ਪੰਜਾਬ

ਪ੍ਰੋਫੈਸਰ ਤੇ ਹੋਏ ਹਮਲੇ ਖਿਲਾਫ ਡਟੇ ਵਿਦਿਆਰਥੀ ਅਤੇ ਅਧਿਆਪਕ, ਸਾਂਝੇ ਮੋਰਚੇ ਦਾ ਧਰਨਾ ਚੌਥੇ ਦਿਨ ਵੀ ਜਾਰੀ

ਪ੍ਰੋਫੈਸਰ ਤੇ ਹੋਏ ਹਮਲੇ ਖਿਲਾਫ ਡਟੇ ਵਿਦਿਆਰਥੀ ਅਤੇ ਅਧਿਆਪਕ, ਸਾਂਝੇ ਮੋਰਚੇ ਦਾ ਧਰਨਾ ਚੌਥੇ ਦਿਨ ਵੀ ਜਾਰ

‘ ਹਿੰਸਾ ਖ਼ਿਲਾਫ਼ ਸਾਂਝਾ ਮੋਰਚਾ’ ਦਾ ਪੱਕਾ ਧਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਚੌਥੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਡਾ. ਸੁਰਜੀਤ ਨੂੰ ਵਾਪਸ ਲਿਆਉਣ ਲਈ ਰੈਲੀ ਵੀ ਕੱਢੀ ਗਈ। ਵਿਦਿਆਰਥੀਆਂ ਵੱਲੋਂ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਗਿਆ ਕਿ 1973 ਵਿਦਿਆਰਥੀਆਂ ਵੱਲੋਂ ਪ੍ਰੋਫੈਸਰ ਸੁਰਜੀਤ ਦੇ ਹੱਕ ਵਿੱਚ ਹਸਤਾਕਰ ਕੀਤੇ ਗਏ ਹਨ । ਪੱਕੇ ਮੋਰਚੇ ਦੇ ਚੌਥੇ ਦਿਨ RMPI ਦੇ ਜ਼ਿਲ੍ਹਾ ਸਕੱਤਰ ਅਤੇ ‘ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ’ ਦੇ ਪ੍ਰਤੀਨਿਧ ਹਰੀ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਨੇ ਤਕਰੀਰ ਕੀਤੀ ਕਿ ਯੂਨੀਵਰਸਿਟੀਆਂ ਵਿਚ ਫੈਲ ਰਹੀ ਹਿੰਸਕ ਮਾਨਸਿਕਤਾ ਦੇ ਵਿਰੋਧ ਵਿਚ ਵਿਦਿਆਰਥੀਆਂ, ਅਧਿਆਪਕਾਂ ਦੇ ਨਾਲ-ਨਾਲ ਕਿਸਾਨ ਮਜ਼ਦੂਰ ਤਬਕੇ ਨੂੰ ਵੀ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਬਕਾ ਵਿਦਿਆਰਥੀ ਆਗੂ ਬੇਅੰਤ ਨੇ ਵੀ ਆਪਣੇ ਵਿਚਾਰ ਰੱਖੇ। ਉਸ ਨੇ ਡਾ. ਸੁਰਜੀਤ ਸਿੰਘ ਨਾਲ ਹੋਈ ਹਿੰਸਾ ਨੂੰ ਪੂਰੇ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਤਰਕ, ਅਸਹਿਮਤੀ ਅਤੇ ਬੌਧਿਕਤਾ ਉੱਤੇ ਹੋ ਰਹੇ ਹਮਲਿਆਂ ਨਾਲ ਜੋੜ ਕੇ ਵਿਆਖਿਆ ਦਿੱਤੀ ਅਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪਸਰੀਆਂ ਨਾਬਰਾਬਰੀ ਅਤੇ ਫ਼ਾਸ਼ੀਵਾਦ ਵਰਗੀਆਂ ਕੁਰੀਤੀਆਂ ਦੇ ਵਿਰੁੱਧ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੇ ਯਤਨਾਂ ਵਜੋਂ ਦੇਖਿਆ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਡਾ. ਸੁਰਜੀਤ ਸਿੰਘ ਸਾਡੀਆਂ ਕਲਾਸਾਂ ਵਿੱਚ ਲਿੰਗਕ ਬਰਾਬਰਤਾ ਵਰਗੇ ਮੁੱਦਿਆਂ ਪ੍ਰਤੀ ਹਮੇਸ਼ਾ ਸਾਰਥਕ ਆਵਾਜ਼ ਬੁਲੰਦ ਕਰਦੇ ਹਨ ਅਤੇ ਹਾਸ਼ੀਆਗਤ ਪਛਾਣਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਵਿਦਿਆਰਥੀਆਂ ਨੂੰ ਅਕਸਰ ਹੀ ਪ੍ਰੇਰਿਤ ਕਰਦੇ ਹਨ। ਅਜਿਹੇ ਅਧਿਆਪਕ ਨੂੰ ਸਾਡੇ ਤੋਂ ਖੋਹੇ ਜਾਣ ਦੀਆਂ ਸਾਜਿਸ਼ਾਂ ਬਹੁਤ ਮੰਦਭਾਗੀਆਂ ਹਨ। ਇਸ ਦੇ ਨਾਲ ਵਿਦਿਆਰਥੀਆਂ ਨੇ ਚਾਰਟ, ਪੋਸਟਰ ਵੀ ਬਣਾਏ ਅਤੇ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਵਰਗੇ ਕਵੀਆਂ ਦੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਵਾਈਸ ਚਾਂਸਲਰ ਨੂੰ ਸੌਂਪੇ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਸੀ ਕਿ 14 ਸਤੰਬਰ ਨੂੰ ਯੂਨੀਵਰਸਿਟੀ ਅੰਦਰ ਪ੍ਰੋ. ਸੁਰਜੀਤ ’ਤੇ ਭੀੜ ਵੱਲੋਂ ਕੀਤੀ ਗਈ ਹਿੰਸਾ ਦੇ ਅਪਰਾਧੀਆਂ ਦੀ ਪਛਾਣ ਕਰਕੇ ਢੁੱਕਵੀਂ ਕਾਰਵਾਈ ਕਰਨ ਵਾਸਤੇ ਯੂਨੀਵਰਸਿਟੀ ਪ੍ਰਸ਼ਾਸਨ ਇੱਕ ਜਾਂਚ ਕਮੇਟੀ ਦਾ ਗਠਨ ਕਰੇ। ਹਿੰਸਾ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਯੂਨੀਵਰਸਿਟੀ ’ਚੋਂ ਮੁਅੱਤਲ ਕੀਤਾ ਜਾਵੇ ਤਾਂ ਜੋ ਉਹ ਜਾਂਚ ਕਮੇਟੀ ਦੀ ਕਾਰਵਾਈ ਵਿੱਚ ਦਖਲਅੰਦਾਜ਼ੀ ਨਾ ਕਰ ਸਕਣ। ਇਸ ਸਾਰੇ ਘਟਨਾਕ੍ਰਮ ਦੌਰਾਨ ਯੂਨੀਵਰਸਿਟੀ ਪੱਧਰ ’ਤੇ ਅਤੇ ਮੀਡੀਆ-ਸੋਸ਼ਲ ਮੀਡੀਆ ਵਿਚ ਪ੍ਰੋ. ਸੁਰਜੀਤ ਦੇ ਅਕਾਦਮਿਕ ਰੁਤਬੇ ਤੇ ਮਾਣ ਸਨਮਾਨ ਦਾ ਜੋ ਨੁਕਸਾਨ ਹੋਇਆ ਹੈ, ਉਸਦੀ ਮੁੜ ਬਹਾਲੀ ਲਈ ਯੂਨੀਵਰਸਿਟੀ ਠੋਸ ਕਦਮ ਚੁੱਕੇ। ਯੂਨੀਵਰਸਿਟੀ ਅੰਦਰ ਬੀਮਾਰ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਹਿਤ ਯੂਨੀਵਰਸਿਟੀ ਦੇ ਸਲ੍ਹਾਬੇ ਤੇ ਖ਼ਸਤਾ ਹਾਲਤ ਵਾਲੇ ਹੋਸਟਲਾਂ ਦੀ ਮੁਰੰਮਤ ਅਤੇ ਉਨ੍ਹਾਂ ਦਾ ਨਵੀਨੀਕਰਨ ਕੀਤਾ ਜਾਵੇ। ਯੂਨੀਵਰਸਿਟੀ ਡਿਸਪੈਂਸਰੀ ਵਿਚ ਇਕ ਮੈਡੀਕਲ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਮੁੱਢਲੇ ਪੱਧਰ ‘ਤੇ ਹੀ ਬਿਮਾਰੀ ਦੇ ਕਾਰਨਾਂ ਤੋਂ ਜਾਣੂ ਕਰਵਾ ਕੇ ਇਲਾਜ ਵਾਸਤੇ ਢੁੱਕਵੀ ਸਲਾਹ ਦਿੱਤੀ ਜਾ ਸਕੇ। ਯੂਨੀਵਰਸਿਟੀ ਡਿਸਪੈਂਸਰੀ ਦਾ ਨੇੜੇ ਦੇ ਸਰਕਾਰੀ, ਪ੍ਰਾਈਵੇਟ ਹਸਪਤਾਲਾਂ ਨਾਲ ਸੰਸਥਾਗਤ ਤਾਲਮੇਲ ਹੋਵੇ।

ਮੋਰਚੇ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਪਰੋਕਤ ਮੰਗਾਂ ’ਤੇ ਕਾਰਵਾਈ ਕਰਨ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਕੈਂਪਸ ਵਿਚ ਹੋਈ ਹਿੰਸਾ ਨੂੰ ਲੈ ਕੇ ਸਖ਼ਤ ਰਵੱਈਆ ਅਖ਼ਤਿਆਰ ਕਰਕੇ ਬਿਆਨ ਜਾਰੀ ਨਹੀਂ ਕਰਦਾ, ਓਨੀ ਦੇਰ ਮੋਰਚੇ ਦਾ ਦਿਨ ਅਤੇ ਰਾਤ ਦਾ ਪੱਕਾ ਧਰਨਾ ਜਾਰੀ ਰਹੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!