂ ਹਨ, ਪਿੰਡਾਂ ਦੀ ਵਾਗਡੋਰ ਹਕੀਕਤ ਵਿਚ ਸੰਭਾਲ ਲੈਂਦੀਆਂ ਤਾਂ ਅੱਜ ਸਾਡੇ ਪਿੰਡਾਂ ਦੀ ਹਾਲਤ ਅੱਜ ਨਾਲੋਂ ਕਿਤੇ ਬਿਹਤਰ ਹੋਣੀ ਸੀ। ਉਨਾਂ ਕਿਹਾ ਕਿ ਸਰਕਾਰ ਨੇ ਸਰਪੰਚਾਂ ਦਾ ਰਾਖਵਾਂਕਰਨ 50 ਫੀਸਦੀ ਕਰ ਦਿੱਤਾ, ਲੋਕਾਂ ਨੇ ਵੋਟਾਂ ਪਾ ਕੇ ਮਹਿਲਾ ਸਰਪੰਚ ਚੁਣ ਲਏ, ਪਰ ਇੰਨਾਂ ਨੂੰ ਪੂਰੀ ਤਰਾਂ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਉਨਾਂ ਕਿਹਾ ਕਿ ਜੇਕਰ ਪਿੰਡਾਂ ਵਿਚ ਕਮਾਂਡ ਔਰਤਾਂ ਦੇ ਹੱਥ ਹੁੰਦੀ ਤਾਂ ਪਿੰਡਾਂ ਵਿਚ ਨਸ਼ਾ, ਨਾਜਾਇਜ਼ ਕਬਜ਼ੇ, ਸ਼ਰੀਕੇਬਾਜ਼ੀ, ਵੈਰ-ਵਿਰੋਧ ਇੰਨੇ ਨਾ ਹੁੰਦੇ, ਜਿੰਨੇ ਕਿ ਹੁਣ ਹਨ। ਉਨਾਂ ਕਿਹਾ ਕਿ ਅੱਜ ਸਾਡੀਆਂ ਤਿੰਨ ਮਾਵਾਂ, ਜਿਸ ਵਿਚ ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਤੇ ਮਾਂ ਬੋਲੀ ਸ਼ਾਮਿਲ ਹਨ, ਸੰਕਟ ਵਿਚ ਹਨ। ਮਾਂ ਨੂੰ ਪੁੱਤਰ ਧੀਆਂ ਦੇ ਭਵਿੱਖ ਦੀ ਚਿੰਤਾ ਹੈ, ਧਰਤੀ ਮਾਂ ਪਲੀਤ ਹੁੰਦੇ ਵਾਤਵਰਣ ਤੋਂ ਪੀੜਤ ਹੈ ਅਤੇ ਸਾਡੀ ਮਾਂ ਬੋਲੀ ਨੂੰ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਤੋਂ ਖ਼ਤਰਾ ਪੈਦਾ ਹੋ ਚੁੱਕਾ ਹੈ, ਸੋ ਅੱਜ ਲੋੜ ਹੈ ਕਿ ਆਪਣੀ ਮਾਵਾਂ ਨੂੰ ਬਚਾਉਣ ਲਈ ਪੁੱਤਰਾਂ ਦੇ ਨਾਲ-ਨਾਲ ਧੀਆਂ ਵੀ ਬਰਾਬਰ ਦੀ ਸਹਿਯੋਗੀ ਬਣਨ। ਉਨਾਂ ਕਿਹਾ ਕਿ ਮੈਂ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਹਾਲਤ ਵਿਚ ਮਹਿਲਾ ਸਰਪੰਚ ਜਾਂ ਪੰਚ ਦੀ ਥਾਂ ਉਸਦੇ ਪਤੀ ਨੂੰ ਦਫਤਰੀ ਕੰਮ ਵਿਚ ਦਖਲ ਨਾ ਦੇਣ ਦਿੱਤਾ ਜਾਵੇ, ਸੋ ਹੁਣ ਤੁਸੀ ਪਿੰਡਾਂ ਦੇ ਵਿਕਾਸ ਲਈ ਅੱਗੇ ਆਉ ਤਾਂ ਮੇਰੇ ਸਮੇਤ ਸਾਰੇ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਤੁਹਾਡਾ ਗਰਮਜੋਸ਼ੀ ਨਾਲ ਸਵਾਗਤ ਕਰਨਗੇ। ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਸਰਪੰਚਾਂ ਦਾ ਭੱਤਾ ਵੀ ਛੇਤੀ ਰਿਲੀਜ਼ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅੱਜ ਦਾ ਸੈਮੀਨਾਰ ਸਰਪੰਚਾਂ ਦੀ ਮੁੱਢਲੀ ਸਿਖਲਾਈ ਹੈ ਅਤੇ ਅਜਿਹੀ ਸਿਖਲਾਈ ਮਹਿਲਾ ਸਰਪੰਚਾਂ ਨੂੰ ਤਾਕਤ ਦੇਣ ਲਈ ਹਰੇਕ ਜਿਲ੍ਹੇ ਵਿਚ ਦਿੱਤੀ ਜਾਵੇਗੀ। ਉਨਾਂ ਵਿਭਾਗ ਦੀਆਂ ਪ੍ਰਾਪਤੀਆਂ ਸਾਂਝੀ ਕਰਦੇ ਕਿਹਾ ਕਿ ਪਹਿਲਾਂ ਮੈਂ ਪੰਚਾਇਤੀ ਜਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ, ਜੋ ਨਿਰੰਤਰ ਜਾਰੀ ਹੈ। ਫਿਰ ਪੰਜਾਬ ਦੇ ਲਗਭਗ 95 ਫੀਸਦੀ ਪਿੰਡਾਂ ਵਿਚ 35 ਸਾਲ ਬਾਅਦ ਗ੍ਰਾਮ ਸਭਾਵਾਂ ਕਰਵਾਈਆਂ ਤੇ ਹੁਣ ਮੋਰਚਾ ਮਹਿਲਾ ਸਰਪੰਚਾਂ ਨੂੰ ਉਨਾਂ ਦੀ ਕਰੁਸਦੀ ਦੀ ਤਾਕਤ ਸਮਝਾਉਣ ਦਾ ਖੋਲਿਆ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਣਬੀਰ ਸਿੰਘ ਮੂਧਲ ਦੀ ਅਗਵਾਈ ਹੇਠ ਕਰਵਾਏ ਗਏ ਅੱਜ ਦੇ ਸੈਮੀਨਾਰ ਦੀ ਵਿਸ਼ੇਸ਼ ਗੱਲ ਇਹ ਰਹੀ ਹੈ ਕਿ ਸਾਰੀਆਂ ਬੁਲਾਰਾ ਔਰਤਾਂ ਹੀ ਸਨ, ਜਿਨਾ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕਾ, ਏ ਆਈ ਜੀ ਕੰਵਰਦੀਪ ਕੌਰ ਆਈ ਪੀ ਐਸ, ਸਹਾਇਕ ਪ੍ਰੋਫੈਸਰ ਡਾ ਨਿਰਮਲਾ, ਡਾ ਅਮਿਕਾ ਵਰਮਾ, ਬੀ ਡੀ ਪੀ ਓ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀਮਤੀ ਨਵਦੀਪ ਕੌਰ, ਸੀ ਡੀ ਪੀ ਓ ਖੁਸ਼ਮੀਤ ਕੌਰ, ਹਰਸਿਮਰਨ ਕੌਰ ਜਿਲ੍ਹਾ ਕੁਆਰਡੀਨੇਟਰ ਮਨਰੇਗਾ, ਸਖੀ ਵੰਨ ਸਟਾਪ ਸੈਂਟਰ ਦੇ ਪ੍ਰਬੰਧਕ ਪ੍ਰੀਤੀ ਸ਼ਰਮਾ, ਸ੍ਰੀਮਤੀ ਵਿਬੂਤੀ ਸੈਨੀਟੇਸ਼ਨ ਅਧਿਕਾਰੀ, ਡਿਪਟੀ ਡੀ ਈ ਓ ਸ੍ਰੀਮਤੀ ਰੇਖਾ ਮਹਾਜ਼ਨ, ਸਰਪੰਚ ਖਿਲਚੀਆਂ ਸ੍ਰੀਮਤੀ ਮਨਰੀਤ ਕੌਰ ਸ਼ਾਮਿਲ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀਮਤੀ ਜਗਦੀਸ਼ ਕੌਰ ਧਾਲੀਵਾਲ, ਸ੍ਰੀਮਤੀ ਨਿਧੀ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਪਿ੍ਰੰਸੀਪਲ ਮੈਡੀਕਲ ਕਾਲਜ ਡਾ ਵੀਨਾ ਚਤਰਥ, ਮੈਡਮ ਸ਼ੈਰੀ ਮਲਹੋਤਰਾ ਐਸ ਡੀ ਐਮ ਬਟਾਲਾ, ਸ੍ਰੀਮਤੀ ਜਸਵਿੰਦਰ ਕੌਰ ਗਿੱਲ, ਚੇਤਨਪੁਰਾ, ਸ੍ਰੀਮਤੀ ਸੀਮਾ ਸੋਢੀ ਆਪ ਦੇ ਪ੍ਰਧਾਨ, ਸ੍ਰੀ ਸਤਪਾਲ ਸੋਖੀ, ਸ੍ਰੀ ਰਵਿੰਦਰ ਹੰਸ, ਸ੍ਰੀ ਸਤਵਿੰਦਰ ਸਿੰਘ ਜੌਹਲ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਅਜੀਵਕਾ ਮਿਸ਼ਨ ਅਧੀਨ 62 ਸੈਲਫ ਹੈਲਪ ਗਰੁੱਪਾਂ ਨੂੰ ਕਰੀਬ 20 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਵੀ ਤਕਸੀਮ ਕੀਤੇ ਗਏ।

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!