ਧਰਮ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਿੱਖੀ ਫਲਸਫੇ ਨੂੰ ਉਭਾਰਨ ਲਈ ਮੋਦੀ ਸਰਕਾਰ ਦੇ ਸੁਹਿਰਦ ਯਤਨ* , *”ਵੀਰ ਬਾਲ ਦਿਵਸ” ‘ਤੇ ਵਿਸ਼ੇਸ਼
* ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ‘ਤੇ ਮਨਾਉਣ ਦੇ ਫੈਸਲੇ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖ ਇਤਿਹਾਸ ਅਤੇ ਗੌਰਵਮਈ ਵਿਰਸੇ ਨੂੰ ਉਭਾਰਨ ਕੇ ਸਿੱਖੀ ਦੇ ਫਲਸਫੇ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਦਾ ਸਾਰਥਕ ਯਤਨ ਕਿਹਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਸ਼ਹੀਦੀ ਦਿਨ ਰਾਸ਼ਟਰੀ ਪੱਧਰ ‘ਤੇ ਮਨਾਉਣ ਦਾ ਐਲਾਨ ਕੀਤਾ ਸੀ । ਜਦ 7 ਸਾਲ ਅਤੇ 9 ਸਾਲ ਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਮੁਗਲ ਧਰਮ ਦੀ ਈਨ ਨਾ ਮੰਨੀ ਤਾਂ ਦੋਹਾਂ ਨੂੰ ਦੀਵਾਰਾਂ ਵਿੱਚ ਚਿਣ ਦਿੱਤਾ ਗਿਆ ਹੈ ਅਤੇ ਮਗਰੋਂ ਦੋਵਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਧਰਮ ਤੇ ਅਣਖ ਦੀ ਖਾਤਰ ਦਿੱਤੀ ਇਸ ਕੁਰਬਾਨੀ ਦੇ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਇਸ ਕੁਰਬਾਨੀ ਅਤੇ ਸਿੱਖ ਕੌਮ ਦੀ ਮਹੱਤਤਾ ਨੂੰ ਸਮਝਦਿਆਂ ਹੋਇਆ ਹੀ ਮੋਦੀ ਸਰਕਾਰ ਨੇ ਸ਼ਹੀਦੀ ਦਿਨ ਨੂੰ ਰਾਸ਼ਟਰੀ ਪੱਧਰ ‘ਤੇ ਮਨਾਉਣ ਦਾ ਫੈਸਲਾ ਲਿਆ। ਮੋਦੀ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਗੋਬਿੰਦ ਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਰੋਪ ਵੇਅ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਤੇਜ਼ ਗਤੀ ਵਾਲੀ ਵੰਦੇ ਭਾਰਤ ਟਰੇਨ ਸ਼ੂਰੂ ਕੀਤੀ ਗਈ, ਮੋਹਾਲੀ ਸਥਿਤ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਉਪਰ ਰੱਖਣ ਦਾ ਵੀ ਬਾਕਾਇਦਾ ਐਲਾਨ ਹੋਇਆ। ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਿੱਲੀ ਦੇ ਲਾਲ ਕਿਲੇ ‘ਤੇ ਰਾਸ਼ਟਰੀ ਪੱਧਰੀ ਸਮਾਗਮ ਸਿੱਖਾਂ ਨਾਲ ਕੇਂਦਰ ਦੀ ਦੂਰੀ ਘੱਟ ਕਰਨ ਲਈ ਸਾਰਥਕ ਕਦਮ ਮੰਨ ਸਕਦੇ ਹਾਂ। ਪਿਛਲੇ 8 ਸਾਲਾਂ ਵਿੱਚ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨੂੰ ਜਿੰਨੀ ਤਵੱਜੋਂ ਮੋਦੀ ਸਰਕਾਰ ਨੇ ਦਿੱਤੀ ਓਨੀ ਕਾਂਗਰਸ ਦੇ ਨਾਲ ਸਬੰਧਤ ਸਾਬਕਾ ਸਿੱਖ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਵੀ ਨਹੀਂ ਦੇ ਸਕੇ।
2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੇਂਦਰ ਵੱਲੋਂ ਸਿੱਖਾਂ ਨੂੰ ਠੰਡੀਆਂ ਹਵਾਵਾਂ ਆਉਣ ਦੀ ਸ਼ੁਰੂਆਤ ਹੋਈ ਜਿਹੜੀ ਲਗਾਤਾਰ ਜਾਰੀ ਹੈ । ਇਸ ਸਮੇਂ ਦੌਰਾਨ ਕੇਂਦਰ ਸਰਕਾਰ ਨੇ ਕਈ ਅਜਿਹੇ ਮਹੱਤਵਪੂਰਨ ਅਤੇ ਇਤਿਹਾਸਕ ਫ਼ੈਸਲੇ ਲਏ ਜਿਨ੍ਹਾਂ 1984 ਵਿੱਚ ਕੇਂਦਰ ਦੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਹਕੂਮਤ ਵੱਲੋਂ ਦਿੱਤੇ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਦਾ ਕੰਮ ਕੀਤਾ, ਭਾਵੇਂ ਆਜ਼ਾਦੀ ਤੋਂ ਬਾਅਦ ਹੀ ਕੇਂਦਰ ਤੇ ਸਿੱਖਾਂ ਵਿਚਕਾਰ ਕਈ ਮੰਗਾਂ ਨੂੰ ਲੈ ਕੇ ਟਕਰਾਅ ਚਲਦਾ ਰਿਹਾ ਅਤੇ ਪੰਜਾਬ ਦੇ ਰਵਾਇਤੀ ਸਿਆਸੀ ਲੀਡਰਾਂ ਨੇ ਸੂਬੇ ਅਤੇ ਟਕਰਾਓ ਘੱਟ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਰਾਜਨੀਤੀ ਖੇਡ ਕੇ ਸੱਤਾ ਸੁਖ ਭੋਗਿਆ , ਪਰ 84 ਤੋਂ ਬਾਅਦ ਕੇਂਦਰ ਅਤੇ ਪੰਜਾਬ ਦੇ ਸਬੰਧ ਇੰਨੇ ਕੁੜੱਤਣ ਭਰੇ ਹੋ ਗਏ ਕਿ ਸਿੱਖਾਂ ਨੂੰ ਦਿੱਲੀ ਬੇਗਾਨੀ ਲੱਗਣ ਲੱਗੀ। ਨਰਿੰਦਰ ਮੋਦੀ ਨੇ ਕੇਂਦਰ ਅਤੇ ਸਿੱਖਾਂ ਵਿਚਲੀ ਦੂਰੀ ਖਤਮ ਕਰਨ ਲਈ 84 ਦੇ ਕਤਲੇਆਮ ਲਈ ਜਿੰਮੇਵਾਰ ਦੋਸ਼ੀਆਂ ਨੂੰ ਸਜਾਵਾਂ ਦੇਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਤੇ ਉਸ ਨੂੰ ਅੰਜਾਮ ਤੱਕ ਪਹੁੰਚਾਇਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ ‘ਤੇ ਲਾਲ ਕਿਲੇ ਦਾ ਅਦਭੁੱਤ ਅਤੇ ਅਲੌਕਿਕ ਨਜ਼ਾਰਾ ਪੂਰੀ ਦੁਨੀਆਂ ਨੇ ਟੀ.ਵੀ ਚੈਨਲਾਂ ਰਾਹੀਂ ਵੇਖਿਆ । ਪ੍ਰਧਾਨ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿਚ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨੀ ਅਤੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ‘ਤੇ ਮਨਾਉਣਾ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਮੋਦੀ ਦੇ ਮਨ ਵਿਚ ਸਿੱਖਾਂ ਪ੍ਰਤੀ ਹਮਦਰਦੀ ਅਤੇ ਅਪਣੱਤ ਨੂੰ ਦਰਸਾਉਂਦਾ ਹੈ। ਕਈ ਅਜਿਹੀਆਂ ਉਦਾਹਰਨਾਂ ਮਿਲਣਗੀਆਂ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਸਿੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਅਹਿਮ ਐਲਾਨ ਕੀਤੇ ਗਏ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਕੇ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਵੀ ਨੂੰ ਹੈਰਾਨ ਕਰ ਦਿੱਤਾ ਸੀ । ਅਫਗਾਨਿਸਤਾਨ ਵਿਚ ਤਖਤਾਪਲਟ ਦੌਰਾਨ 500 ਤੋਂ ਵੱਧ ਸਿੱਖ ਸ਼ਰਨਾਰਥੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਅਤੇ ਮਾਣ-ਮਰਿਆਦਾ ਨਾਲ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਹੀ ਭਾਰਤ ਲਿਆਂਦੇ ਗਏ । ਪ੍ਰਧਾਨ ਮੰਤਰੀ ਮੋਦੀ ਦੀਆਂ ਹਦਾਇਤਾਂ ‘ਤੇ ਹੀ ਦੇਸ਼ ਦੇ ਸਾਰੇ ਰਾਜ ਭਵਨਾਂ ਵਿੱਚ ਗੁਰਬਾਣੀ ਦਾ ਕੀਰਤਨ ਕਰਵਾਇਆ ਗਿਆ ਸੀ। ਕੇਂਦਰ ਸਰਕਾਰ ਦੇ ਦਖਲ ਨਾਲ ਹੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤ ਦੀਆਂ ਅੰਬੈਸੀਆ ਵਿਚ ਸਿੱਖ ਧਰਮ ਨੂੰ ਪ੍ਰਮੁੱਖਤਾ ਦੇਣ ਲਈ ਕਦਮ ਚੁੱਕੇ ਗਏ। ਕਈ ਅਜਿਹੇ ਇਤਿਹਾਸਕ ਕੰਮ ਜਿਨ੍ਹਾਂ ਨੇ ਸਿੱਖਾਂ ਅਤੇ ਕੇਂਦਰ ਸਰਕਾਰ ਵਿਚਲੀ ਦੂਰੀ ਖਤਮ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। 1984 ਦੇ ਦਿੱਲੀ ਦੰਗਿਆਂ ਦੀ ਜਾਂਚ ਲਈ ਐਸ. ਆਈ. ਟੀ. ਬਣਾ ਕੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਕਰਨਾ ,ਪੀੜਤਾਂ ਨੂੰ ਪੰਜ-ਪੰਜ ਲੱਖ ਦੀ ਸਹਾਇਤਾ ਰਾਸ਼ੀ ਅਤੇ ਪੁਨਰਵਾਸ ਲਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨ , ਸਿੱਖਾਂ ਦੀ ਚਿਰਾਂ ਤੋਂ ਲਮਕਦੀ ਆ ਰਹੀ ਮੰਗ ਕਾਲੀ ਸੂਚੀ ਨੂੰ ਖਤਮ ਕਰਨਾ । ਕਾਲੀ ਸੂਚੀ ਖਤਮ ਹੋਣ ਨਾਲ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੂੰ ਓ. ਸੀ .ਆਈ ਕਾਰਡ ਅਤੇ ਭਾਰਤੀ ਵੀਜ਼ਾ ਲੈਣ ਵਿਚ ਸਹਾਇਤਾ ਮਿਲੀ ਅਤੇ ਕਈ ਵਰ੍ਹਿਆਂ ਤੋਂ ਪੰਜਾਬ ਮੁੜਨ ਦੀ ਇੱਛਾ ਰੱਖਣ ਵਾਲੇ ਪੰਜਾਬੀ ਮੁੜ ਆਪਣੇ ਪੂਰਵਜਾਂ ਦੀ ਧਰਤੀ ‘ਤੇ ਪੈਰ ਪਾਉਣ ਵਿਚ ਕਾਮਯਾਬ ਹੋਏ। ਦੇਸ਼ ਦੀ ਵੰਡ ਦੌਰਾਨ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਹਰ ਸਿੱਖ ਹਰ ਰੋਜ਼ ਕਰਦਾ ਸੀ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦੇ ਯਤਨਾਂ ਨਾਲ ਕਰਤਾਰਪੁਰ ਕੋਰੀਡੋਰ ਬਣਿਆ । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਪਨਾ ਸਾਕਾਰ ਹੋਇਆ। ਸਿੱਖ ਸੰਗਤ ਦੀ ਮੰਗ ‘ਤੇ ਵਿਚਾਰ ਉਪਰੰਤ ਹੀ ਕੇਂਦਰ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ 24 ਘੰਟੇ ਚੱਲਣ ਵਾਲੇ ਲੰਗਰ ਤੋਂ ਜੀ.ਐਸ.ਟੀ ਹਟਾਉਣ ਦਾ ਫ਼ੈਸਲਾ ਲਿਆ। ਜਲਿਆਂਵਾਲਾ ਬਾਗ ਦੇ ਸੁੰਦਰੀਕਰਨ ਲਈ 20 ਕਰੋੜ ਰੁਪਏ ਖਰਚਣੇ । ਆਪਣੇ ਵਿਦੇਸ਼ੀ ਦੌਰੇ ਦੌਰਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ਸਤਰ ਸਨਮਾਨ ਸਹਿਤ ਲਿਆਉਣਾ, 14 ਅਗਸਤ ਨੂੰ ਬਟਵਾਰੇ ਦੀ ਯਾਦਗਾਰ ਮਨਾਉਣਾ। ਪਵਿੱਤਰ ਗੁਰਧਾਮਾਂ ਨੂੰ ਸੜਕੀ ਅਤੇ ਹਵਾਈ ਮਾਰਗ ਰਾਹੀਂ ਆਪਸ ਵਿਚ ਜੋੜਨਾ ਅੰਮ੍ਰਿਤਸਰ ਤੋਂ ਨਾਂਦੇੜ ਲਈ ਹਵਾਈ ਉਡਾਨਾਂ ਕੇਂਦਰ ਸਰਕਾਰ ਦੇ ਉਹ ਮਹੱਤਵਪੂਰਨ ਕੰਮ ਹਨ ਜਿਹੜੇ ਅੱਜ ਤੱਕ ਕਿਸੇ ਵੀ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੇ ਗਏ। ਭਾਰਤ ਵਿੱਚ ਵਸਦੇ ਸਿੱਖਾਂ ਤੋਂ ਇਲਾਵਾ ਵਿਦੇਸ਼ੀ ਸਿੱਖ ਵੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਰੀਦ ਬਣਨ ਲੱਗੇ ਹਨ , ਪਿਛੇ ਜਿਹੇ ਇੰਗਲੈਂਡ ਅਤੇ ਕੈਨੇਡਾ ਵਿੱਚ ਰਹਿੰਦੇ ਸਿੱਖਾਂ ਵੱਲੋਂ ਸਿੱਖ ਧਰਮ ਲਈ ਕੀਤੇ ਫੈਸਲਿਆਂ ਕਰਕੇ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਗਈ ਸੀ। ਇੰਗਲੈਂਡ ਦੇ ਗੁਰਦੁਵਾਰਾ ਸਿੰਘ ਸਭਾ ਪਾਰਕ ਐਵੀਨਿਊ ਸਾਊਥਾਲ ਵਿਖੇ ਇਕੱਤਰ ਹੋਏ ਇੰਗਲੈਂਡ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਇਕ ਮਤਾ ਵੀ ਪਾਸ ਕੀਤਾ ਸੀ। ਇਸ ਤੋਂ ਇਲਾਵਾ ਕੈਨੇਡਾ ਤੋਂ ਸਿੱਖ ਆਗੂ ਸਵਰਗੀ ਰਿਪੁਦਮਨ ਸਿੰਘ ਮਲਿਕ ਜਿਨ੍ਹਾਂ ਵੱਲੋਂ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਸਲਾਹਿਆ ਗਿਆ ਸੀ। ਕੇਂਦਰ ਸਰਕਾਰ ਅਤੇ ਮੋਦੀ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹਿਤਾਂ ਦੀ ਸੁਰੱਖਿਆ ਲਈ ਅਹਿਮ ਉਪਰਾਲੇ ਕੀਤੇ ਭਾਵੇਂ ਵਿਰੋਧੀ ਪਾਰਟੀਆਂ ਕੁਝ ਪ੍ਰਚਾਰ ਕਰੀ ਜਾਣ ਪਰ ਪੰਜਾਬ ਦੇ ਲੋਕ ਵੀ ਹੁਣ ਮੰਨਣ ਲੱਗ ਪਏ ਹਨ ਕਿ ਪ੍ਰਧਾਨ ਮੰਤਰੀ ਸਿੱਖਾਂ ਪ੍ਰਤੀ ਸਕਾਰਾਤਮਕ ਸੋਚ ਰੱਖਦੇ ਹਨ । ਮੋਦੀ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਐਫ.ਸੀ.ਆਰ.ਏ. ਰਜਿਸਟ੍ਰੇਸ਼ਨ ਦਿੱਤੀ ਗਈ ਸੀ ਤਾਂ ਜੋ ਵਿਦੇਸ਼ਾਂ ਵਿਚ ਬੈਠੇ ਸ਼ਰਧਾਲੂ ਆਪਣੀ ਦਸਵੰਧ ਸਿੱਧੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਜ ਸਕਣ। ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ‘ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੀਆਂ ਵਿਸਥਾਰਤ ਯੋਜਨਾਵਾਂ ਬਣਾ ਕੇ ਸਾਲ ਭਰ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ। ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰਨ ਦਾ ਆਦੇਸ਼ ਦਿੱਤਾ ਅਤੇ ਇਸ ਲਈ ਫੰਡ ਜਾਰੀ ਕੀਤੇ। ਵਿੱਤ ਮੰਤਰਾਲੇ, ਭਾਰਤ ਸਰਕਾਰ ਨੇ ਗੁਰੂ ਜੀ ਨਾਲ ਸਬੰਧਤ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ। ਰੇਲਵੇ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਥਾਵਾਂ ਦਾ ਦੌਰਾ ਕਰਨ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂI ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੀ ਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ ਅਤੇ ਗੁਰੂ ਜੀ ਨੂੰ ਸਮਰਪਿਤ 350 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਕੇ ਸ਼ਰਧਾਂਜਲੀ ਭੇਟ ਕੀਤੀ। ਪੰਜਾਂ ਤਖਤਾਂ ਨੂੰ ਜੋੜਨ ਲਈ ਸੜਕ ਅਤੇ ਉਡਾਣ ਰਸਤੇ ਨੂੰ ਵਧੇਰੇ ਪਹੁੰਚਯੋਗ ਬਣਾਇਆ ਗਿਆ। ਗੁਰੂ ਸਾਹਿਬ ਨੂੰ ਸਮਰਪਿਤ 750 ਬਿਸਤਰਿਆਂ ਵਾਲੇ ਹਸਪਤਾਲ ਦੀ ਉਸਾਰੀ ਵੀ ਪ੍ਰਧਾਨਮੰਤਰੀ ਮੋਦੀ ਨੇ ਜਾਮਨਗਰ ਵਿੱਚ ਅਰੰਭ ਕਾਰਵਾਈ, ਜੋ ਨਿਰਮਾਣ ਅਧੀਨ ਹੈ। ਬੀਤੇ 8 ਸਾਲਾਂ ਵਿੱਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਅਤੇ ਪੰਜਾਬ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਅਪਣਾਇਆ । ਲੇਖਕ -ਹਰਦੀਪ ਸਿੰਘ ਗਿੱਲ ਸਾਬਕਾ ਮਾਨਤਾ ਪ੍ਰਾਪਤ ਪੱਤਰਕਾਰ ਅੰਮ੍ਰਿਤਸਰ ।- 9464120202