ਕਾਂਗਰਸ ਪਾਰਟੀ ਨੇ ਕਾਂਗਰਸ ਭਵਨ ਤੋਂ ਅਮਰ ਜਵਾਨ ਸਮਾਰਕ ਤੱਕ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੀਤਾ ਪੈਦਲ ਮਾਰਚ

ਸ਼ਹਾਦਤ ਦੇਣ ਵਾਲੇ 57 ਕਿਸਾਨਾਂ ਦੀ ਯਾਦ ਵਿਚ ਰੱਖੇ ਦੀਵੇ
ਕੇਂਦਰ ਸਰਕਾਰ ਦੀ ਅੰਤਰਆਤਮਾ ਨੂੰ ਝਿੰਜੋੜਣਾ ਉਦੇਸ਼ ਸੁਨੀਲ ਜਾਖੜ
ਚੰਡੀਗੜ, 5 ਜਨਵਰੀ
ਕਿਸਾਨ ਅੰਦੋਲਣ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ 57 ਕਿਸਾਨਾਂ ਦੀ ਹੂਕ ਕੇਂਦਰ ਸਰਕਾਰ ਦੇ ਬਹਿਰੇ ਕੰਨਾਂ ਤੱਕ ਪੁੱਜਦਾ ਕਰਨ ਲਈ ਅੱਜ ਪੰਜਾਬ ਕਾਂਗਰਸ ਦੇ ਅਹੁਦੇਦਾਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਕਾਂਗਰਸ ਭਵਨ ਤੋਂ ਅਮਰ ਜਵਾਨ ਸਮਾਰਕ ਚੰਡੀਗੜ ਤੱਕ ਪੈਦਲ ਮਾਰਚ ਕਰਕੇ ਉਥੇ 57 ਬੁਝੇ ਹੋਏ ਦੀਵੇ ਰੱਖੇ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇੰਨਾਂ ਪਰਿਵਾਰਾਂ ਦੇ 57 ਜੀਅ ਇਸ ਦੁਨੀਆਂ ਤੋਂ ਚਲੇ ਗਏ ਹਨ। ਉਨਾਂ ਨੇ ਕਿਹਾ ਕਿ ਅਮਰ ਜਵਾਨ ਸਮਾਰਕ ਦੇਸ਼ ਲਈ ਕੁਰਬਾਨੀ ਦੇਣ ਵਾਲੇ ਜਵਾਨਾਂ ਦਾ ਸਮਾਰਕ ਹੈ ਪਰ ਕਿਸਾਨ ਅੰਦੋਲਣ ਵਿਚ ਉਨਾਂ ਜਵਾਨਾਂ ਦੇ ਮਾਪਿਆਂ ਨੇ ਕੁਰਬਾਨੀ ਕੀਤੀ ਹੈ ਅਤੇ ਇਹ ਕੁਰਬਾਨੀ ਦੇਸ਼ ਦੇ ਵੱਢੇਰੇ ਹਿੱਤਾਂ ਲਈ ਦਿੱਤੀ ਹੈ। ਉਨਾਂ ਨੇ ਕਿਹਾ ਕਿ ਇਹ ਸਮਾਰਕ ਜਿੰਨਾ ਜਵਾਨਾਂ ਦੀ ਯਾਦ ਵਿਚ ਬਣਾਇਆ ਗਿਆ ਹੈ ਉਨਾਂ ਨੇ ਤਾਂ ਦੁਸ਼ਮਣ ਨਾਲ ਲੜਦਿਆਂ ਆਪਣੀ ਕੁਰਬਾਨੀ ਦਿੱਤੀ ਸੀ ਪਰ ਜਿੰਨਾਂ 57 ਕਿਸਾਨਾਂ ਦੀ ਸ਼ਹਾਦਤ ਹੋਈ ਹੈ ਉਹ ਜਾਨਾਂ ਤਾਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਲਈਆਂ ਹਨ। ਇਸ ਲਈ ਉਨਾਂ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਸਮਾਰਕ ਵਿਖੇ ਦੀਵੇ ਰੱਖੇ ਗਏ ਹਨ ਤਾਂ ਜੋ ਕੇਂਦਰ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ ਜਾ ਸਕੇ।
ਜਾਖੜ ਨੇ ਆਸ ਪ੍ਰਗਟਾਈ ਕੇ ਕੇਂਦਰ ਸਰਕਾਰ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਵਾਜ ਸੁਣੇਗੀ ਅਤੇ ਅੱਜ ਉਨਾਂ ਵੱਲੋਂ ਸ਼ਹੀਦ ਸਮਾਰਕ ਤੇ ਰੱਖੇ ਦੀਵੇ ਕੇਂਦਰ ਸਰਕਾਰ ਦੀ ਅੰਤਰ ਆਤਮਾ ਨੂੰ ਝਿੰਜੋੜਨਗੇ। ਉਨਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਬਿਨਾਂ ਦੇਰੀ ਆਪਣੇ ਕਾਲੇ ਕਾਨੂੰਨ ਵਾਪਿਸ ਲਵੇ।
ਜਦ ਉਨਾਂ ਨੂੰ ਕਿਸਾਨਾਂ ਨਾਲ ਸਰਕਾਰ ਦੀ ਗਲਬਾਤ ਬਾਰੇ ਪੁੱਛਿਆ ਤਾਂ ਉਨਾਂ ਨੇ ਕਿਹਾ ਕਿ ਗਲਬਾਤ ਦੀ ਸਫਲਤਾ ਤਾਂਹੀਂ ਸੰਭਵ ਹੈ ਜੇਕਰ ਸਰਕਾਰ ਸਾਫ ਨੀਅਤ ਨਾਲ ਅੱਗੇ ਆਏ। ਉਨਾਂ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ ਅਤੇ ਉਹ ਜਾਣਬੁਝ ਦੇ ਮਾਮਲੇ ਨੂੰ ਲਟਕਾ ਰਹੀ ਹੈ ਅਤੇ ਸਾਇਦ ਸਰਕਾਰ ਸਮਝਦੀ ਹੈ ਕਿ ਕਿਸਾਨ ਥੱਕ ਹਾਰ ਕੇ ਵਾਪਿਸ ਮੁੜ ਜਾਣਗੇ। ਪਰ ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਕਦੇ ਵੀ ਮੋਰਚੇ ਤੋਂ ਖਾਲੀ ਹੱਥ ਨਹੀਂ ਮੁੜਦੇ। ਇਸ ਲਈ ਸਰਕਾਰ ਆਪਣੀ ਜਿੱਦ ਛੱਡੇ ਅਤੇ ਆਪਣੇ ਲੋਕਾਂ ਦੀ ਅਵਾਜ ਸੁਣ ਕੇ ਤੁਰੰਤ ਕਾਲੇ ਕਾਨੂੰਨ ਵਾਪਿਸ ਲੈ ਲਵੇ।