ਪੰਜਾਬ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਨੂੰ ਦਿੱਲੀ ਦੇ ਬਾਰਡਰਾਂ  ’ਤੇ ਤਿੰਨ ਧਰਨਿਆਂ ਵਾਲੀ ਥਾਵਾਂ ਵਿਚ ਵੱਡੀ ਗਿਣਤੀ ਵਿਚ ਤੁਰੰਤ ਪਹੁੰਚਣ ਦਾ ਸੱਦਾ

 ਮਜੀਠੀਆ ਨੇ ਪਿਛਲੇ ਇਕ ਹਫਤੇ ਦੌਰਾਨ ਪੰਜਾਬ ਵਾਪਸ ਪਰਤੇ ਅਕਾਲੀ ਦਲ ਤੇ ਯੂਥ ਅਕਾਲੀ ਵਰਕਰਾਂ ਨੁੰ ਮੁੜ ਵਾਪਸ ਪਰਤਣ ਲਈ ਆਖਿਆ

ਕਿਸਾਨਾਂ ਤੇ ਸੀਨੀਅਰ ਪੱਤਰਕਾਰਾਂ ਨੂੰ ਯੂ ਏ ਪੀ ਏ ਦੀ ਦੁਰਵਰਤੋਂ ਕਰ ਕੇ ਡਰਾਉਣ ਦੀ ਕੀਤੀ ਨਿਖੇਧੀ

ਚੰਡੀਗੜ੍ਹ, 29 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੇ ਪਾਰਟੀ ਵਰਕਰਾਂ ਨੁੰ ਸੱਦਾ ਦਿੱਤਾ ਕਿ ਉਹ   ਵੱਡੀ ਗਿਣਤੀ ਵਿਚ ਦਿੱਲੀ ਦੇ ਬਾਰਡਰਾਂ ’ਤੇ ਤਿੰਨ ਧਰਨਿਆਂ ਵਾਲੀ ਥਾਂ ’ਤੇ ਤੁਰੰਤ ਪਹੁੰਚਣ ਤਾਂ ਜੋ ਕਿਸਾਨ ਅੰਦੋਲਨ ਨੂੰ ਹੁਲਾਰਾ  ਦਿੱਤਾ ਜਾ ਸਕੇ ਅਤੇ ਪਾਰਟੀ ਨੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਜਦੋਂ ਵੀ ਤੇ ਜਿਵੇਂ ਹੀ ਕਿਸਾਨ ਜਥੇਬੰਦੀਆਂ ਨੇ ਕਹੇਗੀ ਤਾਂ ਉਹ ਧਰਨੇ ਵਾਲੀ ਥਾਂ ’ਤੇ ਪਹੁੰਚ ਜਾਵੇਗੀ।

ਇਥੇ ਇਕ ਭਾਵੁਕ ਅਪੀਲ ਵਿਚ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਸਾਰੇ ਵਰਕਰਾਂ ਜੋ ਇਕ ਹਫਤੇ ਦੌਰਾਨ ਵਾਪਸ ਪੰਜਾਬ ਪਰਤੇ ਹਨ ਨੁੰ ਸੱਦਾ ਦਿੱਤਾ ਕਿ ਉਹ ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿਚ ਧਰਨੇ ਵਾਲੀਆਂ ਥਾਵਾਂ ’ਤੇ ਤੁਰੰਤ  ਵਾਪਸ ਪਰਤ ਜਾਣ ਕਿਉਂਕਿ  ਉਹਨਾਂ ਦੀ ਹੁਣ ਧਰਨੇ ਵਾਲੀ ਥਾਂ ’ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਹੈ।  ਉਹਨਾਂ ਕਿਹਾ ਕਿ ਮੈਂ ਜਾਣਦੇ ਹਾਂ ਕਿ ਤੁਸੀਂ ਵੱਡੀ ਗਿਣਤੀ ਵਿਚ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਨਾਲ ਰਲ ਕੇ ਕਿਸਾਨ ਅੰਦੋਲਨ ਨੂੰ ਕੁਚਲਨਾ ਚਾਹੁੰਦੀ ਹੈ।  ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ  ਅੰਨਦਾਤਾ ਦੀ ਆਵਾਜ਼ ਦਬਾਉਣ ਦੀ ਨਫਰਤ ਭਰੀ ਯੋਜਨਾ ਸਫਲ ਨਾ ਹੋਵੇ ਅਤੇ 80 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਕਿਵੇ ਵੀ ਕੀਮਤ ’ਤੇ ਅਜਾਈਂ ਨਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਕੁਰਬਾਨੀ ਵੱਡੀ ਨਹੀਂ ਹੈ ਤੇ ਅਸੀਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਵੀ ਭੰਗ ਨਾ ਹੋਣਾ ਯਕੀਨੀ ਬਣਾਉਣਾ ਹੈ।

ਅਕਾਲੀ ਆਗੂ ਨੇ ਕੱਲ੍ਹ ਗਾਜ਼ੀਪੁਰ ਵਿਚ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਗੈਰ ਸਮਾਜੀ ਅਨਸਰ ਖੁਲ੍ਹੇ ਛੱਡਣ, ਜਿਥੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਨਿਸ਼ਾਨਾ ਬਣਾਇਆ ਗਿਆ, ਦੀ ਵੀ ਨਿਖੇਧੀ ਕੀਤੀ । ਉਹਨਾਂ ਕਿਹਾ ਕਿ ਅਜਿਹੇ ਹੀ ਯਤਨ ਅੱਜ ਸਿੰਘੂ ਵਿਖੇ ਵੀ ਕੀਤੇ ਗਏ ਹਨ।  ਇਹਨਾਂ ਦ੍ਰਿਸ਼ਾਂ ਨੂੰ ਲੋਕਤੰਤਰ ਵਿਚ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਧਰਨੇ ਵਾਲੀਆਂ ਥਾਵਾ ’ਤੇ ਜਲ ਸਪਲਾਈ ਕੱਟ ਦੇਣ ਤੇ ਬਿਜਲੀ ਸਪਲਾਈ ਕੱਟਣ ਦੇਣ ਅਤੇ ਖਾਣਾ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਵਰਗੇ ਧੱਕੇਸ਼ਾਹੀ ਵਾਲੇ ਕਦਮਾਂ ਨਾਲ ਉਲਟਾ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ। ਉਹਨਾਂ ਕਿਹਾ ਕਿ ਇਹ ਵੀ ਬਹੁਤ ਹੀ ਨਿੰਦਣਯੋਗ ਹੈ ਕਿ ਕੇਂਦਰ ਸਰਕਾਰ ਫਿਰਕਿਆਂ ਨੁੰ ਅਪਾਸ ਵਿਚ ਲੜਾਉਣ ਤੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਲੜਾਈ ਕਰਾਉਣ ਦਾ ਕੋਝਾ ਯਤਨ ਕਰ ਰਹੀ ਹੈ।  ਉਹਨਾਂ ਨੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਸ਼ਾਂਤੀ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਬੱਤ ਦਾ ਭਲਾ ਵਿਚ ਵਿਸ਼ਵਾਸ ਰੱਖਣ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਭਾਵੇਂ ਕਿ ਕੱਲ੍ਹ ਹਰਿਆਣਾ ਸਰਕਾਰ ਦੀ ਸ਼ਹਿ ਪ੍ਰਾਪਤ ਸ਼ਰਾਰਤੀ ਅਨਸਰਾਂ ਨੇ ਨਿਸ਼ਾਨ ਸਾਹਿਬ ਦੀ ਬੇਅਦਬੀ ਵਰਗੇ ਭੜਕਾਉਣ ਕੰਮ ਕੀਤੇ ਹਨ।

 ਮਜੀਠੀਆ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ ਏ ਪੀਏ) ਦੀ ਕਿਸਾਨ ਆਗੂਆਂ ਅਤੇ ਪੱਤਰਕਾਰਾਂ ਖਾਸ ਤੌਰ  ’ਤੇ ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਖਿਲਾਫ ਦੁਰਵਰਤੋਂ ਕਰਨ ਦੀ ਵੀ ਨਿਖੇਧੀ ਕੀਤੀ।  ਉਹਨਾਂ ਕਿਹਾ ਕਿ ਯੂ ਏ ਪੀ ਏ ਅਸਲ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਦਾ ਟਾਕਰਾ ਕਰਨ ਵਾਸਤੇ ਬਣਾਇਆ ਗਿਆ ਸੀ ਤੇ ਇਸਦੀ ਦੁਰਵਰਤੋਂ ਕਿਸੇ ਖਿਲਾਫ ਮੁਕੱਦਮਾ ਚਲਾਉਦ ਲਈ ਨਹੀਂ ਹੋਣੀ ਚਾਹੀਦੀ।  ਉਹਨਾਂ ਕਿਹਾ ਕਿ ਅਜਿਹਾ ਕਰਨਾ ਤਾਨਾਸ਼ਾਹੀ ਦੇ ਬਰਾਬਰ ਹੈ। ਉਹਨਾਂ ਕਿਹਾ ਕਿ  ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨ ਬਿੰਨ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਉਹਨਾਂ ਅਨਸਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਹਨਾਂ ਨੇ ਗਣਤੰਤਰ ਦਿਵਸ ਵਾਲੇ  ਦਿਨ ਗਲਤ ਕਾਰਵਾਈਆਂ ਕੀਤੀਆਂ ਜਿਸ ਤੋਂ ਸਪਸ਼ਟ ਸੰਕੇਤ ਮਿਲਿਆ ਹੈ ਕਿ ਇਹਨਾਂ ਲੋਕਾਂ ਦੇ ਪਿੱਛੇ ਸਰਕਾਰੀ ਏਜੰਸੀਆਂ ਦਾ ਹੱਥ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!