ਪੰਜਾਬ

*ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਐਨਰਜੀ ਐਕਸ਼ਨ ਪਲਾਨ ਤਿਆਰ ਕਰੇਗੀ ਪੰਜਾਬ ਸਰਕਾਰ*

*ਪੇਡਾ ਨੇ ਪੰਜਾਬ ਵਿੱਚ 2500 ਮੈਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਦਾ ਟੀਚਾ ਮਿੱਥਿਆ: ਸੁਮੀਤ ਜਾਰੰਗਲ*

ਚੰਡੀਗੜ੍ਹ, 21 ਅਕਤੂਬਰ:
ਕੁਦਰਤੀ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਜਲਦ ਹੀ ਇੱਕ ਐਨਰਜੀ ਐਕਸ਼ਨ ਪਲਾਨ ਲਿਆਂਦਾ ਜਾ ਰਿਹਾ ਹੈ ਜੋ ਨਵੀਂ ਅਤੇ ਨਵੀਨਤਮ ਊਰਜਾ ਤਕਨੀਕਾਂ ਨੂੰ ਅਪਣਾ ਕੇ ਗ੍ਰੀਨ ਹਾਊਸ ਗੈਸਾਂ (ਜੀ.ਐਚ.ਜੀ.) ਦੇ ਨਿਕਾਸ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਹ ਜਾਣਕਾਰੀ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਮੁੱਖ ਕਾਰਜਕਾਰੀ ਸ੍ਰੀ ਸੁਮੀਤ ਜਾਰੰਗਲ ਨੇ ਦਿੱਤੀ। ਉਹ ਇੱਥੇ ਸਟੇਟ ਐਨਰਜੀ ਐਕਸ਼ਨ ਪਲਾਨ ਲਈ ਟਰੇਨਿੰਗ ਨੀਡਜ਼ ਅਸੈਸਮੈਂਟ (ਟੀ.ਐਨ.ਏ.) ‘ਤੇ ਸਮਰੱਥਾ ਨਿਰਮਾਣ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ।
ਜਾਰੰਗਲ ਨੇ ਦੱਸਿਆ ਕਿ ਪੇਡਾ ਸੂਬੇ ਵਿੱਚ 2500 ਮੈਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਦੇ ਟੀਚੇ ਨੂੰ ਸਰ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ ਅਤੇ ਐਨਰਜੀ ਐਕਸ਼ਨ ਪਲਾਨ ਸੂਬਾ ਪੱਧਰ ‘ਤੇ ਸਾਰੇ ਭਾਈਵਾਲ ਵਿਭਾਗਾਂ ਨੂੰ ਉਨ੍ਹਾਂ ਦੇ ਅਦਾਰਿਆਂ ਵਿੱਚ ਊਰਜਾ ਕੁਸ਼ਲਤਾ ਅਤੇ ਨਵਿਆਉਣਯੋਗ ਊਰਜਾ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਵੱਖ-ਵੱਖ ਵਿਭਾਗ, ਜੋ ਕਿ ਹੁਣ ਤੱਕ ਸਿਰਫ਼ ਊਰਜਾ ਦੀ ਖਪਤ ਕਰਨ ਤੱਕ ਹੀ ਸੀਮਤ ਸਨ, ਹੁਣ ਊਰਜਾ ਤਬਦੀਲੀ ਅਤੇ ਭਵਿੱਖ ਦੀਆਂ ਊਰਜਾ ਪ੍ਰਣਾਲੀਆਂ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਕਿਉਂਕਿ ਪੰਜਾਬ ਸਾਫ਼-ਸੁਥਰੇ ਅਤੇ ਹਰੇ-ਭਰੇ ਵਾਤਾਵਰਨ ਲਈ ਊਰਜਾ ਤਬਦੀਲੀ ਵੱਲ ਵੱਧ ਰਿਹਾ ਹੈ।
ਮੁੱਖ ਕਾਰਜਕਾਰੀ ਅਫ਼ਸਰ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਨੀਤੀ ਘੜਨ ਲਈ ਵਿਚਾਰ-ਵਟਾਂਦਰਾ ਕਰਨਾ ਅਤੇ ਭਾਈਵਾਲ ਵਿਭਾਗਾਂ ਦੇ ਵੱਡਮੁੱਲੇ ਸੁਝਾਅ ਪ੍ਰਾਪਤ ਕਰਨਾ ਸੀ। ਉਹਨਾਂ ਅੱਗੇ ਕਿਹਾ ਕਿ ਇਹ ਵਰਕਸ਼ਾਪ ਰਣਨੀਤਕ ਪੇਪਰ, ਸਿਖਲਾਈ ਦੇ ਪ੍ਰਸਤਾਵਿਤ ਢਾਂਚੇ ਅਤੇ ਸੂਬੇ ਵਿੱਚ ਸਮਰੱਥਾ ਨਿਰਮਾਣ ਲਈ ਐਕਸ਼ਨ ਪਲਾਨ ਨੂੰ ਅੰਤਿਮ ਰੂਪ ਦੇਣ ਬਾਰੇ ਵਿਆਪਕ ਵਿਚਾਰ-ਵਟਾਂਦਰਾ ਕਰਨ ਵਿੱਚ ਸਹਾਈ ਸਿੱਧ ਹੋਈ ਹੈ।
ਵਰਕਸ਼ਾਪ ਦੌਰਾਨ ਪ੍ਰਾਪਤ ਹੋਣ ਵਾਲੇ ਸੁਝਾਵਾਂ ਦੇ ਆਧਾਰ ‘ਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਲਈ ਇੱਕ ਵਿਆਪਕ ਖਾਕਾ ਵੀ ਤਿਆਰ ਕੀਤਾ ਜਾਵੇਗਾ। ਇਸ ਉਪਰੰਤ ਸਾਫ ਸੁਥਰੀ ਊਰਜਾ ਪੈਦਾ ਕਰਨ ਲਈ ਯੋਜਨਾਬੰਦੀ ਅਤੇ ਇਸਨੂੰ ਲਾਗੂ ਕਰਨ ਦੇ ਵੱਖ-ਵੱਖ ਪਹਿਲੂਆਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ, ਸਿਖਲਾਈ ਸੰਸਥਾਵਾਂ ਖੋਲ੍ਹਣ ਅਤੇ ਟ੍ਰੇਨਰਾਂ ਦਾ ਇੱਕ ਨੈੱਟਵਰਕ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਬਹੁ-ਖੇਤਰੀ ਊਰਜਾ ਯੋਜਨਾ ਲਈ ਸਰਕਾਰੀ ਵਿਭਾਗਾਂ ਅਤੇ ਅਧਿਕਾਰੀਆਂ ਦੀ ਸਿਖਲਾਈ ਲਈ ਸੰਭਾਵੀਂ ਖੇਤਰਾਂ ਦੀ ਪਛਾਣ ਕਰੇਗਾ। ਟੀਮ ਵੱਲੋਂ ਪਹਿਲਾਂ ਹੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਰਾਬਤਾ ਕਰਕੇ ਅਜਿਹੀਆਂ ਲੋੜਾਂ ਨੂੰ ਸਮਝਣ ਲਈ ਸਰਵੇਖਣ ਕੀਤਾ ਜਾ ਚੁੱਕਾ ਹੈ। ਇਸ ਸਰਵੇਖਣ ਤੋਂ ਪ੍ਰਾਪਤ ਨਤੀਜਿਆਂ ਦੇ ਆਧਾਰ ‘ਤੇ ਪੰਜਾਬ ਲਈ ‘ਟ੍ਰੇਨਿੰਗ ਐਂਡ ਕਪੈਸਿਟੀ ਨੀਡਜ਼ ਫਰੇਮਵਰਕ’ ਬਾਰੇ ਰਣਨੀਤਕ ਪੇਪਰ ਤਿਆਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜੀ.ਆਈ.ਜ਼ੈੱਡ (ਜਰਮਨ ਡਿਵੈੱਲਪਮੈਂਟ ਕੋਆਪ੍ਰੇਸ਼ਨ) ਵੱਲੋਂ ਪੰਜਾਬ ਵਿੱਚ ਯੋਜਨਾਬੰਦੀ ਅਤੇ ਸਸਟੇਨੇਬਲ ਊਰਜਾ ਪੈਦਾ ਕਰਨ ਲਈ ਨਵੀਆਂ ਭੂਮਿਕਾਵਾਂ ਨਿਭਾਉਣ ਲਈ ਵਿਭਾਗਾਂ ਦੀਆਂ ਤਿਆਰੀਆਂ ਨੂੰ ਸਮਝਣ ਦੇ ਨਾਲ-ਨਾਲ ਜਾਣਕਾਰੀ/ਹੁਨਰ ਬਾਰੇ ਜਾਣਨ/ਮੁਲਾਂਕਣ ਕਰਨ ਲਈ ਆਪਣੇ ਭਾਈਵਾਲ ਡੇਲੋਇਟ ਇੰਡੀਆ ਨਾਲ ਟ੍ਰੇਨਿੰਗ ਨੀਡ ਅਸੈਸਮੈਂਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।
ਇਸ ਵਰਕਸ਼ਾਪ ਦੌਰਾਨ ਜੀ.ਆਈ.ਜ਼ੈੱਡ ਦੇ ਪ੍ਰਤੀਨਿਧੀ ਨਿਧੀ ਸਰੀਨ ਤੇ  ਮਨੋਜ ਮਹਿਤਾ ਤੋਂ ਇਲਾਵਾ ਪੇਡਾ ਦੇ ਵਧੀਕ ਡਾਇਰੈਕਟਰ ਜਸਪਾਲ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!