ਪੰਜਾਬ

ਸਹਿਕਾਰਤਾ ਮੰਤਰੀ ਰੰਧਾਵਾ ਨੇ ਮਿਲਕਫੈਡ ਦੇ 11 ਸਹਾਇਕ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ


ਮਿਲਕਫੈਡ ਵੱਲੋਂ ਦੋ ਸਾਲਾਂ ਵਿੱਚ 125 ਅਫਸਰਾਂ ਦੀ ਕੀਤੀ ਗਈ ਭਰਤੀ, 540 ਤਕਨੀਕੀ ਪੋਸਟਾਂ ਦੀ ਭਰਤੀ ਦਾ ਅਮਲ ਜਾਰੀ
ਸਹਿਕਾਰਤਾ ਮੰਤਰੀ ਨੇ ਵੇਰਕਾ ਦੀ ਚਾਰ ਕਿਸਮਾਂ ਦੀ ‘ਨੈਚੁਰਲ ਫਰੂਟ ਆਈਸ ਕਰੀਮ’ ਵੀ ਲਾਂਚ ਕੀਤੀ
ਚੰਡੀਗੜ੍ਹ, 10 ਦਸੰਬਰ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ 11 ਨੌਜਵਾਨ ਉਮੀਦਵਾਰਾਂ ਨੂੰ ਮਿਲਕਫੈਡ ਵੱਲੋਂ ਉਤਪਾਦਨ, ਗੁਣਵੱਤਾ ਯਕੀਨੀ ਬਣਾਉਣ ਅਤੇ ਖਰੀਦ ਦੇ ਖੇਤਰ ਨਾਲ ਸਬੰਧਤ ਸਹਾਇਕ ਮੈਨੇਜਰਾਂ ਦੀਆਂ ਅਸਾਮੀਆਂ ਵਿਰੁੱਧ ਨਿਯੁਕਤੀ ਪੱਤਰ ਦਿੱਤੇ।  ਇਸੇ ਦੌਰਾਨ ਸ. ਰੰਧਾਵਾ ਨੇ ਵੇਰਕਾ ਦੀ ਚਾਰ ਕਿਸਮਾਂ ਦੀ ‘ਨੈਚੂਰਲ ਫਰੂਟ ਆਈਸ ਕਰੀਮ’ ਵੀ ਲਾਂਚ ਕੀਤੀ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਮਿਲਕਫੈਡ ਦਫਤਰ ਵਿਖੇ ਨਵੇਂ ਭਰਤੀ ਸਹਾਇਕ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ


ਇਥੇ ਸੈਕਟਰ 34 ਸਥਿਤ ਮਿਲਕਫੈਡ ਦੇ ਮੁੱਖ ਦਫਤਰ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੈਂਪਸ ਇੰਟਰਵਿਊ ਰਾਹੀਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀਸ ਲੁਧਿਆਣਾ ਤੋਂ 11 ਨੌਜਵਾਨ ਭਰਤੀ ਕੀਤੇ ਗਏ ਹਨ। ਇਹ ਅਧਿਕਾਰੀ ਦੋ ਸਾਲ ਟਰੇਨੀ ਵਜੋਂ ਸੇਵਾਵਾਂ ਦੇਣਗੇ ਅਤੇ ਟਰੇਨਿੰਗ ਦਾ ਸਮਾਂ ਪੂਰਾ ਹੋਣ ਦੇ ਬਾਅਦ ਇਨ੍ਹਾਂ ਅਧਿਕਾਰੀਆਂ ਨੂੰ ਸਹਾਇਕ ਮੈਨੇਜਰ ਵੱਜੋਂ ਨਿਯੁਕਤ ਕੀਤਾ ਜਾਵੇਗਾ। ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਡਿਪਟੀ ਮੈਨੇਜਰ, ਸਹਾਇਕ ਮੈਨੇਜਰ ਤੇ ਸੀਨੀਅਰ ਐਗਜ਼ੀਕਿਊਟਵ ਦੀਆਂ 125 ਅਸਾਮੀਆਂ ਉਤੇ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 540 ਤਕਨੀਕੀ ਪੋਸਟਾਂ ਦੀ ਭਰਤੀ ਦਾ ਅਮਲ ਚੱਲ ਰਿਹਾ ਹੈ।
ਸਹਿਕਾਰਤਾ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ  ਦੇ ਸਮੇਂ ਲੋਕਾਂ ਨੂੰ ਕੁਦਰਤੀ ਅਸਲ ਫਲਾਂ ਨਾਲ ਬਣੀ ਆਈਸ ਕਰੀਮ ਮੁਹੱਈਆ ਕਰਨ ਲਈ ਵੇਰਕਾ ਦੀ ਚਾਰ ਕਿਸਮਾਂ ਦੀ ‘ਨੈਚੁਰਲ ਫਰੂਟ ਆਈਸ ਕਰੀਮ’ ਲਾਂਚ ਕੀਤੀ ਗਈ ਹੈ। ਜ਼ਿਆਦਾਤਰ ਹੋਰ ਆਈਸ ਕਰੀਮ ਦੇ ਬਰਾਂਡਾਂ ਵੱਲੋਂ ਬਣਾਵਟੀ/ਸਿੰਥੈਟਿਕ ਫਰੂਟ ਫਲੇਵਰ ਵਰਤੇ ਜਾਂਦੇ ਹਨ ਜਦੋਂ ਕਿ ਇਸ ਸਮੇਂ ਵੇਰਕਾ ਵੱਲੋਂ ਸਭ ਤੋਂ ਵਧੀਆ ਨੈਚੁਰਲ ਅਸਲ ਫਲਾਂ ਦੇ ਮਿਸ਼ਰਨ ਨੂੰ ਇਸਤੇਮਾਲ ਕਰਕੇ  ਵੇਰਕਾ ਨੈਚੁਰਲ ਫਰੂਟ ਆਈਸ ਕਰੀਮ ਦੀਆਂ ਚਾਰ ਕਿਸਮਾਂ ਬਣਾਈਆਂ ਗਈਆਂ ਹਨ। ਇਹ ਆਈਸ ਕਰੀਮ 125 ਮਿਲੀਲੀਟਰ ਦੇ ਕੱਪ ਵਿੱਚ 40 ਰੁਪਏ ਦੀ ਕੀਮਤ ‘ਤੇ ਪਿੰਕ ਅਮਰੂਦ, ਸਟਰਾਅਬੇਰੀ, ਲੀਚੀ ਅਤੇ ਮੈਂਗੋ ਫਲੇਵਰ ਵਿੱਚ ਮਾਰਕੀਟ ਵਿੱਚ ਉਪਲਬੱਧ ਹੋਵੇਗੀ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਮਿਲਕਫੈਡ ਦਫਤਰ ਵਿਖੇ ਵੇਰਕਾ ਦੀ ਚਾਰ ਕਿਸਮਾਂ ਦੀ ‘ਨੈਚੂਰਲ ਫਰੂਟ ਆਈਸ ਕਰੀਮ’ ਲਾਂਚ ਕਰਦੇ ਹੋਏ


ਸ. ਰੰਧਾਵਾ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪੂਰਾ ਦੇਸ਼ ਮੰਦੀ ਦੀ ਮਾਰ ਝੱਲ ਰਿਹਾ ਹੈ ਤਾਂ ਸੂਬੇ ਦੀ ਅਗਾਂਹਵਧੂ ਸਹਿਕਾਰੀ ਸੰਸਥਾ ਮਿਲਕਫੈਡ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਿਆਂ ਨਵੀਆਂ ਸਿਖਰਾਂ ਨੂੰ ਛੂਹਿਆ ਅਤੇ ਆਪਣੀ ਸਮਰੱਥਾ ਨੂੰ ਵਧਾਉਂਦਿਆਂ ਨਵੇਂ ਪ੍ਰਾਜੈਕਟਾਂ ਨੂੰ ਨੇਪਰੇ ਵੀ ਚਾੜ੍ਹਿਆ ਜਾ ਰਿਹਾ ਹੈ। ਇਸ ਵੇਲੇ ਲੁਧਿਆਣਾ, ਜਲੰਧਰ, ਮੁਹਾਲੀ ਅਤੇ ਪਟਿਆਲਾ ਡੇਅਰੀ ਵਿਖੇ ਕਰੀਬ 254 ਕਰੋੜ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ। ਇਸ ਤੋਂ ਇਲਾਵਾ ਨਾਬਾਰਡ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬੱਸੀ ਪਠਾਣਾ ਵਿਖੇ 138 ਕਰੋੜ ਰੁਪਏ ਦੀ ਲਾਗਤ ਨਾਲ ਮੈਗਾ ਡੇਅਰੀ ਦੇ ਪਹਿਲੇ ਪੜਾਅ ਦਾ ਕੰਮ ਵੀ ਜ਼ੋਰਾਂ ‘ਤੇ ਚੱਲ ਰਿਹਾ ਹੈ।  ਇਸ ਤੋਂ ਇਲਾਵਾ ਮਨੁੱਖੀ ਸੋਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਵੀ ਮਿਲਕਫੈਡ ਲਗਾਤਾਰ ਉਪਰਾਲੇ ਕਰ ਰਹੀ ਹੈ।
ਵਿੱਤ ਕਮਿਸ਼ਨਰ ਸਹਿਕਾਰਤਾ ਸ੍ਰੀ ਕੇ. ਸਿਵਾ ਪ੍ਰਸਾਦ ਨੇ ਆਖਿਆ ਕਿ ਸਹਿਕਾਰੀ ਅਦਾਰਿਆਂ ਮਿਲਕਫੈਡ, ਮਾਰਕਫੈਡ ਤੇ ਸ਼ੂਗਰਫੈਡ ਵੱਲੋਂ ਕੋਵਿਡ-19 ਦੇ ਔਖੇ ਸਮੇਂ ਦੌਰਾਨ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਦੇ ਨਾਲ ਸਹਿਕਾਰੀ ਅਦਾਰਿਆਂ ਵੱਲੋਂ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ।
ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਮਾਰਕੀਟ ਵਿੱਚ ਇਸ ਦੇ ਉਤਪਾਦਾਂ ਦੀ ਬਹੁਤ ਮੰਗ ਹੈ। ਮਿਲਕਫੈਡ ਦੇ ਉਤਪਾਦ ਜਿੱਥੇ ਲੋਕਾਂ ਦੀ ਪਹਿਲੀ ਪਸੰਦ ਹੈ ਉਥੇ ਗੁਣਵੱਤਾ ਮਾਪਦੰਡਾਂ ਵਿੱਚ ਵੀ ਇਹ ਉਤਪਾਦ ਖਰੇ ਉਤਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨ ਤੇ ਵਾਤਾਵਰਣ ਕੇਂਦਰ (ਸੀ.ਐਸ.ਈ.) ਵੱਲੋਂ ਸ਼ਹਿਦ ਦੀ ਸ਼ੁੱਧਤਾ ਦੇ ਕਰਵਾਏ ਗਏ ਪ੍ਰੀਖਣ ਵਿੱਚੋਂ ਦੇਸ਼ ਭਰ ਦੇ 13 ਪ੍ਰਮੁੱਖ ਬਰਾਂਡਾਂ ਵਿੱਚੋਂ ਸਿਰਫ 3 ਬਰਾਂਡ ਹੀ ਪਾਸ ਹੋਏ ਸਨ ਜਿਨ੍ਹਾਂ ਵਿੱਚੋਂ ਮਾਰਕਫੈਡ ਦਾ ਸੋਹਣਾ ਸ਼ਹਿਦ ਇਕ ਸੀ।
ਮਿਲਕਫੈਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵੱਲੋਂ ਪਿਛਲੇ  ਸਾਲ ‘ਨੈਚੁਰਲ ਵਨੀਲਾ ਮਿਲਕ’ ਵੀ ਮਾਰਕੀਟ ਵਿੱਚ ਪੇਸ਼ ਕੀਤਾ ਗਿਆ ਸੀ। ਕੋਰੋਨਾ ਮਹਾਂਮਰੀ ਦੇ ਸਮੇਂ ਵਿੱਚ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਵੇਰਕਾ ਹਲਦੀ ਦੁੱਧ ਦਾ ਉਤਪਾਦਨ ਸ਼ੁੁਰੂ ਕੀਤਾ ਗਿਆ ਹੈ ਜਿਸ ਦਾ ਆਮ ਜਨਤਾ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਵੇਰਕਾ ਵੱਲੋਂ ਲੋਕਾਂ ਦਾ ਵੇਰਕਾ ਦੇ ਦੁੱਧ ਦੀ ਕੁਆਲਟੀ ਵਿੱਚ ਹੋਰ ਵਿਸ਼ਵਾਸ ਵਧਾਉਣ ਲਈ ਅਤੇ ਅਸਾਨੀ ਨਾਲ ਵਰਤਣ ਅਤੇ ਟਰਾਂਸਪੋਰਟੇਸ਼ਨ ਕਰਨ ਲਈ ਫਲੇਵਰਡ ਦੁੱਧ ਪੀ.ਓ. ਇੱਕ ਨਵੀਂ ਪਲਾਸਟਿਕ ਬੋਤਲ ਦੇ ਰੂਪ ਵਿੱਚ ਸਾਰੇ ਵੱਡੇ ਰੀਟੇਲ ਆਊਟਲੈਟਸ ਅਤੇ ਵੇਰਕਾ ਬੂਥਾਂ ‘ਤੇ ਉਪਬਲੱਧ ਕਰਵਾਇਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!