ਪੰਜਾਬ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦਾ ਸਾਬਕਾ ਡਾਇਰੈਕਟਰ ਧਰਮਿੰਦਰ ਸਿੰਘ ਸੰਧੂ ਗ੍ਰਿਫ਼ਤਾਰ

ਗ਼ੈਰ-ਕਾਨੂੰਨੀ ਤੌਰ 'ਤੇ ਨਿਯੁਕਤ ਇੱਕ ਹੋਰ ਡਾਇਰੈਕਟਰ ਸੰਦੀਪ ਮਾਹਲ ਅਤੇ ਸੀ.ਏ. ਡਾਂਗ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਕੀਤਾ ਜਾ ਚੁੱਕਾ ਚਾਰਜਸ਼ੀਟ

ਚੰਡੀਗੜ੍ਹ, 5 ਸਤੰਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਘੁਟਾਲੇ ਦੇ ਸਬੰਧ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਨਿਯੁਕਤ ਕੀਤੇ ਗਏ ਪੀ.ਏ.ਸੀ.ਐਲ. ਦੇ ਡਾਇਰੈਕਟਰਾਂ ਵਿੱਚੋਂ ਇੱਕ ਧਰਮਿੰਦਰ ਸਿੰਘ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੰਪਨੀ ਵੱਲੋਂ ਤਕਰੀਬਨ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨਾਲ ਲਗਭਗ 50,000 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫਰਾਰ ਮੁਲਜ਼ਮ ਧਰਮਿੰਦਰ ਸਿੰਘ ਸੰਧੂ ਵਾਸੀ ਰਾਮਾ ਮੰਡੀ, ਜਲੰਧਰ ਨੂੰ ਆਈ.ਪੀ.ਸੀ. ਦੀ ਧਾਰਾ 406, 420, 465, 467, 468, 471, 384 ਅਤੇ 120 ਬੀ ਤਹਿਤ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ, ਐਸ.ਏ.ਐਸ. ਨਗਰ, ਪੰਜਾਬ ਵਿਖੇ ਮਿਤੀ 21-02-2023 ਨੂੰ ਦਰਜ ਐਫ.ਆਈ.ਆਰ. ਨੰਬਰ 01 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੀ.ਏ.ਸੀ.ਐਲ. ਲਿਮ. ਦੀ ਐਕਸਟਰਾਔਰਡਨਰੀ ਜਨਰਲ ਬਾਡੀ ਮੀਟਿੰਗ (ਈ.ਓ.ਜੀ.ਐਮ.) ਮਿਤੀ 01-01-2022 ਨੂੰ ਜੈਪੁਰ (ਰਾਜਸਥਾਨ) ਵਿੱਚ ਮੈਸਰਜ਼ ਪੀ.ਏ.ਸੀ.ਐਲ. ਲਿਮਟਿਡ ਦੇ ਰਜਿਸਟਰਡ ਦਫ਼ਤਰ ਵਿੱਚ ਹੋਈ ਦਿਖਾਈ ਗਈ ਸੀ, ਜਦੋਂਕਿ ਇਹ ਦਫ਼ਤਰ 7-8 ਸਾਲਾਂ ਤੋਂ ਬੰਦ ਪਿਆ ਹੈ। ਇਸ ਤੋਂ ਇਲਾਵਾ ਈ.ਓ.ਜੀ.ਐਮ. ਦੀਆਂ ਫ਼ਰਜ਼ੀ ਪ੍ਰੋਸੀਡਿੰਗ ਦੇ ਆਧਾਰ ਉੱਤੇ ਪੀ.ਏ.ਸੀ.ਐਲ. ਦੇ ਤਿੰਨ ਨਵੇਂ ਡਾਇਰੈਕਟਰਾਂ ਹਿਰਦੇਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ ਅਤੇ ਧਰਮਿੰਦਰ ਸਿੰਘ ਸੰਧੂ ਦੀ ਨਿਯੁਕਤੀ ਕੀਤੀ ਗਈ, ਜਦੋਂਕਿ ਅਸਲ ਵਿੱਚ ਇਹ ਮੀਟਿੰਗ ਕਦੇ ਹੋਈ ਹੀ ਨਹੀਂ ਸੀ। ਉਕਤ ਮੁਲਜ਼ਮਾਂ ਨੇ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਜਸਵਿੰਦਰ ਸਿੰਘ ਡਾਂਗ ਰਾਹੀਂ ਰਜਿਸਟਰਾਰ ਆਫ਼ ਕੰਪਨੀਜ਼, ਜੈਪੁਰ ਕੋਲ ਆਪਣੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾਏ ਅਤੇ ਕੰਪਨੀ ਮਾਮਲਿਆਂ ਬਾਰੇ ਮੰਤਰਾਲੇ (ਐਮ.ਸੀ.ਏ.) ਦੀ ਵੈੱਬਸਾਈਟ ‘ਤੇ ਪੀ.ਏ.ਸੀ.ਐਲ. ਲਿਮਟਿਡ ਦੇ ਡਾਇਰੈਕਟਰਾਂ ਵਜੋਂ ਆਪਣੇ ਨਾਂ ਦਰਜ ਕਰਵਾ ਲਏ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸੰਦੀਪ ਸਿੰਘ ਮਾਹਲ ਅਤੇ ਸੀ.ਏ. ਜਸਵਿੰਦਰ ਸਿੰਘ ਡਾਂਗ ਨੂੰ ਪਹਿਲਾਂ ਹੀ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ ਅਤੇ ਉਹ ਨਿਆਂਇਕ ਹਿਰਾਸਤ ਵਿੱਚ ਹਨ।
ਬੁਲਾਰੇ ਨੇ ਦੱਸਿਆ ਕਿ ਗੈਰ-ਕਾਨੂੰਨੀ ਤੌਰ ‘ਤੇ ਨਿਯੁਕਤ ਕੀਤੇ ਗਏ ਇਨ੍ਹਾਂ ਤਿੰਨਾਂ ਡਾਇਰੈਕਟਰਾਂ ਨੇ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਪ੍ਰਧਾਨਗੀ ਹੇਠ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੀ ਇਜਾਜ਼ਤ ਬਗ਼ੈਰ ਪੀ.ਏ.ਸੀ.ਐਲ. ਲਿਮਟਿਡ ਦੀਆਂ ਜਾਇਦਾਦਾਂ ਖ਼ਰੀਦਣ ਵਾਲੇ ਵੱਖ-ਵੱਖ ਵਿਅਕਤੀਆਂ ਨੂੰ ਸੰਦੀਪ ਸਿੰਘ ਮਾਹਲ ਦੇ ਦਸਤਖਤਾਂ ਹੇਠ ਨੋਟਿਸ ਜਾਰੀ ਕੀਤੇ ਅਤੇ ਉਨ੍ਹਾਂ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ।
ਦੱਸਣਯੋਗ ਹੈ ਕਿ ਪੀ.ਏ.ਸੀ.ਐਲ. ਲਿਮ. ਦੀਆਂ ਜਾਇਦਾਦਾਂ ਨੂੰ ਵੇਚਣ ਅਤੇ ਵਿਕਰੀ ਤੋਂ ਹੋਣ ਵਾਲੀ ਕਮਾਈ ਪੀ.ਏ.ਸੀ.ਐਲ. ਲਿਮ. ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕਰਨ ਵਾਸਤੇ ਸੁਪਰੀਮ ਕੋਰਟ ਦੇ ਹੁਕਮਾਂ ਉਤੇ ਜਸਟਿਸ (ਸੇਵਾਮੁਕਤ) ਆਰ. ਐਮ. ਲੋਢਾ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਗਠਿਨ ਕੀਤੀ ਗਈ ਹੈ।
ਹਾਲ ਹੀ ਵਿੱਚ, ਕੰਪਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਪੀ.ਏ.ਸੀ.ਐਲ. ਲਿਮਟਿਡ ਦੇ ਡਾਇਰੈਕਟਰਾਂ ਦੀ ਸੂਚੀ ਵਿੱਚੋਂ ਹਿਰਦੇਪਾਲ ਸਿੰਘ ਢਿੱਲੋਂ, ਸੰਦੀਪ ਸਿੰਘ ਮਾਹਲ ਅਤੇ ਧਰਮਿੰਦਰ ਸਿੰਘ ਸੰਧੂ ਦੇ ਨਾਂ ਹਟਾ ਦਿੱਤੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!