ਪੰਜਾਬ

ਯੂਥ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਅਤੇ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਗਟ

ਭਾਜਪਾ ਦੇ ਇਸ਼ਾਰਿਆਂ ’ਤੇ ਨੱਚ ਰਹੀ  ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵੇਗਾ ਯੂਥ ਅਕਾਲੀ ਦਲ : ਪਰਮਬੰਸ ਸਿੰਘ ਬੰਟੀ ਰੋਮਾਣਾ
– ਕਾਂਗਰਸ ਸਰਕਾਰ ਪੰਜਾਬ ਵਿੱਚ ਗਾਇਕਾਂ, ਲੇਖਕਾਂ, ਕਿਸਾਨਾਂ ਤੇ ਨੌਜਵਾਨਾਂ ਵਿਰੁੱਧ ਪਰਚੇ ਦਰਜ ਕਰਨਾ ਬੰਦ ਕਰੇ : ਪਰਵਿੰਦਰ ਸੋਹਾਣਾ
ਐਸ.ਏ.ਐਸ. ਨਗਰ, 9 ਜਨਵਰੀ ( ): ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਕੇਂਦਰ ਵਿਚਲੀ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਅੱਜ ਯੂਥ ਅਕਾਲੀ ਦਲ ਦੇ ਸੱਦੇ ’ਤੇ ਜਿੱਥੇ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਹੀ ਪਰਮਬੰਸ ਸਿੰਘ ਬੰਟੀ ਰੋਮਾਣਾ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ ਵਿੱਚ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਵੀ ਫੂਕੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ  ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅੱਜ ਦਾ ਸੰਘਰਸ਼ ਤਿੰਨ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ ਹੈ। ਮੋਦੀ ਸਰਕਾਰ ਵੱਲੋਂ ਖੇਤੀ ਨੂੰ ਲੈ ਕੇ ਬਣਾਏ ਗਏ ਕਿਸਾਨ ਵਿਰੋਧੀ ਕਾਲ਼ੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਬਿਆਨ ਦੇ ਚੁੱਕੇ ਹਨ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਕੈਪਟਨ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੀ ਡਰਾਮੇਬਾਜ਼ੀ ਕਰ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਦੇ ਇਸ਼ਾਰੇ ਉਤੇ ਕੈਪਟਨ ਸਰਕਾਰ ਇਸ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੇ ਗੀਤਾਂ ਰਾਹੀਂ ਜਾਂ ਲੇਖਣੀਆਂ ਰਾਹੀਂ ਕਿਸਾਨੀ ਦੀ ਹਾਲਤ ਬਿਆਨ ਕਰਦੇ ਗਾਇਕਾਂ ਅਤੇ ਲੇਖਕਾਂ ਨੂੰ ਕਦੇ ਈ.ਡੀ. ਰਾਹੀਂ ਅਤੇ ਜਾਂ ਫਿਰ ਆਮਦਨ ਕਰ ਵਿਭਾਗ ਰਾਹੀਂ ਪ੍ਰੇਸ਼ਾਨ ਕਰਵਾ ਰਹੀ ਹੈ। ਗਾਇਕਾਂ ਦੇ ਗੀਤਾਂ ਨੂੰ ਭੜਕਾਊ ਗੀਤ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਵਿੱਚ ਕੁੱਦ ਚੁੱਕੇ ਕਿਸਾਨਾਂ ਅਤੇ ਨੌਜਵਾਨਾਂ ਉਤੇ ਕਦੇ ਧਾਰਾ 307 ਤਹਿਤ ਪੁਲੀਸ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਜਾਂ ਫਿਰ ਦੇਸ਼ ਧਰੋਹ ਦੇ ਪਰਚੇ ਦਰਜ ਕਰ ਕੇ ਕਿਸਾਨੀ ਸੰਘਰਸ਼ ਨੂੰ ਕੁਚਲਣ ਦਾ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਫਰੈਂਡਲੀ ਮੈਚ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੂੰਬੜ ਚਾਲਾਂ ਦਾ ਯੂਥ ਅਕਾਲੀ ਦਲ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।
ਯੂਥ ਅਕਾਲੀ ਦਲ ਦੇ ਮੋਹਾਲੀ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਨੇ ਲੋਕਤੰਤਰਿਕ ਢੰਗ ਨਾਲ ਚੱਲ ਰਹੇ ਕਿਸਾਨ ਅੰਦੋਲਨ ਨੂੰ ਬਿਖੇਰਨ ਲਈ ਆਪਣੀਆਂ ਲੂੰਬੜ ਚਾਲਾਂ ਬੰਦ ਨਾ ਕੀਤੀਆਂ ਅਤੇ ਗਾਇਕਾਂ, ਲੇਖਕਾਂ, ਕਿਸਾਨਾਂ ਜਾਂ ਨੌਜਵਾਨਾਂ ਖਿਲਾਫ਼ ਝੂਠੇ ਪਰਚੇ ਕਰਨੇ ਬੰਦ ਨਾ ਕੀਤੇ ਤਾਂ ਦੋਵੇਂ ਸਰਕਾਰਾਂ ਖਿਲਾਫ਼ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਮਨਜੀਤ ਸਿੰਘ ਮਲਕਪੁਰ ਪ੍ਰਧਾਨ ਯੂਥ ਅਕਾਲੀ ਦਲ (ਦਿਹਾਤੀ), ਸਰਬਜੀਤ ਸਿੰਘ ਕਾਦੀਮਾਜਰਾ, ਰਵਿੰਦਰ ਸਿੰਘ ਖੇੜਾ, ਐਸ.ਜੀ.ਪੀ.ਸੀ. ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸੁਰਿੰਦਰ ਸਿੰਘ ਰੋਡਾ, ਕੁਲਦੀਪ ਕੌਰ ਕੰਗ, ਟਿਮੀ ਪੂਨੀਆਂ, ਮਲਕੀਤ ਸਿੰਘ ਜ਼ੀਰਕਪੁਰ, ਮਨਪ੍ਰੀਤ ਸਿੰਘ ਵਿਰਕ, ਹਰਦਮ ਜਾਸਤਨਾ, ਗੁਰਜੀਤਸਿੰਘ ਹਿਮਾਂਯੂਪੁਰ, ਲਖਵੀਰ ਤਸਿੰਬਲੀ, ਅਮਨ ਪੂਨੀਆਂ, ਕੁਲਸ਼ਿੰਦਰ ਸਿੰਘ ਸੋਹਾਣਾ, ਹਰਮਿੰਦਰ ਸਿੰਘ ਨੰਬਰਦਾਰ, ਸਤਨਾਮ ਸਿੰਘ ਲਾਂਡਰਾਂ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!