ਪੰਜਾਬ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

– 1 ਮਾਰਚ ਤੋਂ 4 ਮਈ ਤੱਕ 609.38 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਸ਼ਰਾਬ, ਨਕਦੀ, ਕੀਮਤੀ ਵਸਤੂਆਂ ਅਤੇ ਹੋਰ ਸਮਾਨ ਕੀਤਾ ਗਿਆ ਜ਼ਬਤ
– ਮੁੱਖ ਚੋਣ ਅਧਿਕਾਰੀ ਨੇ ਪੰਜਾਬ ‘ਚ  ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ
ਚੰਡੀਗੜ੍ਹ, 4 ਮਈ:
   ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਇਨਫੋਰਸਮੈਂਟ ਏਜੰਸੀਆਂ ਵੱਲੋਂ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ 1 ਮਾਰਚ ਤੋਂ 4 ਮਈ ਤੱਕ 609.38 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ, ਕੀਮਤੀ ਵਸਤਾਂ, ਅਤੇ ਹੋਰ ਵਸਤੂਆਂ ਨੂੰ ਜ਼ਬਤ ਕੀਤਾ ਗਿਆ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 1 ਮਾਰਚ ਤੋਂ 4 ਮਈ ਤੱਕ ਜ਼ਬਤੀ ਵਿੱਚ 11.2 ਕਰੋੜ ਰੁਪਏ ਦੀ ਨਕਦੀ, 18 ਕਰੋੜ ਰੁਪਏ ਦੀ ਕੀਮਤ ਵਾਲੀ 27.95 ਲੱਖ ਲੀਟਰ ਸ਼ਰਾਬ, 563.53 ਕਰੋੜ ਦੀ ਕੀਮਤ ਵਾਲੇ ਨਸ਼ੀਲੇ ਪਦਾਰਥ, 14.94 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਅਤੇ 1.69 ਕਰੋੜ ਰੁਪਏ ਦੀ ਕੀਮਤ ਵਾਲਾ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ, ਜਿਸ ਦੀ ਕੁੱਲ ਕੀਮਤ 609.38 ਕਰੋੜ ਰੁਪਏ ਬਣਦੀ ਹੈ। ਜ਼ਬਤੀ ਦੇ ਮਾਮਲੇ ਵਿੱਚ ਪੰਜਾਬ ਰਾਸ਼ਟਰੀ ਪੱਧਰ ‘ਤੇ ਚੌਥੇ ਸਥਾਨ ‘ਤੇ ਹੈ, ਜਦਕਿ ਤਾਮਿਲਨਾਡੂ, ਗੁਜਰਾਤ ਅਤੇ ਰਾਜਸਥਾਨ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਹਨ।
  ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ 24 ਇਨਫੋਰਸਮੈਂਟ ਏਜੰਸੀਆਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਅਤੇ 16 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਲੈ ਕੇ 4 ਮਈ ਤੱਕ, ਸਾਰੀਆਂ ਏਜੰਸੀਆਂ ਵੱਲੋਂ ਕੁੱਲ 514.81 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਸਭ ਤੋਂ ਵੱਧ 404.2 ਕਰੋੜ ਰੁਪਏ ਦੀ ਜ਼ਬਤੀ ਕੀਤੀ ਹੈ। ਇਸੇ ਤਰ੍ਹਾਂ ਬੀਐੱਸਐਫ ਨੇ 23 ਕਰੋੜ ਰੁਪਏ, ਆਮਦਨ ਕਰ ਵਿਭਾਗ ਨੇ 9.28 ਕਰੋੜ ਰੁਪਏ, ਸੂਬੇ ਦੇ ਆਬਕਾਰੀ ਵਿਭਾਗ ਨੇ 8.29 ਕਰੋੜ ਰੁਪਏ, ਸੂਬੇ ਦੇ ਵਸਤੂ ਅਤੇ ਸੇਵਾਵਾਂ ਕਰ ਵਿਭਾਗ ਨੇ 5 ਕਰੋੜ ਰੁਪਏ, ਕਸਟਮ ਵਿਭਾਗ ਨੇ 4.37 ਕਰੋੜ ਰੁਪਏ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ 2.54 ਕਰੋੜ ਰੁਪਏ ਦੀ ਜ਼ਬਤੀ ਕੀਤੀ ਹੈ।
 ਜ਼ਬਤੀ ਦੇ ਮਾਮਲਿਆਂ ਵਿੱਚ ਜ਼ਿਲ੍ਹਿਆਂ ‘ਚੋਂ ਜਲੰਧਰ 141.25 ਕਰੋੜ ਰੁਪਏ ਦੀ ਕੁੱਲ ਜ਼ਬਤੀ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ। ਇਸੇ ਤਰ੍ਹਾਂ 93.96 ਕਰੋੜ ਰੁਪਏ ਦੀ ਜ਼ਬਤੀ ਨਾਲ ਅੰਮ੍ਰਿਤਸਰ ਦੂਜੇ ਨੰਬਰ ‘ਤੇ ਹੈ ਜਦਕਿ ਤਰਨਤਾਰਨ ਵਿੱਚੋਂ 59.55 ਕਰੋੜ ਰੁਪਏ, ਫ਼ਿਰੋਜ਼ਪੁਰ ਵਿੱਚੋਂ 54.58 ਕਰੋੜ ਰੁਪਏ ਅਤੇ ਫਾਜ਼ਿਲਕਾ ਵਿੱਚੋਂ 42.1 ਕਰੋੜ ਰੁਪਏ ਦੀਆਂ ਬਰਮਾਦਗੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਲੁਧਿਆਣਾ ‘ਚ 27.86 ਕਰੋੜ ਰੁਪਏ, ਪਠਾਨਕੋਟ ‘ਚ 21.4 ਕਰੋੜ ਰੁਪਏ, ਸੰਗਰੂਰ ‘ਚ 11.7 ਕਰੋੜ ਰੁਪਏ, ਗੁਰਦਾਸਪੁਰ ‘ਚ 10.75 ਕਰੋੜ ਰੁਪਏ, ਪਟਿਆਲਾ ‘ਚ 7.29 ਕਰੋੜ ਰੁਪਏ, ਬਰਨਾਲਾ ‘ਚ 7.2 ਕਰੋੜ ਰੁਪਏ ਅਤੇ ਮੋਗਾ ‘ਚ 6.73 ਕਰੋੜ ਰੁਪਏ ਦੀਆਂ ਜ਼ਬਤੀਆਂ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਕਪੂਰਥਲਾ ਵਿੱਚ 6.41 ਕਰੋੜ ਰੁਪਏ, ਹੁਸ਼ਿਆਰਪੁਰ ਵਿੱਚ 5.01 ਕਰੋੜ ਰੁਪਏ, ਬਠਿੰਡਾ ਵਿੱਚ 4.31 ਕਰੋੜ ਰੁਪਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 4.63 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਵਿੱਚ 1.75 ਕਰੋੜ ਰੁਪਏ, ਰੂਪਨਗਰ ਵਿੱਚ 1.7 ਕਰੋੜ ਰੁਪਏ, ਮਾਨਸਾ ਵਿੱਚ 1.5 ਕਰੋੜ ਰੁਪਏ, ਸ਼ਹੀਦ ਭਗਤ ਸਿੰਘ ਨਗਰ ਵਿੱਚ 1.15  ਕਰੋੜ ਰੁਪਏ, ਮਲੇਰਕੋਟਲਾ ਵਿੱਚ 2.07 ਕਰੋੜ ਰੁਪਏ, ਫਰੀਦਕੋਟ ਵਿੱਚ 1.29 ਕਰੋੜ ਰੁਪਏ ਅਤੇ ਫਤਿਹਗੜ੍ਹ ਸਾਹਿਬ 64.2 ਲੱਖ ਰੁਪਏ ਦੀਆਂ ਜ਼ਬਤੀਆਂ ਕੀਤੀਆਂ ਗਈਆਂ ਹਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਅਮਲਾ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ । ਉਨ੍ਹਾਂ ਨੇ ਚੋਣ ਪ੍ਰਕਿਰਿਆ ਦੌਰਾਨ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰ ਰਹੀਆਂ ਏਜੰਸੀਆਂ ਦੀ ਸ਼ਲਾਘਾ ਕੀਤੀ ਅਤੇ ਲੋਕਤੰਤਰੀ ਸਿਧਾਂਤਾਂ ਤੇ ਵੋਟਰਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਹਰ ਸੰਭਵ ਕਦਮ ਚੁੱਕਣ ਦੀ ਵਚਨਬੱਧਤਾ ਨੂੰ ਦੁਹਰਾਇਆ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!