ਪੰਜਾਬ

ਮੋਰਚਿਆਂ ਨੂੰ ਮਜਬੂਤ ਰੱਖਣ ਲਈ ਡੀ.ਟੀ.ਐੱਫ. ਦੇ ਸੱਦੇ ‘ਤੇ ਪੰਜਾਬ ਤੋਂ ਸਿੰਘੂ ਤੇ ਟੀਕਰੀ ਪਹੁੰਚੇ ਅਧਿਆਪਕ

 

 

ਦਿੱਲੀ , 1 ਫਰਵਰੀ( ) ਲੋਕ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਤੇ ਬਿਜਲੀ ਐਕਟ ਸੋਧ ਬਿੱਲ-2020 ਨੂੰ ਮੁੱਢੋਂ ਰੱਦ ਕਰਵਾਉਣ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਅਹਿਮ ਮੋੜ ਤੇ ਪੁੱਜੇ ਦਿਲੀ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਚਾਲਾਂ ਚੱਲ ਰਹੀ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਜਿੱਥੇ ਪਿੰਡਾਂ ਦੇ ਪਿੰਡ ਮੁੜ ਉਠ ਖੜੇ ਹੋਏ ਹਨ ਉਥੇ ਪੰਜਾਬ ਦੀ ਸਿਰਮੌਰ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਨੇ ਵੀ ਕਿਸਾਨੀ ਸੰਘਰਸ਼ ਨਾਲ ਚਟਾਨ ਵਾਂਗ ਡੱਟਣ ਦਾ ਅਹਿਦ ਕਰ ਲਿਆ ਹੈ। ਸਿੰਘੂ ਮੋਰਚੇ ਦੀ ਸਟੇਜ਼ ਤੋਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਸੰਬੋਧਨ ਵੀ ਕੀਤਾ ਗਿਆ।

 

ਇਸ ਦੌਰਾਨ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ ਫੌਰੀ ਸੱਦੇ ‘ਤੇ ਪਹੁੰਚ ਕੇ ਸਿੰਘੂ ਅਤੇ ਟੀਕਰੀ ਮੋਰਚਿਆਂ ਵਿੱਚ ਮੌਜੂਦ ਸੰਘਰਸ਼ੀ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟਾਈ ਗਈ ਹੈ। ਉਹਨਾਂ ਦੱਸਿਆ ਕਿ ਦਿੱਲੀ ਬਾਰਡਰਾਂ ‘ਤੇ ਲੱਗੇ ਧਰਨੇ ਪੂਰੇ ਚੜਦੀ ਕਲਾ ਵਿੱਚ ਚੱਲ ਰਹੇ ਹਨ ਅਤੇ ਨੇੜਲੇ ਸੂਬਿਆਂ ਦੇ ਹਜਾਰਾਂ ਲੋਕ ਮੋਰਚਿਆਂ ਵੱਲ ਲਗਾਤਾਰ ਵਹੀਰਾਂ ਘੱਤ ਰਹੇ ਹਨ। ਕੇਂਦਰ ਸਰਕਾਰ ਵੱਲੋਂ ਮੋਰਚਿਆਂ ਨੂੰ ਕਮਜੋਰ ਕਰਨ ਲਈ ਕਈ ਇਲਾਕਿਆਂ ਵਿੱਚ ਇੰਟਰਨੈਟ ਤੇ ਹੋਰ ਸੰਚਾਰ ਸੇਵਾਵਾਂ ਬੰਦ ਕਰਨ ਦੀ ਚਾਲ ਨੂੰ ਲੋਕਾਂ ਨੇ ਆਪਸੀ ਭਾਈਚਾਰੇ ਤੇ ਏਕਤਾ ਨੂੰ ਸੰਚਾਰ ਮਾਧਿਅਮ ਵਜੋਂ ਵਰਤ ਕੇ ਫੇਲ ਸਾਬਿਤ ਕੀਤਾ ਹੈ ਅਤੇ ਸੰਘਰਸ਼ ਦੀ ਜਿੱਤ ਯਕੀਨੀ ਹੋਣ ਦਾ ਐਲਾਨਨਾਮਾ ਲਿਖ ਦਿੱਤਾ ਹੈ।

 

ਸੂਬਾ ਆਗੂ ਸੁਖਦੇਵ ਡਾਨਸੀਵਾਲ, ਨਿਰਭੈਅ ਸਿੰਘ ਖਾਈ ਅਤੇ ਲਖਵਿੰਦਰ ਸਿੰਘ ਰੁੜਕੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਏਕੇ, ਸੂਝ-ਬੂਝ ਤੇ ਸੰਘਰਸ਼ੀ ਪੈਂਤੜਿਆਂ ਸਦਕਾ ਇਹ ਸੰਘਰਸ਼ ਲੋਕਾਂ ਦੀ ਵਿਆਪਕ ਸ਼ਮੂਲੀਅਤ ਵਾਲਾ ਦੇਸ਼ ਪੱਧਰੀ ਘੋਲ ਬਣਿਆ ਹੈ। ਜਿਸ ਤੋਂ ਤਿਲਮਿਲਾ ਕੇ ਕੇਂਦਰੀ ਏਜੰਸੀਆਂ ਵੱਲੋਂ ਕਿਸਾਨ ਲਹਿਰ ਨੂੰ ਲੀਹੋ ਲਾਹੁਣ ਦੀ ਲਿਖੀ ਸਕ੍ਰਿਪਟ ਤਹਿਤ ਪਹਿਲਾ 25 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਸਟੇਜ਼ `ਤੇ ਕਬਜ਼ਾ ਕਰਵਾਇਆ ਅਤੇ ਟਰੈਕਟਰ ਪਰੇਡ ਨੂੰ ਕਿਸਾਨ ਜੱਥੇਬੰਦੀਆਂ ਦੇ ਤੈਅਸ਼ੁਦਾ ਰੂਟ ਤੋਂ ਭਟਕਾਉਣ ਲਈ ਰਾਹ ਪੱਧਰਾ ਕੀਤਾ ਅਤੇ ਫਿਰ 26 ਜਨਵਰੀ ਨੂੰ ਲਾਲ ਕਿਲੇ ਵਾਲੀ ਘਟਨਾ ਰਾਹੀਂ ਲੱਖਾਂ ਲੋਕਾਂ ਦੀ ਸ਼ਮੂਲੀਅਤ ਵਾਲੀ ਇਤਿਹਾਸਕ ਟਰੈਕਟਰ ਪਰੇਡ ਦੀ ਗੂੰਜ ਨੂੰ ਮੱਧਮ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਪ੍ਰੰਤੂ ਅਜਿਹੀਆਂ ਸਾਰੀਆਂ ਸਾਜ਼ਿਸਾਂ ਨੂੰ ਹਰਿਆਣੇ, ਯੂ.ਪੀ., ਰਾਜਸਥਾਨ ਤੇ ਪੰਜਾਬ ਦੇ ਲੋਕਾਂ ਵੱਲੋਂ ਮਿਲ ਕੇ ਪਿਛਾੜਣ ਤੋਂ ਬਾਅਦ, ਹੁਣ ਇਹ ਮੋਰਚੇ ਹੋਰ ਵਧੇਰੇ ਚੜਦੀ ਕਲਾ ਤੇ ਸ਼ਾਨ ਨਾਲ ਚੱਲ ਰਹੇ ਹਨ।

 

ਮੋਰਚੇ ਵਿੱਚ ਪਹੁੰਚੇ ਸੂਬਾ ਕਮੇਟੀ ਮੈਂਬਰ ਕੁਲਦੀਪ ਗੋਬਿੰਦਪੁਰਾ ਤੇ ਹਰਿੰਦਰਜੀਤ ਸਿੰਘ, ਹਰਵਿੰਦਰ ਰੱਖੜਾ, ਪਰਮਵੀਰ ਸਿੰਘ, ਰਾਜਿੰਦਰ ਸਮਾਣਾ, ਹਰਿੰਦਰ ਸਿੰਘ, ਸੁਖਵੀਰ ਸਿੰਘ ਸੰਗਰੂਰ ਨੇ ਸਮੂਹ ਲੋਕਾਂ ਨੂੰ ਫਿਰਕਾਪ੍ਰਸਤੀ ਖਿਲਾਫ ਆਪਸੀ ਸਾਂਝ ਤੇ ਭਾਈਚਾਰੇ ਦਾ ਕੇਂਦਰ ਬਣ ਕੇ ਉੱਭਰੇ ਇਹਨਾਂ ਮੋਰਚਿਆਂ ਨੂੰ ਮਜਬੂਤ ਰੱਖਣ ਲਈ ਇਹਨਾਂ ਨਾਲ ਚਟਾਨ ਵਾਂਗ ਡਟਦਿਆਂ ਇਤਿਹਾਸਿਕ ਰੋਲ ਨਿਭਾਉਣ ਦੀ ਅਪੀਲ ਵੀ ਕੀਤੀ।

 

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!