ਪੰਜਾਬ

ਹਰਸਿਮਰਤ ਬਾਦਲ ਵਲੋਂ ਪਰਕਾਸ਼ ਸਿੰਘ ਬਾਦਲ ਦੇ ਨਾਮ ਭਾਵੁਕ ਪੱਤਰ

ਮੈਨੂੰ ਉਹ ਪਲ ਬਹੁਤ ਚੰਗੀ ਤਰ੍ਹਾਂ ਯਾਦ ਨੇ ਜਦੋਂ ਤੁਸੀਂ 11 ਬੰਦਿਆਂ ਦੀ ਬਰਾਤ ਲੈ ਕੇ ਚਾਵਾਂ ਨਾਲ ਮੈਨੂੰ ਵਿਆਹ ਕੇ ਇਸ ਘਰ ਵਿੱਚ ਲੈ ਕੇ ਆਏ ; ਹਰਸਿਮਰਤ ਕੌਰ ਬਾਦਲ

ਮੈਨੂੰ ਉਹ ਪਲ ਬਹੁਤ ਚੰਗੀ ਤਰ੍ਹਾਂ ਯਾਦ ਨੇ ਜਦੋਂ ਤੁਸੀਂ 11 ਬੰਦਿਆਂ ਦੀ ਬਰਾਤ ਲੈ ਕੇ ਚਾਵਾਂ ਨਾਲ ਮੈਨੂੰ ਵਿਆਹ ਕੇ ਇਸ ਘਰ ਵਿੱਚ ਲੈ ਕੇ ਆਏ
ਮੈਂ ਦਿਲੋਂ ਇਹ ਅਰਦਾਸ ਕਰਦੀ ਹਾਂ ਕਿ ਤੁਹਾਡੇ ਅਨੇਕਾਂ ਗੁਣਾਂ ਵਿਚੋਂ ਕੁਝ ਗੁਣ ਵਾਹਿਗੁਰੂ ਸੁਖਬੀਰ ਜੀ ਨੂੰ , ਮੈਨੂੰ ਤੇ ਤੁਹਾਡੇ ਪੋਤਰੇ, ਪੋਤਰੀਆਂ ਨੂੰ ਬਖ਼ਸ਼ ਦੇਵੇ ਤਾਂ

ਸਤਿਕਾਰਯੋਗ ਡੈਡੀ ਜੀ,
ਗੁਰ ਫ਼ਤਹਿ।

ਮੈਨੂੰ ਉਹ ਪਲ ਬਹੁਤ ਚੰਗੀ ਤਰ੍ਹਾਂ ਯਾਦ ਨੇ ਜਦੋਂ ਤੁਸੀਂ 11 ਬੰਦਿਆਂ ਦੀ ਬਰਾਤ ਲੈ ਕੇ ਚਾਵਾਂ ਨਾਲ ਮੈਨੂੰ ਵਿਆਹ ਕੇ ਇਸ ਘਰ ਵਿੱਚ ਲੈ ਕੇ ਆਏ ਸੀ। ਮੈਂ ਖ਼ੁਦ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ ਕਿ ਤੁਹਾਡੇ ਨੇਤਰਾਂ ਦੀ ਜੋਤ ਸਦੀਵੀ ਤੌਰ ‘ਤੇ ਜੋਤ ਬੁਝਣ ਤੱਕ ਮੈਨੂੰ ਤੁਹਾਡੀ ਪਿਤਾ ਸਰੂਪ ਮੋਹ ਪਿਆਰ ਵਿੱਚ ਰੰਗੀ ਫ਼ਕੀਰਾਨਾ ਸਖਸ਼ੀਅਤ ਦੇ ਅੰਗ-ਸੰਗ ਰਹਿੰਦਿਆਂ ਤੁਹਾਡੇ ਪਿਆਰ ਅਤੇ ਅਸੀਸਾਂ ਦਾ ਨਿੱਘ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਇਸ 33 ਸਾਲ ਦੇ ਲੰਬੇ ਅਰਸੇ ਦੌਰਾਨ ਤੁਹਾਡੀ ਉਹ ਸੰਘਣੀ ਛਾਂ ਜਿਸਦੇ ਕਲਾਵੇ ਵਿੱਚ ਅਸੀਂ ਸਾਰੇ ਦੁਨੀਆਦਾਰੀ ਦੇ ਤਪਦੇ, ਤਿੱਖੜ ਦੁਪਹਿਰਿਆਂ ਤੋਂ ਮਹਿਫੂਜ਼ ਸਾਂ, ਅੱਜ ਉਸ ਮਮਤਾ ਤੇ ਸੁਰੱਖਿਆ ਭਰਪੂਰ ਸੰਘਣੀ ਛਾਂ ਤੋਂ ਕੁਦਰਤ ਨੇ ਸਾਨੂੰ ਵਾਂਝੇ ਕਰ ਦਿੱਤਾ ਹੈ। ਤੁਹਾਡੇ ਚਲੇ ਜਾਣ ਨਾਲ ਤਾਂ ਇੰਝ ਜਾਪਦਾ ਹੈ ਕਿ ਸਾਡੇ ਰਾਹਾਂ ਨੂੰ ਰੁਸ਼ਨਾਉਣ ਵਾਲਾ ਚਮਕਦਾ ਸੂਰਜ ਛਿਪ ਗਿਆ ਹੈ ਜਿਸ ਦੀ ਗ਼ੈਰ ਮੌਜੂਦਗੀ ਕਾਰਨ ਕੁਝ ਪਲਾਂ ਲਈ ਜ਼ਿੰਦਗੀ ਦੇ ਰਾਹ ਸੁੰਨੇ ਤੇ ਔਖੇ ਲੱਗ ਰਹੇ ਹਨ।

ਤੁਹਾਡੇ ਜਾਣ ਬਾਅਦ ਜਿੱਥੇ ਦੇਸ਼, ਵਿਦੇਸ਼ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਤੁਹਾਨੂੰ ਨਮਨ ਕਰ ਰਹੀਆਂ ਹਨ ਉਥੇ ਪੰਜਾਬ ਦੇ ਕਿਰਤੀ, ਕਾਮੇ, ਕਿਸਾਨ, ਬੱਚੇ, ਭੈਣਾਂ, ਮਾਤਾਵਾਂ, ਬਜ਼ੁਰਗ, ਗੱਲ ਕੀ ਸਮੁੱਚੀ ਸੰਗਤ ਤੁਹਾਡੀਆਂ ਯਾਦਾਂ ਵਾਲੇ ਮੁਹੱਬਤੀ ਰਿਸ਼ਤਿਆਂ ਦੇ ਕਿੱਸੇ ਸੁਣਾ ਰਹੇ ਹਨ। ਤੁਹਾਡੀ ਇੱਕ ਕਰਮਯੋਗੀ ਵਾਲੀ ਹਸਤੀ ਨਾਲ ਜੁੜੇ ਇਹ ਤਮਾਮ ਕਿੱਸੇ ਸੁਣ ਕੇ ਅਹਿਸਾਸ ਹੁੰਦਾ ਹੈ ਕਿ ਸੱਚ-ਮੁੱਚ ਹੀ ਤੁਸੀਂ ਆਮ ਇਨਸਾਨ ਨਹੀਂ ਸੀ ਬਲਕਿ ਤੁਸੀਂ ਰੱਬ ਵੱਲੋਂ ਬਣਾਈ ਗਈ ਅਨੇਕਾਂ ਖਾਸ ਗੁਣਾਂ ਨਾਲ ਭਰਪੂਰ ਸਮੁੱਚੀ ਮਾਨਵਤਾ ਪ੍ਰਤੀ ਨਿਸ਼ਕਾਮ ਸੇਵਾ ਭਾਵਨਾ ਰੱਖਣ ਵਾਲੀ ਬੇਦਾਗ਼ ਤੇ ਮਹਾਨ ਦਰਵੇਸ਼ ਰੂਹ ਸੀ ਜਿਸ ਨੇ ਨਿਰੰਤਰ ਮਿਹਨਤ ਨਾਲ ਹਲੀਮੀ, ਨਿਮਰਤਾ, ਇਮਾਨਦਾਰੀ, ਨਿਰਪੱਖਤਾ ਅਤੇ ਸਾਂਝੀਵਾਲਤਾ ਦੇ ਗੁਣ ਅਰਜਿਤ ਕੀਤੇ। ਇਨ੍ਹਾਂ ਗੁਣਾਂ ਦੇ ਸਦਕਾ ਬੇਮਿਸਾਲ ਦੂਰਅੰਦੇਸ਼ੀ ਦੇ ਰਾਹੀਂ ਆਪ ਨੇ ਆਪਣੇ ਪੰਜਾਬ ਅਤੇ ਦੇਸ਼ ਦੀ ਵੱਧ ਚੜ੍ਹ ਕੇ ਸੇਵਾ ਕੀਤੀ। ਆਪਣੀ ਜ਼ਿੰਦਗੀ ਦਾ ਲਗਭਗ ਚੌਥਾ ਹਿੱਸਾ ਤੁਸੀਂ ਜਨਤਕ ਹਿੱਤਾਂ ਲਈ ਜੇਲ੍ਹਾਂ ਵਿੱਚ ਗੁਜ਼ਾਰਿਆ। ਇਥੋਂ ਤੱਕ ਕਿ ਆਪਣੀ ਬੇਟੀ ਦੀ ਸ਼ਾਦੀ ਵਿੱਚ ਸ਼ਾਮਿਲ ਨਹੀਂ ਹੋ ਸਕੇ ਕਿਉਂਕਿ ਆਪ ਨੇ ਸੂਬੇ ਦੇ ਹਿਤਾਂ ਨੂੰ ਪਹਿਲ ਦਿੰਦਿਆਂ ਪੈਰੋਲ ਲੈਣ ਤੋਂ ਇੰਨਕਾਰ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਤੁਹਾਨੂੰ ਨਾ ਕੋਈ ਡਰਾ ਸਕਿਆ ਤੇ ਨਾ ਹੀ ਕਿਸੇ ਦੀ ਹਿੰਮਤ ਹੋਈ ਕਿ ਤੁਹਾਨੂੰ ਖ਼ਰੀਦ ਸਕੇ। ਤੁਸੀਂ ਆਪਣੇ ਅਸੂਲਾਂ ‘ਤੇ ਹਰ ਹਾਲ ਵਿੱਚ ਅਡੋਲ ਰਹੇ ਤੇ ਕਦੇ ਕਿਸੇ ਦੀ ਈਨ ਨਹੀਂ ਮੰਨੀ। ਵਿਰੋਧੀਆਂ ਦੀ ਲਕੀਰ ਨੂੰ ਮਿਟਾਉਣ ਵਿੱਚ ਵਕਤ ਜ਼ਾਇਆ ਕਰਨ ਦੀ ਥਾਂ ਆਪਣੀ ਲਕੀਰ ਨੂੰ ਵੱਡਾ ਕਰਦੇ ਰਹਿਣਾ ਤੁਹਾਡੀ ਜ਼ਿੰਦਗੀ ਦਾ ਪ੍ਰਮੁੱਖ ਸਿਧਾਂਤ ਸੀ। ਤੁਸੀਂ ਸੱਚ ਹੀ ਇੱਕ ਤਪੱਸਵੀ ਦੀ ਤਰ੍ਹਾਂ ਦਿਨ ਰਾਤ ਪੰਜਾਬ ਤੇ ਪੰਜਾਬੀਅਤ ਦੀ ਸਰਵਪੱਖੀ ਸੇਵਾ ਨਿਭਾਈ। ਕੇਂਦਰ ਵਿੱਚ ਤੁਹਾਨੂੰ ਅਨੇਕਾਂ ਵਾਰ ਉੱਚੇ ਸਨਮਾਨਿਤ ਅਹੁਦਿਆਂ ਦੀ ਪੇਸ਼ਕਸ਼ ਹੋਈ ਪਰ ਤੁਹਾਡਾ ਪਹਿਲਾ ਪਿਆਰ, ਪਹਿਲੀ ਪਸੰਦ ਹਮੇਸ਼ਾ ਪੰਜਾਬ ਤੇ ਪੰਜਾਬੀ ਰਹੇ। ਪੰਜਾਬੀਆਂ ਨੇ ਵੀ ਤੁਹਾਡੇ ਪੰਜਾਬ ਪ੍ਰਤੀ ਇਸ ਮੋਹ ਦੇ ਬਦਲੇ ਤੁਹਾਨੂੰ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਚੁਣ ਕੇ ਸਤਿਕਾਰ ਤੇ ਪਿਆਰ ਨਾਲ ਨਿਵਾਜ਼ਿਆ। ਤੁਸੀਂ ਭਾਵੇਂ ਮੁੱਖ ਮੰਤਰੀ ਸੀ ਤੇ ਭਾਵੇਂ ਕਦੇ ਨਹੀਂ ਵੀ ਸੀ ਪਰ ਹਮੇਸ਼ਾ ਗਰੀਬਾਂ,ਮਜ਼ਲੂਮਾਂ ਤੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਰਹੇ। ਇਸ ਲੰਬੇ ਸਿਆਸੀ ਸਫ਼ਰ ਵਿੱਚ ਤੁਹਾਨੂੰ ਕਈ ਲੋਕਾਂ ਨੇ ਧੋਖਾ ਦਿੱਤਾ ਤੇ ਕਈ ਸਾਥ ਛੱਡ ਗਏ ਪਰ ਤੁਸੀਂ ਉਹ ਦਰਵੇਸ਼ ਰੂਹ ਸੀ ਜਿਸ ਨੇ ਪੂਰਨ ਸਮਰੱਥ ਹੋਣ ‘ਤੇ ਵੀ ਵਿਰੋਧੀਆਂ ਪ੍ਰਤੀ ਬਦਲਾਖੋਰੀ ਨਹੀਂ ਦਿਖਾਈ ਬਲਕਿ ਲੋੜ ਪੈਣ ‘ਤੇ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕਰਦਿਆਂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ। ਤੁਹਾਡੀ ਸਖਸ਼ੀਅਤ ਅਣਗਿਣਤ ਗੁਣਾਂ ਦੀ ਧਾਰਨੀ ਸੀ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਡੈਡੀ, ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਨੂੰਹ ਬਣਾ ਕੇ ਲਿਆਏ ਸੀ ਪਰ ਧੀਆਂ ਤੋਂ ਵੱਧ ਕੇ ਪਿਆਰ ਦਿੱਤਾ। ਮੈਂ ਦਿਲੋਂ ਇਹ ਅਰਦਾਸ ਕਰਦੀ ਹਾਂ ਕਿ ਤੁਹਾਡੇ ਅਨੇਕਾਂ ਗੁਣਾਂ ਵਿਚੋਂ ਕੁਝ ਗੁਣ ਵਾਹਿਗੁਰੂ ਸੁਖਬੀਰ ਜੀ ਨੂੰ , ਮੈਨੂੰ ਤੇ ਤੁਹਾਡੇ ਪੋਤਰੇ, ਪੋਤਰੀਆਂ ਨੂੰ ਬਖ਼ਸ਼ ਦੇਵੇ ਤਾਂ ਕਿ ਦੁਨੀਆ ‘ਤੇ ਜੋ ਪਿਆਰ ਕਮਾ ਕੇ ਤੁਸੀਂ ਸਾਡੀ ਝੋਲੀ ਪਾ ਕੇ ਗਏ ਹੋ ਅਸੀਂ ਸਾਰੇ ਉਸਨੂੰ ਸਦਾ ਲਈ ਸੰਭਾਲ ਸਕੀਏ। ਮੇਰਾ ਮੰਨਣਾ ਹੈ ਕਿ ਤੁਸੀਂ ਰੱਬ ਦੇ ਬਹੁਤ ਨੇੜ੍ਹੇ ਹੋ, ਤੁਸੀਂ ਓਥੋਂ ਸਾਨੂੰ ਰਾਹ ਦਿਖਾਉਂਦੇ ਰਹਿਣਾ, ਸਾਡਾ ਮਾਰਗ ਦਰਸ਼ਨ ਕਰਦੇ ਰਹਿਣਾ ਤੇ ਸਾਨੂੰ ਸੁਮੱਤ ਤੇ ਅਸ਼ੀਰਵਾਦ ਬਖ਼ਸ਼ਦੇ ਰਹਿਣਾ। ਅਸੀਂ ਸਾਰੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੇ ਜੀਵਨ ਸਿਧਾਂਤਾਂ ‘ਤੇ ਚਲਦੇ ਹੋਏ ਅਸੀਂ ਉਸ ਹਰ ਸੁਪਨੇ ਨੂੰ ਪੂਰਾ ਕਰਨ ਲਈ ਡੱਟ ਕੇ ਮਿਹਨਤ ਕਰਾਂਗੇ ਜੋ ਤੁਸੀਂ ਪੰਜਾਬ ਤੇ ਪੰਜਾਬੀਆਂ ਲਈ ਦੇਖਦੇ ਸੀ।

ਤੁਹਾਡੀ ਨਿੱਘੀ ਪਿਆਰੀ ਯਾਦ ਵਿੱਚ ਤੁਹਾਡੀ ਬੇਟੀ,
ਹਰਸਿਮਰਤ ਕੌਰ ਬਾਦਲ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!