ਚੰਡੀਗੜ੍ਹ
ਭਗਵੰਤ ਮਾਨ ਸਿਰਫ ਇਸ ਲਈ ਆਏ ਕਿਉਂਕਿ ਮੈਂ ਅੱਜ ਸੰਗਰੂਰ ਆ ਰਿਹਾ ਸੀ: ਸੁਨੀਲ ਜਾਖੜ
ਚੋਣ ਕਮਿਸ਼ਨ ਨੂੰ ਅਪੀਲ ਕਿ ਆਦਰਸ਼ ਚੋਣ ਜਾਬਤੇ ਵਿਚੋਂ ਛੋਟ ਦਿੰਦੇ ਹੋਏ ਮ੍ਰਿਤਕਾਂ ਨੂੰ ਮੁਆਵਜਾ ਦੇਣ ਦੀ ਆਗਿਆ ਦਿੱਤੀ ਜਾਵੇ
ਸੰਗਰੂਰ, 24 ਮਾਰਚ ()— ਮੁੱਖ ਮੰਤਰੀ ਵੱਲੋਂ ਆਪਣੇ ਦਿੱਲੀ ਵਾਲੇ ਆਕਾਵਾਂ ਲਈ ਪੰਜਾਬ ਅਤੇ ਪੰਜਾਬੀਆਂ ਨੂੰ ਸ਼ਰਮਨਾਕ ਢੰਗ ਨਾਲ ਤਿਆਗਣ ਲਈ ਨਿਸ਼ਾਨਾ ਸਾਧਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਐਤਵਾਰ ਨੂੰ ਕਿਹਾ ਕਿ ਭਗਵੰਤ ਮਾਨ ਆਖਰਕਾਰ ਸ਼ਰਾਬ ਕਾਂਡ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਲਈ ਅੱਜ ਤਾਂ ਮਜਬੂਰ ਹੋਏ ਜਦ ਉਨ੍ਹਾਂ ਨੂੰ ਮੇਰੇ ਇੱਥੇ ਆਉਣ ਦੀ ਭਿਣਕ ਪਈ।
ਜਾਖੜ ਨੇ ਕਿਹਾ ਕਿ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਬੇਕਸੂਰ ਨਾਗਰਿਕਾਂ ਦੀਆਂ ਮੌਤਾਂ ਲਈ ਜਿੰਮੇਵਾਰ ਹਨ ਅਤੇ ਆਪਣੇ ਅਹੁਦੇ ਤੇ ਬਣੇ ਰਹਿਣ ਦੇ ਸਾਰੇ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਜਾਖੜ ਨੇ ਅੱਜ ਇੱਥੇ ਪਿੰਡ ਗੁੱਜਰਾ ਵਿੱਚ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਸ਼ਰਾਬ ਮਾਫੀਆ ਨੂੰ ‘ਆਪ’ ਦੀ ਗੈਰ—ਕਾਨੂੰਨੀ ਅਤੇ ਬਿਨਾਂ ਸ਼ਰਤ ਸਰਪ੍ਰਸਤੀ ਕਾਰਨ ਅੱਜ ਆਪਣੇ ਪਿਆਰੇ ਗੁਆ ਚੁੱਕੇ ਗਰੀਬ ਪਰਿਵਾਰਾਂ ਲਈ ਮੁੱਖ ਮੰਤਰੀ ਕੋਲ ਸਮਾਂ ਨਹੀਂ ਹੈ।
ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਗਏ ਕੇਜਰੀਵਾਲ ਦੀ ਵਧੇਰੇ ਚਿੰਤਾ ਹੈ, ਜੋ ਪਹਿਲਾਂ ਹੀ ਦਿੱਲੀ ਆਬਕਾਰੀ ਸਕੈਂਡਲ ਵਿੱਚ ਆਪਣੀ ਭੂਮਿਕਾ ਲਈ ਕਟਹਿਰੇ ਵਿੱਚ ਹਨ। ਜਾਖੜ ਨੇ ਕਿਹਾ ਕਿ ਇਸ ਨਿਰਾਸ਼ਾ ਅਤੇ ਦੁਖਾਂਤ ਦੇ ਸਮੇਂ ਵਿੱਚ ਮੁੱਖ ਮੰਤਰੀ ਨੂੰ ਆਪਣੇ ਹਲਕੇ ਦੇ ਲੋਕਾਂ ਤੱਕ ਪਹੁੰਚਣ ਵਿੱਚ 100 ਘੰਟਿਆਂ ਤੋਂ ਵੱਧ ਦਾ ਸਮਾਂ ਲੱਗ ਗਿਆ।
ਪਰਿਵਾਰਾਂ ਨੂੰ ਭਰੋਸਾ ਦਿਵਾਉਂਦੇ ਹੋਏ, ਜਾਖੜ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਅਪੀਲ ਕਰਨਗੇ ਕਿ ਉਹ ਸੂਬਾ ਸਰਕਾਰ ਨੂੰ ਇਸ ਦੁਖਾਂਤ ਦੇ ਪੀੜਤਾਂ ਨੂੰ ਤੁਰੰਤ ਵੱਧ ਤੋਂ ਵੱਧ ਮੁਆਵਜ਼ਾ ਦੇਣ ਲਈ ਵਿਸ਼ੇਸ਼ ਇਜਾਜ਼ਤ ਦੇਣ। ਜਾਖੜ ਨੇ ਕਿਹਾ, ਮੈਂ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਚੋਣ ਜ਼ਾਬਤੇ ਦੇ ਬਹਾਨੇ ਉਨ੍ਹਾਂ ਸਾਰਿਆਂ ਨੂੰ ਬਣਦੀ ਵਿੱਤੀ ਰਾਹਤ ਦੇਣ ਤੋਂ ਭੱਜਣ ਨਹੀਂ ਦੇਵਾਂਗਾ।
ਜਾਖੜ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਦੱਸਿਆ ਕਿ ਪ੍ਰਭਾਵਿਤ ਪਰਿਵਾਰਕ ਮੈਂਬਰਾਂ ਨੂੰ ਜ਼ਬਰਦਸਤੀ ਘਰਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਇਸ ਲਈ ਉਹ ਮੀਡੀਆ ਦੇ ਸਾਹਮਣੇ ਨਹੀਂ ਆ ਸਕਦੇ ਅਤੇ ਨਾ ਹੀ ਮੁੱਖ ਮੰਤਰੀ ਨੂੰ ਮਿਲ ਕੇ ਆਪਣੇ ਦੁੱਖ ਸੁਣਾ ਸਕਦੇ ਹਨ। ਜਾਖੜ ਨੇ ਐਸਆਈਟੀ ਦੇ ਇੰਚਾਰਜ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨਾਲ ਫ਼ੋਨ ਤੇ ਗੱਲ ਕਰਨ ਤੋਂ ਬਾਅਦ ਕਿਹਾ ਕਿ ਕੁਝ ਲੋਕਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪੁੱਤਰਾਂ ਤੇ ਪੁਲਿਸ ਨੇ ਬਿਨਾਂ ਕਿਸੇ ਕਾਰਨ ਪੁਲਿਸ ਕਾਰਵਾਈ ਦਿਖਾਉਣ ਲਈ ਝੂਠਾ ਕੇਸ ਦਰਜ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਲੋਕ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਚਾਹੁੰਦੇ ਹਨ ਅਤੇ ਭਾਜਪਾ ਇਸ ਸਰਕਾਰ ਤੇ ਦਬਾਅ ਬਣਾਏਗੀ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਸਰਕਾਰ ਜੋ ਦਿੱਲੀ ਅਤੇ ਪੰਜਾਬ ਵਿਚ ਸ਼ਰਾਬ ਮਾਫੀਆ ਦੇ ਹੱਥਾਂ ਵਿਚ ਖੇਡਦੀ ਹੈ, ਇਸ ਦੋਸ਼ ਤੋਂ ਮੁਕਤ ਨਾ ਹੋਵੇ ਅਤੇ ਹੋਏ ਜਾਨੀ ਨੁਕਸਾਨ ਲਈ ਜਵਾਬਦੇਹ ਹੋਵੇ।
ਕੱਲ੍ਹ ਕਮਿਸ਼ਨ ਨੂੰ ਕੀਤੀ ਆਪਣੀ ਬੇਨਤੀ ਤੋਂ ਬਾਅਦ ਸਰਾਬ ਕਾਂਡ ਦੀ ਜਾਂਚ ਦੇ ਆਦੇਸ਼ ਦੇਣ ਲਈ ਰਾਜ ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹੋਏ ਜਾਖੜ ਨੇ ਕਿਹਾ ਕਿ ਪੂਰੀ ਜਾਂਚ ਨਾਲ ਪੰਜਾਬ ਵਿੱਚ ਸੱਤਾਧਾਰੀ ਆਪ ਅਤੇ ਸ਼ਰਾਬ ਮਾਫੀਆ ਵਿਚਕਾਰ ਗਠਜੋੜ ਦਾ ਖੁਲਾਸਾ ਹੋਵੇਗਾ।
ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਅਮਨ ਅਰੋੜਾ ਦੀਆਂ ਟਿੱਪਣੀਆਂ ਹੰਕਾਰ ਅਤੇ ਅਸੰਵੇਦਨਸ਼ੀਲਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦੀਆਂ ਟਿੱਪਣੀਆਂ ਅਸਲ ਵਿੱਚ ਆਪ ਸ਼ਾਸਨ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ ਜਿਸ ਲਈ ਭੋਲੇ—ਭਾਲੇ ਲੋਕ ਸਿਰਫ਼ ਵੋਟਰ ਹਨ ਅਤੇ ਉਨ੍ਹਾਂ ਦੀ ਜਿੰਦਗੀ ਉਨ੍ਹਾਂ ਲਈ ਮਾਇਨੇ ਨਹੀਂ ਰੱਖਦੀ। ਜਾਖੜ ਨੇ ਅੱਗੇ ਕਿਹਾ ਕਿ ਆਪ ਲਈ ਇਹ ਗੱਲ ਮਾਇਨੇ ਰੱਖਦੀ ਹੈ ਕਿ ਉਹ ਸ਼ਰਾਬ ਦੀ ਤਸਕਰੀ ਨੂੰ ਸਰਪ੍ਰਸਤੀ ਦੇ ਕੇ ਸ਼ਰਾਬ ਮਾਫੀਆ ਤੋਂ ਕਿੰਨਾ ਪੈਸਾ ਕਢਵਾ ਸਕਦੇ ਹਨ ਅਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੂੰ ਦੇ ਸਕਦੇ ਹਨ।
ਜਾਖੜ ਨੇ ਅੱਗੇ ਕਿਹਾ ਕਿ ਸਰਕਾਰ ਦੀ ਦੀ ਮੁੱਢਲੀ ਜਿੰਮੇਵਾਰੀ ਅਮਨ—ਕਾਨੂੰਨ ਨੂੰ ਬਣਾਈ ਰੱਖਣਾ ਅਤੇ ਨਾਗਰਿਕਾਂ ਦੀ ਜਾਨ—ਮਾਲ ਦੀ ਰਾਖੀ ਕਰਨਾ ਹੁੰਦੀ ਹੈ, ਜਿਸ ਨੂੰ ਆਪ ਦੀ ਸਰਕਾਰ ਨੇ ਬੇਸ਼ਰਮੀ ਨਾਲ ਤਿਆਗ ਦਿੱਤਾ ਹੈ।