ਪੰਜਾਬ

ਕਿਸਾਨੀ ਹਿੱਤਾਂ ਨਾਲ ਕੀਤੀ ਗਈ ਗਦਾਰੀ ਕਾਰਨ ਪੰਜਾਬ ਦੇ ਲੋਕ ਬਾਦਲ ਪਰਿਵਾਰ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ-ਬਲਬੀਰ ਸਿੱਧੂ

‘ਬਾਦਲ ਪਰਿਵਾਰ ਪੰਥ ਅਤੇ ਪੰਜਾਬ ਉੱਤੇ ਚੜੀ ਅਮਰ ਵੇਲ ਹੈ’
ਚੰਡੀਗੜ, 5 ਦਸੰਬਰ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ‘ਬਾਦਲ ਪਰਿਵਾਰ’ ਵਲੋਂ ਪੰਜਾਬੀਆਂ ਖਾਸ ਕਰ ਕੇ ਕਿਸਾਨਾਂ ਦੇ ਹਿੱਤਾਂ ਨਾਲ ਕੀਤੀ ਗਈ ਨੰਗੀ ਚਿੱਟੀ ਗਦਾਰੀ ਕਾਰਨ ਪੰਜਾਬ ਦੇ ਲੋਕ ਇਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਸਿਰਫ਼ ਆਪਣੀ ਕੁਰਸੀ ਬਚਾਉਣ ਲਈ ਕਿਸਾਨੀ ਅਤੇ ਪੰਜਾਬ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਦੀ ਪਹਿਲਾਂ ਮੰਤਰੀ ਮੰਡਲ ਵਿਚ ਹਿਮਾਇਤ ਕੀਤੀ ਅਤੇ ਫਿਰ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੇ ਬਾਦਲ ਪਰਿਵਾਰ ਨੇ ਲਗਾਤਾਰ ਚਾਰ ਮਹੀਨੇ ਇਹਨਾਂ ਦੇ ਹੱਕ ਵਿਚ ਧੂਆਂਧਾਰ ਪ੍ਰਚਾਰ ਕੀਤਾ। ਬਾਦਲ ਪਰਿਵਾਰ ਨੇ ਇਥੋਂ ਤੱਕ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਉਹਨਾਂ ਦਾ ਨੁਕਸਾਨ ਕਰ ਰਹੇ ਹਨ ਕਿਉਂਕਿ ਇਹ ਖੇਤੀ ਕਾਨੂੰਨ ਲਾਗੂ ਹੋਣ ਨਾਲ ਉਹਨਾਂ ਦਾ ਬਹੁਤ ਵੱਡਾ ਭਲਾ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ‘ਬਾਦਲ ਪਰਿਵਾਰ’ ਨੇ ਇਹਨਾਂ ਕਾਨੂੰਨਾਂ ਦਾ ਵਿਰੋਧ ਸਿਰਫ਼ ਉਸ ਸਮੇਂ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਕਿਸੇ ਵੀ ਜੀਅ ਨੂੰ ਘਰੋਂ ਨਹੀਂ ਨਿਕਲਣ ਦੇਣਾ।
ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ ਸਸਤੀ ਸ਼ੁਹਰਤ ਖੱਟਣ ਲਈ ‘ਪਦਮ ਵਿਭੂਸ਼ਣ’ ਪੁਰਸਕਾਰ ਵਾਪਸ ਕਰਨ ਦੇ ਐਲਾਨ ਦਾ ਕੋਈ ਮਾਇਨਾ ਨਹੀਂ ਹੈ ਕਿਉਂਕਿ ਇਹ ਕਾਰਵਾਈ ਰੋਗੀ ਨੂੰ ਮੌਤ ਤੋਂ ਬਾਅਦ ਦਿੱਤੀ ਜਾਣ ਵਾਲੀ ਦਵਾਈ ਦੇਣ ਵਾਂਗ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਪੁਰਸਕਾਰ ਵੀ ਕੇਂਦਰ ਸਰਕਾਰ ਵਲੋਂ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਦਲੇ ਪੰਜਾਬ ਦੇ ਹਿੱਤਾਂ ਨੂੰ ਮੋਦੀ ਸਰਕਾਰ ਕੋਲ ਗਹਿਣੇ ਰੱਖ ਦੇਣ ਕਾਰਨ ਹੀ ਦਿੱਤਾ ਗਿਆ ਸੀ।
ਸਿਹਤ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਵੇਲੇ ਦਿੱਤੇ ਗਏ ਪੰਥ ਰਤਨ ਫਖ਼ਰ-ਇ-ਕੌਮ ਦਾ ਪੁਰਸਕਾਰ ਵਾਪਸ ਲੈ ਲੈਣਾ ਚਾਹੀਦਾ ਹੈ ਕਿਉਂਕਿ ਇਹ ਵਿਅਕਤੀ ਪਿਛਲੇ ਦੋ ਦਹਾਕਿਆਂ ਤੋਂ ਪੰਥ ਅਤੇ ਪੰਥਕ ਸੰਸਥਾਵਾਂ ਉੱਤੇ ਅਮਰ ਵੇਲ ਬਣ ਕੇ ਛਾਇਆ ਹੋਇਆ ਹੈ। ਅਮਰ ਵੇਲ ਦੀ ਤਰਾਂ ‘ਬਾਦਲ ਪਰਿਵਾਰ’ ਨੇ ਆਪਣੀ ਦੌਲਤ ਤਾਂ ਹਜ਼ਾਰਾਂ ਗੁਣਾ ਵਧਾ ਲਈ ਹੈ ਪਰ ਪੰਥ ਅਤੇ ਪੰਜਾਬ ਵਿਚ ਸੋਕੇ ਦਾ ਸ਼ਿਕਾਰ ਹੋ ਗਿਆ  ਹੈ।
ਸਿੱਧੂ ਨੇ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ  ਧਾਰਾ  370 ਖਤਮ ਕਰਨ, ਰਾਜ ਦਾ ਦਰਜਾ ਖਤਮ ਕਰ ਕੇ ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾੳਣ ਅਤੇ ਨਾਗਿਰਕਤਾ ਸੋਧ ਕਾਨੂੰਨ ਪਾਸ ਕਰਨ ਸਮੇਂ ਹੀ ਅਕਾਲੀ ਦਲ ਨੇ ਸੂਬਿਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਉੱਤੇ ਛਾਪਾ ਮਾਰਨ ਵਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਹੁੰਦਾ ਤਾਂ ਮੋਦੀ ਸਰਕਾਰ ਨੂੰ ਖੇਤੀ ਸਬੰਧੀ ਕਾਲੇ ਕਾਨੂੰਨ ਲਿਆਉਣ ਦੀ ਜੁਰੱਅਤ ਨਹੀਂ ਸੀ ਪੈਣੀ।
ਸਿਹਤ ਮੰਤਰੀ ਨੇ ਕਿਹਾ ਕਿ ਜਿਹੜੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਕਿਸਾਨਾਂ ਨੂੰ ਬੜਾ ਸਖ਼ਤ ਅਤੇ ਲੰਬਾ ਸੰਘਰਸ਼ ਲੜਣਾ ਪੈ ਰਿਹਾ ਹੈ ਉਹਨਾਂ ਨੂੰ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੀ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ ਇਹ ਗੱਲ ਪੰਜਾਬ ਦੇ ਬੱਚੇ ਬੱਚੇ ਨੂੰ ਸਪਸ਼ਟ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਉੱਤੇ ਕਾਬਜ਼ ‘ਬਾਦਲ ਪਰਿਵਾਰ’ ਨੂੰ ਹੁਣ ਕੋਈ ਮੂੰਹ ਲਾਉਣ ਨੂੰ ਤਿਆਰ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!