ਪੰਜਾਬ

*ਤਿਰੰਗਾ ਸਮੁੱਚੇ ਭਾਰਤ ਦੀ ਸੋਚ ਦੀ ਅਗਵਾਈ ਕਰਦਾ ਹੈ: ਵੜਿੰਗ*

ਲੁਧਿਆਣਾ, 10 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਤਿਰੰਗਾ ਸਮੁੱਚੇ ਭਾਰਤ ਦੀ ਸੋਚ ਦੀ ਅਗਵਾਈ ਕਰਦਾ ਹੈ, ਜੋ ਭਾਰਤ ਨੂੰ ਮਜ਼ਬੂਤ, ਧਰਮ ਨਿਰਪੱਖ ਅਤੇ ਵਿਸ਼ਾਲ ਲੋਕਤੰਤਰ ਬਣਾਉਂਦਾ ਹੈ।
ਸਮਰਾਲਾ ਵਿਖੇ ਤਿਰੰਗਾ ਯਾਤਰਾ ਦੌਰਾਨ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਭਾਰਤ ਨੂੰ ਇੱਕ ਸੁੰਦਰ ਦੇਸ਼ ਬਣਾਉਣ ਵਾਲੇ ਸੱਭਿਆਚਾਰਾਂ ਦੀ ਵੰਨ-ਸੁਵੰਨਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਇਸ ਵਿਸ਼ੇਸ਼ ਮੌਕੇ ‘ਤੇ ਕੋਈ ਯੋਜਨਾ ਨਾ ਬਣਾਉਣ ਅਤੇ ਕੋਈ ਵਿਸ਼ੇਸ਼ ਪ੍ਰੋਗਰਾਮ ਨਾ ਕਰਨ ‘ਤੇ ਸਵਾਲ ਚੁੱਕੇ |
ਸੂਬਾ ਕਾਂਗਰਸ ਕਮੇਟੀ ਨੇ ਮੰਗਲਵਾਰ ਨੂੰ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਪੰਜ ਦਿਨਾਂ ਅਤੇ 2000 ਕਿਲੋਮੀਟਰ ਲੰਬੀ ਤਿਰੰਗਾ ਯਾਤਰਾ ਦੀ ਸ਼ੁਰੂਆਤ ਕੀਤੀ ਸੀ।  ਪਾਰਟੀ ਨੇ ਇਸਦਾ ਨਾਂ ‘ਹਰ ਦਿਲ ਮੇਂ ਤਿਰੰਗਾ’ ਰੱਖਿਆ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਸਾਰਿਆਂ ਦੀ ਵੀ ਨਿੰਦਾ ਕੀਤੀ ਜੋ ਯਾਤਰਾ ਦਾ ਵਿਰੋਧ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਤੌਰ ‘ਤੇ ਭਾਵੇਂ ਜਿੰਨਾ ਮਰਜ਼ੀ ਵਿਰੋਧ ਕਰੀਏ ਪਰ ਅਸੀਂ ਆਪਣੇ ਰਾਸ਼ਟਰੀ ਤਿਰੰਗੇ ਦਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੇ।  ਇਸ ਦੌਰਾਨ ਉਨ੍ਹਾਂ 75ਵੇਂ ਆਜ਼ਾਦੀ ਦਿਵਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਪੱਖਪਾਤ ਦੀ ਵੀ ਨਿਖੇਧੀ ਕੀਤੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੂੰ ਰਾਸ਼ਟਰਵਾਦ ਨੂੰ ਲੈ ਕੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।  ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕਾਂਗਰਸੀ ਆਗੂਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।  ਆਜ਼ਾਦੀ ਤੋਂ ਬਾਅਦ ਵੀ ਕਾਂਗਰਸ ਦੇ ਆਗੂਆਂ ਨੇ ਦੇਸ਼ ਦੀ ਆਜ਼ਾਦੀ ਦੀ ਰਾਖੀ, ਏਕਤਾ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਵੜਿੰਗ ਦੇ ਨਾਲ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਅਤੇ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪਿਛਲੀ ਚੋਣ ਲੜ ਚੁੱਕੇ ਪਾਰਟੀ ਆਗੂ ਰਾਜਾ ਗਿੱਲ ਵੀ ਸਨ।
ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤਿਰੰਗਾ ਯਾਤਰਾ ਵਿਚ ਭਾਗ ਲੈਣ ਲਈ ਪਾਰਟੀ ਅਹੁਦੇਦਾਰਾਂ ਵਿਚ ਜੋ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉਸ ਤੋਂ ਉਹ ਬਹੁਤ ਖੁਸ਼ ਹਨ।
ਉਨ੍ਹਾਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ‘ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਇਸ ਦੇ ਆਗੂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਰਗੇ ਚੋਣਾਂ ਵਾਲੇ ਸੂਬਿਆਂ ‘ਚ ਹੀ ਤਿਰੰਗਾ ਯਾਤਰਾ ਕੱਢਦੇ ਹਨ।  ਭਾਜਪਾ ਵਾਂਗ, ਉਨ੍ਹਾਂ ਲਈ ਚੋਣਾਂ ਤੱਕ ਸਭ ਕੁਝ ਹੁੰਦਾ ਹੈ ਅਤੇ ਉਹ ਚੋਣ ਖਤਮ ਹੋਣ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਹਨ, ਭਾਵੇਂ ਨਤੀਜਾ ਕੁਝ ਵੀ ਹੋਵੇ।  ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ‘ਆਪ’ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਕੋਈ ਵਿਸ਼ੇਸ਼ ਪ੍ਰੋਗਰਾਮ ਕਿਉਂ ਨਹੀਂ ਆਯੋਜਿਤ ਕਰ ਰਹੀ ਅਤੇ ਹਰ ਘਰ ‘ਚ ਤਿਰੰਗਾ ਲਹਿਰਾਉਣ ਲਈ ਭਾਜਪਾ ਦੇ ਅਧਿਕਾਰਤ ਪ੍ਰੋਗਰਾਮ ਦੀ ਹੀ ਪਾਲਣਾ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!