ਪੰਜਾਬ

ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਚ ਸਿੱਖਿਆ ਵਿਭਾਗ ਦੀ ਕਾਇਆ-ਕਲਪ

ਮਿਸ਼ਨ ਫ਼ਤਹਿ ਦਾ ਝੰਡਾ ਬਰਦਾਰ ਰਿਹਾ ਸਿੱਖਿਆ ਵਿਭਾਗ
ਚਾਲੂ ਸਾਲ ਦੌਰਾਨ ਸਮਾਰਟ ਫੋਨ ਵੰਡਣ, ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ, ਸਮਾਰਟ ਸਕੂਲ ਬਨਾਉਣ ਤਕਰੀਬਨ 15 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ, ਤੇ ਸਕੂਲੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਵਰਗੇ ਅਹਿਮ ਕਦਮ ਪੁੱਟੇ
ਚੰਡੀਗੜ੍ਹ, 29 ਦਸੰਬਰ
ਪੰਜਾਬ ਸਰਕਾਰ ਨੇ ਚਾਲੂ ਸਾਲ ਦੌਰਾਨ ਸਕੂਲੀ ਸਿੱਖਿਆ ਦੀ ਕਾਇਆ-ਕਲਪ ਹੋਏ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ, ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਪੜ੍ਹੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ, ਸਮਾਰਟ ਸਕੂਲ ਬਨਾਉਣ ਦੀ ਦਿਸ਼ਾ ਵੱਲ ਵੱਡੀ ਪ੍ਰਗਤੀ ਕਰਨ ਅਤੇ ਅਧਿਆਪਕਾਂ ਦੀਆਂ ਤਕਰੀਬਨ 15 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ ਅਤੇ ਸਕੂਲੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਵਰਗੇ ਅਹਿਮ ਕਦਮ ਪੁੱਟੇ ਹਨ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ’ਚ ਬਾਰ੍ਹਵੀਂ ਵਿੱਚ ਪੜ੍ਹਦੇ 1.74 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਫ਼ਤ ਮੁਹੱਈਆ ਕਰਨ ਲਈ ਮੁਹਿੰਮ ਆਰੰਭੀ ਹੈ। ਇਸ ਦੇ ਨਾਲ ਹੀ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਇਨਕਲਾਬੀ ਫੈਸਲਾ ਲਿਆ ਹੈ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਚਾਲੂ ਸਾਲ ਦੌਰਾਨ ਪ੍ਰੀ-ਪ੍ਰਾਇਮਰੀ ਸਿੱਖਿਆ ਲਈ 8393 ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਪ੍ਰਕਿਰਿਆ ਆਰੰਭੀ ਗਈ ਹੈ। ਸਿੱਧੀ ਭਰਤੀ ਰਾਹੀਂ 154 ਪਿ੍ਰੰਸੀਪਲਾਂ, 672 ਮੁੱਖ ਅਧਿਆਪਕਾਂ, 38 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, 375 ਸੈਂਟਰ ਹੈੱਡ ਟੀਚਰਾਂ ਅਤੇ 1558 ਹੈੱਡ ਟੀਚਰਾਂ ਦੀ ਨਿਯੁਕਤੀ ਕੀਤੀ ਗਈ ਹੈ । ਇਸ ਦੇ ਨਾਲ ਹੀ ਮਾਸਟਰ ਕਾਡਰ ਦੀਆਂ 3704, ਈਟੀਟੀ ਕਾਡਰ ਦੀਆਂ 2364 ਅਸਾਮੀਆਂ ਦੀ ਭਰਤੀ ਅਤੇ ਸਿੱਧੀ ਭਰਤੀ ਰਾਹੀਂ 173 ਪਿ੍ਰੰਸੀਪਲਾਂ, 337 ਹੈੱਡਮਾਸਟਰਾਂ  ਅਤੇ 75 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਭਰਤੀ ਦੀ ਪ੍ਰਕਿਰਿਆ ਆਰੰਭੀ ਗਈ ਹੈ।
ਬੁਲਾਰੇ ਅਨੁਸਾਰ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਅਤੇ ਨਤੀਜਿਆਂ ਵਿੱਚ ਵੀ ਸਿੱਖਿਆ ਵਿਭਾਗ ਨੇ ਵੱਡੀ ਪ੍ਰਾਪਤੀ ਕੀਤੀ ਹੈ। ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ 3.30 ਲੱਖ ਬੱਚਿਆਂ ਦਾ ਦਾਖ਼ਲਾ ਹੋਇਆ ਹੈ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲਿਆਂ ਵਿੱਚ ਇਸ ਵਾਰ 14.08 ਪ੍ਰਤੀਸਤ ਦਾ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਬੋਰਡ ਦੀ ਬਾਰ੍ਹਵੀਂ ਜਮਾਤ ਦੇ ਮਾਰਚ-2020 ਦੇ ਨਤੀਜਿਆਂ ਵਿੱਚ 96.95 ਫੀਸਦੀ ਪਾਸ-ਪ੍ਰਤੀਸ਼ਤਤਾ ਨਾਲ ਸਰਕਾਰੀ ਸਕੂਲਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਭਾਗ ਨੇ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰਨ ਲਈ ਨਵਾਂ ਵਿਸ਼ਾ ‘ਸਵਾਗਤ ਜ਼ਿੰਦਗੀ’ ਸ਼ੁਰੂ ਕੀਤਾ ਗਿਆ। ਇਸੇ ਦੌਰਾਨ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਵੀ ਕਦਮ ਚੁੱਕੇ ਗਏ ਹਨ।
ਕੋਵਿਡ-19 ਕਾਰਨ ਹੋਏ ਲਾਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ‘ਪੰਜਾਬ ਐਜੂਕੇਅਰ ਐਪ’ ਲਾਂਚ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਲਗਾਤਾਰ ਪਾਠਕ੍ਰਮ ਨਾਲ ਜੋੜੀ ਰੱਖਿਆ। ਅਧਿਆਪਕਾਂ ਨੇ ‘ਘਰ ਬੈਠੇ ਸਿੱਖਿਆ’ ਪ੍ਰੋਗਰਾਮ ਤਹਿਤ ਆਨਲਾਈਨ ਵੀਡੀਓ ਅਤੇ ਆਡੀਓ ਕਲਾਸਰੂਮ ਸਥਾਪਿਤ ਕਰਕੇ ਕਰੋਨਾ ਦੇ ਸਮੇਂ ਦੌਰਾਨ ਵੀ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖੀ ਹੈ।
ਸਿੰੰਗਲਾ ਦੇ ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਵੱਲੋਂ ਪਹਿਲੀ ਵਾਰ ਪੰਜਾਬ ਪ੍ਰਾਪਤੀ ਸਰਵੇਖਣ ਨਾਲ ਵਿਦਿਆਰਥੀਆਂ ਦੇ ਸਿੱਖਣ ਦੇ ਪਰਿਣਾਮਾਂ ਦਾ ਮੁਲ਼ਾਂਕਣ ਕੀਤਾ ਗਿਆ। ਇਸ ਦੇ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਇਆ ਹੈ। ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਭਵਿੱਖ ਵਿੱਚ ਵਜ਼ੀਫਾ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਮੁਹਿੰਮ ਸ਼ੁਰੂ ਕਰਵਾਈ। ਸਿੱਖਿਆ ਵਿਭਾਗ ਨੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਸਮਰੱਥਾ ਨਿਰਮਾਣ ਦੇ  ਪ੍ਰੋਗਰਾਮ ਤਹਿਤ ਓਰੀਐਂਟੇਸ਼ਨ ਕਰਵਾਈ ਗਈ।
ਵਿਦਿਆਰਥੀਆਂ ਨੂੰ ਪੜ੍ਹਾਈ ਦੀਆਂ ਵਧੀਆ ਸਹੂਲਤਾਂ ਅਤੇ ਮਹੌਲ ਦੇਣ ਲਈ ਸੂਬੇ ਵਿੱਚ 6832 ਸਮਾਰਟ ਸਕੂਲ ਬਣਾਏ ਗਏ ਅਤੇ ਸਰਕਾਰੀ ਸਕੂਲਾਂ ਵਿੱਚ 4543 ਨਵੇਂ ਕਲਾਸ ਰੂਮ ਬਨਾਉਣ ਲਈ 341.17 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ। ਸਕੂਲਾਂ ਵਿੱਚ ਫਰਨੀਚਰ ਮੁਹੱਈਆ ਕਰਨ, ਬਿਲਡਿੰਗ ਐਜ਼ ਲਰਨਿੰਗ ਏਡ (ਬਾਲਾ) ਵਰਕ ਅਤੇ ਸਕੂਲਾਂ ਵਿੱਚ ਵਿੱਦਿਅਕ ਪਾਰਕਾਂ ਲਈ 35.15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸੇ ਦੌਰਾਨ ਹੀ ਸੂਬੇ ਦੇ ਸਕੂਲਾਂ ਨੂੰ ਪ੍ਰੋਜੈਕਟਰ ਅਤੇ ਟੈਬਲੇਟ ਦਿੱਤੇ ਗਏ ਹਨ।
ਬੁਲਾਰੇ ਅਨੁਸਾਰ ਆਈ.ਸੀ.ਟੀ. ਤਹਿਤ 613 ਸਕੂਲਾਂ ਵਿੱਚ ਨਵੀਆਂ ਕੰਪਿਊਟਰ ਲੈਬ ਸਥਾਪਤ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਸਕੂਲਾਂ ਵਿੱਚ 3048 ਨਵੇਂ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ।
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੇ ਆਨ-ਲਾਈਨ ਆਯੋਜਨ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਸ਼ਰਧਾ-ਭਾਵਨਾ ਭਰਪੂਰ ਸ਼ਮੂਲੀਅਤ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!