ਪੰਜਾਬ

ਜਾਖੜ ਦਾ ਕਿਸਾਨ ਆਗੂਆਂ ਨੂੰ ਸਵਾਲ- ਸਾਡੀ ਪੂਰੀ ਫਸਲ ਐਮਐਸਪੀ ਤੇ ਚੱਕੀ ਜਾ ਰਹੀ ਹੈ ਫਿਰ ਅਸੀਂ ਕਿਸ ਦੀ ਲੜਾਈ ਲੜ ਰਹੇ ਹਾਂ

ਕਿਹਾ, ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਚੁਭਦੀ ਹੈ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੀ ਐਮਐਸਪੀ

ਚੰਡੀਗੜ੍ਹ 3 ਮਾਰਚ  ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਦੋਲਨ ਕਰ ਰਹੇ ਅਖੌਤੀ ਕਿਸਾਨ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਮੌਤ ਦੇ ਮੂੰਹ ਨਾ ਪਾਉਣ। ਉਨਾਂ ਨੇ ਆਖਿਆ ਕਿ ਪੰਜਾਬ ਤੋਂ ਪਹਿਲਾਂ ਹੀ ਸਾਰਾ ਕਣਕ ਅਤੇ ਝੋਨਾ ਭਾਰਤ ਸਰਕਾਰ ਵੱਲੋਂ ਐਮਐਸਪੀ ਤੇ ਖਰੀਦ ਕੀਤਾ ਜਾ ਰਿਹਾ ਹੈ ਫਿਰ ਅਸੀਂ ਕਿਸ ਦੀ ਲੜਾਈ ਲੜ ਰਹੇ ਹਾਂ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਆਖਿਆ ਕਿ ਬੇਸ਼ਕ ਦੁਨੀਆ ਭਰ ਵਿੱਚ ਕਿਸਾਨੀ ਸੰਕਟ ਵਿੱਚ ਹੈ ਪਰ ਅੰਦੋਲਨ ਲੜ ਰਹੇ ਲੀਡਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਹ ਦੱਸਣ ਕਿ ਇਸ ਅੰਦੋਲਨ ਵਿੱਚ ਪੰਜਾਬ ਦੀ ਕੀ ਭਲਾਈ ਹੈ , ਜਦਕਿ ਸਾਨੂੰ ਤਾਂ ਪਹਿਲਾਂ ਹੀ ਸਾਡੀ ਪੂਰੀ ਫਸਲ ਤੇ ਐਮਐਸਪੀ ਮਿਲ ਰਹੀ ਹੈ।
ਉਹਨਾਂ ਨੇ ਸਵਾਲ ਕੀਤਾ ਕਿ ਇਹ ਆਗੂ ਦੱਸਣ ਕਿ ਉਹ ਕਣਕ ਝੋਨਾ ਛੱਡ ਕੇ ਕਿਹੜੀ ਫਸਲ ਲਾਉਣਾ ਚਾਹੁੰਦੇ ਹਨ ਜਿਸ ਤੇ ਉਹਨਾਂ ਨੂੰ ਐਮਐਸਪੀ ਚਾਹੀਦੀ ਹੈ ਤਾਂ ਉਹ ਖੁਦ ਨਾਲ ਜਾ ਕੇ ਇਹ ਐਮਐਸਪੀ ਦਿਵਾਉਣਗੇ ।
ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਤੋਂ ਬਾਹਰ ਦੇ ਲੋਕਾਂ ਦੇ ਦਿਲ ਵਿੱਚ ਇਹੀ ਗੱਲ ਚੁਭਦੀ ਹੈ ਕਿ ਪੰਜਾਬ ਦੇ  ਕਿਸਾਨਾਂ ਦੀ ਪੂਰੀ ਫਸਲ ਐਮਐਸਪੀ ਤੇ ਚੁੱਕੀ ਜਾ ਰਹੀ ਹੈ ਅਤੇ ਉਹਨਾਂ ਦੇ ਸੂਬਿਆਂ ਵਿੱਚ ਇਹ ਐਮਐਸਪੀ ਨਹੀਂ ਮਿਲ ਰਹੀ। ਪਰ ਉਹ ਖੁਦ ਆਪਣੇ ਹੱਕਾਂ ਲਈ ਲੜਨ ਦੀ ਬਜਾਏ ਪੰਜਾਬ ਦੇ ਨੌਜਵਾਨਾਂ ਨੂੰ ਇਸ ਲੜਾਈ ਵਿੱਚ ਝੋਕ ਰਹੇ ਹਨ। ਉਨਾਂ ਆਖਿਆ ਕਿ ਜੇਕਰ ਦੂਜੇ ਸੂਬਿਆਂ ਦੇ ਲੋਕਾਂ ਨੇ ਲੜਾਈ ਲੜਨੀ ਹੈ ਤਾਂ ਉਹ ਆਪਣੀ ਲੜਾਈ ਖੁਦ ਕਿਉਂ ਨਹੀਂ ਲੜਦੇ।
ਉਨਾਂ ਕਿਸਾਨ ਆਗੂਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਤੁਹਾਨੂੰ ਬਾਹਰੋਂ ਆ ਕੇ ਸਾਡੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਮੌਤ ਦੇ ਮੂੰਹ ਲੈ ਕੇ ਜਾ ਰਹੇ ਹਨ ਉਹੀ ਕੱਲ ਨੂੰ ਤੁਹਾਨੂੰ ਦੇਸ਼ ਧਰੋਹੀ ਅਤੇ ਅੰਤਕਵਾਦੀ ਕਹਿਣ ਵਿੱਚ ਸਭ ਤੋਂ ਮੂਹਰੇ ਖੜੇ ਹੋਣਗੇ। ਉਹਨਾਂ ਪਿਛਲੇ ਅੰਦੋਲਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਲਈ ਸਾਨੂੰ ਅੱਗੇ ਕਰਕੇ ਅਤੇ ਗਲਤ ਰਾਸਤੇ ਤੇ ਸਾਡੇ ਨੌਜਵਾਨਾਂ ਨੂੰ ਲਿਜਾ ਕੇ ਬਾਅਦ ਵਿੱਚ ਸਾਨੂੰ ਹੀ ਅੰਤਕਵਾਦੀ ਅਤੇ ਗਦਾਰ ਕਹਿਣ ਵਾਲੇ ਇਹੀ ਲੋਕ ਸਨ।
ਉਹਨਾਂ ਨੇ ਕਾਂਗਰਸ ਦੇ ਆਗੂਆਂ ਤੋਂ ਵੀ ਪੁੱਛਿਆ ਜਿਨਾਂ ਨੇ ਟਰੈਕਟਰ ਮਾਰਚ ਕੀਤਾ ਸੀ ਕਿ ਕੀ ਉਹ ਝੋਨਾ ਛੱਡ ਕੇ ਜਵਾਰ ਬਾਜਰਾ ਲਗਾਉਣ ਲਈ ਤਿਆਰ ਹਨ । ਉਹਨਾਂ ਸਿਆਸੀ ਪਾਰਟੀਆਂ ਅਤੇ ਕਿਸਾਨ ਆਗੂਆਂ  ਦੇ ਵੇਸ਼ ਵਿੱਚ ਛਿਪੇ ਲੋਕਾਂ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਨਾਂ ਤੇ ਸਿਆਸਤ ਬੰਦ ਕਰਨ ਅਤੇ ਕਿਸਾਨਾਂ ਨੂੰ ਭੜਕਾ ਕੇ ਕਿਸਾਨਾਂ ਅਤੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਾਜ ਆਉਣ।
ਉਹਨਾਂ ਕਿਹਾ ਕਿ ਸਾਡੇ ਸ਼ੁਭਕਰਨ ਕਿਉਂ ਮਰਨ ਜਦ ਕਿ ਸਾਨੂੰ ਤਾਂ ਪਹਿਲਾਂ ਤੋਂ ਹੀ ਐਮਐਸਪੀ ਮਿਲ ਰਹੀ ਹੈ ਹੈ। ਉਹਨਾਂ ਸਵਾਲ ਕੀਤਾ ਕਿ ਅਸਲ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਹੀ ਕਿਉਂ ਅੱਗੇ ਕੀਤਾ ਜਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਇਸ ਪਿੱਛੇ ਇੱਕ ਸਾਜਿਸ਼ ਹੈ ਅਤੇ ਕੁਝ ਲੋਕ ਆਪਣੇ ਸਿਆਸੀ ਹਿੱਤਾਂ ਲਈ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਰਹੇ ਹਨ।
ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ 2014 ਵਿੱਚ ਪੰਜਾਬ ਤੋਂ 1.18 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ ਅਤੇ ਇਸ ਬਦਲੇ 16 ਹਜਾਰ ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਸੀ। ਜਦਕਿ ਸਾਲ 2023-24 ਦੌਰਾਨ 1.82 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਅਤੇ 40 ਹਜਾਰ ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ।
 ਐਮਐਸਪੀ ਦੀ ਗਰੰਟੀ ਸਮੱਸਿਆ ਦਾ ਹੱਲ ਨਹੀਂ ਹੈ ਕਿਉਂਕਿ ਝੋਨੇ ਅਤੇ ਕਣਕ ਤੋਂ ਬਿਨਾਂ ਬਾਕੀ ਦੀਆਂ 21 ਫਸਲਾਂ ਝੋਨੇ ਅਤੇ ਕਣਕ ਦੇ ਬਰਾਬਰ ਮੁਨਾਫਾ ਨਹੀਂ ਦਿੰਦੀਆਂ। ਇਹ ਗੱਲ ਆਖਦਿਆਂ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਗੰਭੀਰ ਵਿਸ਼ੇ ਤੇ ਸਾਰੀਆਂ ਧਿਰਾਂ ਨੂੰ ਵਿਚਾਰ ਕਰਨ ਦੀ ਜਰੂਰਤ ਹੈ। ਇਸ ਵਿਸ਼ੇ ਤੇ ਚਿੰਤਾ ਜਾਹਿਰ ਕਰਦਿਆਂ ਸੁਨੀਲ ਜਾਖੜ ਨੇ ਆਖਿਆ ਕਿ ਸਾਡਾ ਧਰਤੀ ਹੇਠਲਾ ਪਾਣੀ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ। ਅਜਿਹੇ ਵਿੱਚ ਸਾਨੂੰ ਪਾਣੀ ਦਾ ਜਰੂਰਤ ਤੋਂ ਜਿਆਦਾ ਦੋਹਣ ਕਰਨ ਵਾਲੀਆਂ ਫਸਲਾਂ ਦਾ ਬਦਲ ਲੱਭਣ ਦੀ ਜਰੂਰਤ ਹੈ ਜੋ ਆਮਦਨ ਪੱਖੋਂ ਵੀ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਦਾ ਬਦਲ ਹੋਵੇ।
ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਸਾਡੇ ਸਾਹਮਣੇ ਚੁਣੌਤੀ ਇਹ ਹੈ ਕਿ ਸਾਡਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ। ਸਾਨੂੰ ਮਿਲ ਬੈਠ ਕੇ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸ ਚੀਜ਼ ਦੀ ਖੇਤੀ ਕਰਾਂਗੇ। ਬਦਲਦੇ ਮੌਸਮ ਵੀ ਸਾਡੇ ਲਈ ਚੁਣੌਤੀ ਹਨ ਪਰ ਸਾਡੇ ਆਗੂ ਇਹਨਾਂ ਗੰਭੀਰ ਵਿਸ਼ਿਆਂ ਤੇ ਚਰਚਾ ਕਰਨ ਦੀ ਬਜਾਏ ਸਾਡੀ ਜਵਾਨੀ ਨੂੰ ਭੜਕਾ ਕੇ ਹੋਰਨਾਂ ਦੇ ਸਿਆਸੀ ਹਿੱਤਾਂ ਲਈ ਵਰਤ ਰਹੇ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਗੱਲ ਸਿਰਫ ਐਮਐਸਪੀ ਦੀ ਨਹੀਂ ਸਗੋਂ ਇਸ ਗੱਲ ਤੇ ਚਰਚਾ ਕਰਨ ਦੀ ਲੋੜ ਹੈ ਕਿ ਸਾਡੇ ਕਿਸਾਨ ਨੂੰ ਇੱਕ ਨਿਸ਼ਚਿਤ ਆਮਦਨ ਦੀ ਗਾਰੰਟੀ ਕਿਵੇਂ ਮਿਲੇ। ਇਸੇ ਲਈ ਭਾਰਤੀ ਜਨਤਾ ਪਾਰਟੀ 4 ਮਾਰਚ ਨੂੰ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰੇਗੀ l
ਭਾਜਪਾ ਸੂਬਾ ਪ੍ਰਧਾਨ ਨੇ ਦੂਜੇ ਰਾਜਾਂ ਦੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸੰਘਰਸ਼ ਖੁਦ ਲੜਨ ਅਤੇ ਆਪਣੇ ਹਕਾਂ ਲਈ ਪੰਜਾਬੀਆਂ ਦੀ ਵਰਤੋਂ ਨਾ ਕਰਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!